ਕਮਲਾ ਹੈਰਿਸ ਨੇ ਸਰਕਾਰੀ ਕੰਮਕਾਜ ਮੁੜ ਸ਼ੁਰੂ ਕਰਨ ਦੀ ਕੀਤੀ ਅਪੀਲ
Friday, Jan 25, 2019 - 05:49 PM (IST)

ਵਾਸ਼ਿੰਗਟਨ (ਭਾਸ਼ਾ)— ਭਾਰਤੀ ਮੂਲ ਦੀ ਪਹਿਲੀ ਸੈਨੇਟਰ ਕਮਲਾ ਹੈਰਿਸ ਨੇ ਫੈਡਰਲ ਸਰਕਾਰ ਦੇ ਠੱਪ ਪਏ ਕੰਮਕਾਜ ਨੂੰ ਜਲਦੀ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ। ਕਮਲਾ ਨੇ ਸਾਲ 2020 ਵਿਚ ਹੋਣ ਵਾਲੀ ਅਮਰੀਕੀ ਰਾਸ਼ਟਰਪਤੀ ਚੋਣ ਲਈ ਹਾਲ ਵਿਚ ਹੀ ਆਪਣੀ ਉਮੀਦਵਾਰੀ ਦਾ ਐਲਾਨ ਕੀਤਾ ਹੈ। ਕੈਲੀਫੋਰਨੀਆ ਤੋਂ ਡੈਮੋਕ੍ਰੇਟਿਕ ਪਾਰਟੀ ਦੀ ਨੇਤਾ ਨੇ ਕਿਹਾ ਕਿ ਸੈਨੇਟ ਸਰਕਾਰ ਨੂੰ ਧਨ ਮੁਹੱਈਆ ਕਰਨ ਦੇ ਇਕ ਬਿੱਲ 'ਤੇ ਵੋਟਿੰਗ ਕਰੇਗਾ।
ਕਮਲਾ ਨੇ ਇਕ ਟਵੀਟ ਵਿਚ ਕਿਹਾ,''ਸਰਕਾਰੀ ਕੰਮਕਾਜ ਠੱਪ ਹੋਏ ਨੂੰ 34 ਦਿਨ ਬੀਤ ਚੁੱਕੇ ਹਨ।'' ਹੁਣ ਇਸ ਸਿਲਸਿਲੇ ਵਿਚ ਇਕ ਬਿੱਲ 'ਤੇ ਸੈਨੇਟ ਵਿਚ ਵੋਟਿੰਗ ਹੋਣ ਦਿਓ। ਗੌਰਤਲਬ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਮਰੀਕਾ-ਮੈਕਸੀਕੋ ਦੀ ਸਰਹੱਦ 'ਤੇ ਕੰਧ ਦੀ ਉਸਾਰੀ ਕਰਨਾ ਚਾਹੁੰਦੇ ਹਨ ਅਤੇ ਉਹ ਇਸ ਲਈ 5.7 ਅਰਬ ਡਾਲਰ ਚਾਹੁੰਦੇ ਹਨ। ਉਨ੍ਹਾਂ ਮੁਤਾਬਕ ਅਮਰੀਕਾ ਵਿਚ ਆਉਣ ਵਾਲੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਰੋਕਣਾ ਬਹੁਤ ਜ਼ਰੂਰੀ ਹੈ। ਉੱਥੇ ਡੈਮੋਕ੍ਰੇਟ ਨੇਤਾਵਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦਾ ਕਦਮ ਟੈਕਸ ਭੁਗਤਾਨ ਕਰਨ ਵਾਲਿਆਂ ਦੇ ਧਨ ਦੀ ਦੁਰਵਰਤੋਂ ਹੈ।
ਜ਼ਿਕਰਯੋਗ ਹੈ ਕਿ ਸਰਕਾਰੀ ਕੰਮਕਾਜ ਅੰਸ਼ਕ ਰੂਪ ਨਾਲ ਠੱਪ ਰਹਿਣ ਕਾਰਨ ਫੈਡਰਲ ਸਰਕਾਰ ਦੇ 8 ਲੱਖ ਕਰਮਚਾਰੀ ਖਾਸ ਵਿਭਾਗਾਂ ਵਿਚ ਕੰਮਕਾਜ ਨਹੀਂ ਕਰ ਪਾ ਰਹੇ ਹਨ। ਇਕ ਅੰਗਰੇਜ਼ੀ ਅਖਬਾਰ ਵਿਚ ਵੀਰਵਾਰ ਨੂੰ ਪ੍ਰਕਾਸ਼ਿਤ ਇਕ ਰਿਪੋਰਟ ਮੁਤਾਬਕ ਇੰਟਰਨੈੱਟ 'ਤੇ ਕਮਲਾ ਹੈਰਿਸ ਅਮਰੀਕੀ ਰਾਸ਼ਟਰਪਤੀ ਅਹੁਦੇ ਦੀ ਸਭ ਤੋਂ ਵੱਧ ਸਰਚ ਕੀਤੀ ਗਈ ਉਮੀਦਵਾਰ ਹੈ।