ਵਾਇਰਲ ਵੀਡੀਓ ਮਾਮਲਾ : ਗੁਰੂਗ੍ਰਾਮ ਪੁਲਸ ਵੱਲੋਂ FIR ਦਰਜ
Tuesday, Jun 23, 2026 - 10:45 PM (IST)
ਗੁਰੂਗ੍ਰਾਮ : ਪੰਜਾਬ ਦੇ ਮੁੱਖ ਮੰਤਰੀ ਨਾਲ ਜੁੜੇ ਕਥਿਤ ਵੀਡੀਓ ਮਾਮਲੇ ਵਿਚ ਇੱਕ ਨਵਾਂ ਅਤੇ ਸਨਸਨੀਖੇਜ਼ ਮੋੜ ਆਇਆ ਹੈ। ਗੁਰੂਗ੍ਰਾਮ ਪੁਲਸ ਨੇ ਦਾਅਵਾ ਕੀਤਾ ਹੈ ਕਿ ਮੁੱਖ ਮੰਤਰੀ ਦੀ ਵੀਡੀਓ ਦੀ ਇੱਕ ਫਰਜ਼ੀ ਫੋਰੈਂਸਿਕ ਰਿਪੋਰਟ ਤਿਆਰ ਕਰਨ ਲਈ 10 ਲੱਖ ਰੁਪਏ ਦਾ ਸੌਦਾ ਹੋਇਆ ਸੀ, ਜਿਸ ਦੇ ਸਬੰਧ ਵਿਚ ਹੁਣ FIR ਦਰਜ ਕਰ ਲਈ ਗਈ ਹੈ। ਇਸ ਮਾਮਲੇ ਵਿਚ ਜੀਂਦ ਦੇ ਅੰਕਿਤ ਅਤੇ ਸਿਰਸਾ ਦੇ ਅਰੁਣ ਮਹਿੰਦਰੂ ਸਮੇਤ ਪੰਜਾਬ ਦੇ ਕਈ ਸੀਨੀਅਰ ਅਧਿਕਾਰੀਆਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ।
ਇਹ ਮਾਮਲਾ ਜਸਪ੍ਰੀਤ ਉਰਫ਼ ਜੱਸੀ ਨਾਮ ਦੇ ਵਿਅਕਤੀ ਦੀ ਸ਼ਿਕਾਇਤ 'ਤੇ ਦਰਜ ਹੋਇਆ ਹੈ, ਜੋ ਇੱਕ ਸਾਈਬਰ ਲੈਬ ਵਿੱਚ ਕੰਮ ਕਰਦਾ ਹੈ। ਜਸਪ੍ਰੀਤ ਅਨੁਸਾਰ, ਉਸ ਨੂੰ ਮੁੱਖ ਮੰਤਰੀ ਨਾਲ ਸਬੰਧਤ ਵਿਵਾਦਤ ਵੀਡੀਓ ਦੀ ਜਾਂਚ ਅਤੇ ਵਿਸ਼ਲੇਸ਼ਣ ਕਰਨ ਲਈ ਕੁਝ ਇਲੈਕਟ੍ਰਾਨਿਕ ਸਮੱਗਰੀ ਸੌਂਪੀ ਗਈ ਸੀ। ਜਾਂਚ ਤੋਂ ਬਾਅਦ ਜਸਪ੍ਰੀਤ ਨੇ ਕਿਹਾ ਕਿ ਵੀਡੀਓ ਦੀ ਗੁਣਵੱਤਾ ਅਜਿਹੀ ਨਹੀਂ ਹੈ ਕਿ ਉਸ 'ਤੇ ਕੋਈ ਭਰੋਸੇਯੋਗ ਵਿਗਿਆਨਕ ਸਿੱਟਾ ਕੱਢਿਆ ਜਾ ਸਕੇ ਜਾਂ ਉਸ ਦਾ ਪੁਖਤਾ ਡੀਪਫੇਕ ਟੈਸਟ ਕੀਤਾ ਜਾ ਸਕੇ। ਉਸ ਨੇ ਇਹ ਵੀ ਸਾਫ਼ ਕਰ ਦਿੱਤਾ ਸੀ ਕਿ ਉਹ ਖੁਦ ਅਜਿਹੀ ਕੋਈ ਅਧਿਕਾਰਤ ਜਾਂ ਪ੍ਰਮਾਣਿਤ ਮਾਹਿਰ ਰਾਏ ਦੇਣ ਲਈ ਅਧਿਕਾਰਤ ਨਹੀਂ ਹੈ।
ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਜਦੋਂ ਉਸ ਨੇ ਅਧਿਕਾਰੀਆਂ ਦੀ ਇੱਛਾ ਅਨੁਸਾਰ ਰਿਪੋਰਟ ਦੇਣ ਤੋਂ ਮਨ੍ਹਾ ਕਰ ਦਿੱਤਾ ਤਾਂ ਕੁਝ ਸੀਨੀਅਰ ਅਧਿਕਾਰੀਆਂ ਅਤੇ ਹੋਰ ਲੋਕਾਂ ਨੇ ਉਸ 'ਤੇ ਦਬਾਅ ਪਾਇਆ। ਉਸ ਅਨੁਸਾਰ, ਉਸ ਨੂੰ ਡਰਾਇਆ-ਧਮਕਾਇਆ ਗਿਆ ਅਤੇ ਇੱਕ ਫਰਜ਼ੀ ਫੋਰੈਂਸਿਕ ਰਿਪੋਰਟ ਤਿਆਰ ਕਰਨ ਲਈ ਮਜਬੂਰ ਕੀਤਾ ਗਿਆ।
ਜਸਪ੍ਰੀਤ ਨੇ ਹਰਿਆਣਾ ਪੁਲਸ ਨੂੰ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਉਹ ਅਤੇ ਉਸ ਦਾ ਪਰਿਵਾਰ ਬਹੁਤ ਡਰਿਆ ਹੋਇਆ ਹੈ ਅਤੇ ਉਹ ਹੁਣ ਪੰਜਾਬ ਵਿਚ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ। ਉਸ ਨੇ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਨ ਨੂੰ ਗੰਭੀਰ ਖਤਰਾ ਦੱਸਦਿਆਂ ਹਰਿਆਣਾ ਪੁਲਸ ਤੋਂ ਤੁਰੰਤ ਸੁਰੱਖਿਆ ਦੀ ਮੰਗ ਕੀਤੀ ਹੈ।
ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਵੀ ਦਾਅਵਾ ਕੀਤਾ ਸੀ ਕਿ ਗੁਰੂਗ੍ਰਾਮ ਦੀ ਲੈਬ ਨੇ ਮੁੱਖ ਮੰਤਰੀ ਦੀ ਵੀਡੀਓ ਦੀ ਝੂਠੀ ਰਿਪੋਰਟ ਤਿਆਰ ਕੀਤੀ ਹੈ। ਪਹਿਲਾਂ ਪੁਲਸ ਨੇ ਲੈਬ ਸੰਚਾਲਕ ਦੀ ਗ੍ਰਿਫਤਾਰੀ ਤੋਂ ਇਨਕਾਰ ਕੀਤਾ ਸੀ, ਪਰ ਹੁਣ FIR ਦਰਜ ਹੋਣ ਨਾਲ ਇਸ ਮਾਮਲੇ ਨੇ ਸਿਆਸੀ ਰੂਪ ਲੈ ਲਿਆ ਹੈ। ਹਾਲਾਂਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਵਾਇਰਲ ਵੀਡੀਓ ਮਾਮਲੇ ਵਿਚ ਲੱਗੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ ਹੈ। 'ਆਪ' ਆਗੂਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਸ ਵੀਡੀਓ ਵਿਚ ਦਿਖਾਈ ਦੇਣ ਵਾਲਾ ਵਿਅਕਤੀ ਭਗਵੰਤ ਮਾਨ ਨਹੀਂ ਬਲਕਿ ਕੋਈ ਹੋਰ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
