ਅਮਰੀਕਾ ਨੇ ਇਮਰਾਨ ਦੀ ਕੀਤੀ ਤਾਰੀਫ, ਮਸੂਦ ਲਈ ਕਹੀ ਇਹ ਗੱਲ

Thursday, May 02, 2019 - 12:33 PM (IST)

ਅਮਰੀਕਾ ਨੇ ਇਮਰਾਨ ਦੀ ਕੀਤੀ ਤਾਰੀਫ, ਮਸੂਦ ਲਈ ਕਹੀ ਇਹ ਗੱਲ

ਵਾਸ਼ਿੰਗਟਨ (ਭਾਸ਼ਾ)— ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਨੂੰ ਸੰਯਕੁਤ ਰਾਸ਼ਟਰ ਸੁਰੱਖਿਆ ਪਰੀਸ਼ਦ ਵਿਚ ਬੁੱਧਵਾਰ ਨੂੰ ਗਲੋਬਲ ਅੱਤਵਾਦੀ ਐਲਾਨਿਆ ਗਿਆ। ਇਸ ਫੈਸਲੇ 'ਤੇ ਵ੍ਹਾਈਟ ਹਾਊਸ ਵਿਚ ਰਾਸ਼ਟਰੀ ਸੁਰੱਖਿਆ ਪਰੀਸ਼ਦ ਦੇ ਬੁਲਾਰੇ ਗੈਰੇਟ ਮਾਰਕਿਸ ਨੇ ਕਿਹਾ,''ਮਸੂਦ ਅਜ਼ਹਰ ਨੂੰ ਗਲੋਬਲ ਅੱਤਵਾਦੀ ਐਲਾਨੇ ਜਾਣਾ ਪਾਕਿਸਤਾਨ ਵਿਚੋਂ ਅੱਤਵਾਦ ਨੂੰ ਜੜੋਂ ਪੁੱਟਣ ਅਤੇ ਦੱਖਣੀ ਏਸ਼ੀਆ ਵਿਚ ਸੁਰੱਖਿਆ ਅਤੇ ਸਥਿਰਤਾ ਕਾਇਮ ਕਰਨ ਦੀ ਅੰਤਰਰਾਸ਼ਟਰੀ ਵਚਨਬੱਧਤਾ ਨੂੰ ਦਰਸਾਉਂਦਾ ਹੈ।'' ਮਾਰਕਿਸ ਨੇ ਇਕ ਬਿਆਨ ਵਿਚ ਕਿਹਾ ਕਿ ਅਮਰੀਕਾ ਇਸ ਫੈਸਲੇ ਸਬੰਧੀ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ 1267 ਪਾਬੰਦੀ ਕਮੇਟੀ ਦੀ ਪ੍ਰਸ਼ੰਸਾ ਕਰਦਾ ਹੈ। 

ਜੈਸ਼-ਏ-ਮੁਹੰਮਦ ਨੂੰ ਸੰਯੁਕਤ ਰਾਸ਼ਟਰ ਪਹਿਲਾਂ ਹੀ ਗਲੋਬਲ ਅੱਤਵਾਦੀ ਸੰਗਠਨ ਐਲਾਨ ਚੁੱਕਾ ਹੈ। ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਵੀ ਇਸ ਕਦਮ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਅੱਤਵਾਦ ਵਿਰੁੱਧ ਇਹ ਅੰਤਰਰਾਸ਼ਟਰੀ ਭਾਈਚਾਰੇ ਅਤੇ ਅਮਰੀਕੀ ਕੂਟਨੀਤੀ ਦੀ ਜਿੱਤ ਹੈ। ਉਨ੍ਹਾਂ ਨੇ ਇਸ ਸਬੰਧੀ ਸਯੁੰਕਤ ਰਾਸ਼ਟਰ ਵਿਚ ਅਮਰੀਕੀ ਮਿਸ਼ਨ ਨੂੰ ਟਵੀਟ ਕਰ ਕੇ ਵਧਾਈ ਦਿੱਤੀ। ਇਸ ਦੌਰਾਨ ਅਮਰੀਕੀ ਵਿਦੇਸ਼ ਮੰਤਰਾਲੇ ਦੀ ਬੁਲਾਰਨ ਮੋਰਗਨ ਓਰਤਾਸਨ ਨੇ ਕਿਹਾ,''ਜੈਸ਼ ਕਈ ਅੱਤਵਾਦੀ ਹਮਲਿਆਂ ਲਈ ਜ਼ਿੰਮੇਵਾਰ ਰਿਹਾ ਹੈ। ਉਹ ਦੱਖਣੀ ਏਸ਼ੀਆ ਵਿਚ ਖੇਤਰੀ ਸਥਿਰਤਾ ਅਤੇ ਸ਼ਾਂਤੀ ਲਈ ਖਤਰਾ ਹੈ। ਗਲੋਬਲ ਅੱਤਵਾਦੀ ਐਲਾਨੇ ਜਾਣ ਦੇ ਬਾਅਦ ਸੰਯੁਕਤ ਰਾਸ਼ਟਰ ਦੇ ਸਾਰੇ ਮੈਂਬਰ ਦੇਸ਼ ਮਸੂਦ ਦੀਆਂ ਜਾਇਦਾਦਾਂ ਸੀਲ ਕਰਨ, ਯਾਤਰਾ ਪਾਬੰਦੀ ਅਤੇ ਹਥਿਆਰ ਸਬੰਧੀ ਪਾਬੰਦੀਆਂ ਲਗਾਏ ਜਾਣ ਲਈ ਵਚਨਬੱਧ ਹਨ।'' 

ਉਨ੍ਹਾਂ ਨੇ ਕਿਹਾ,''ਅਸੀਂ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਅੱਤਵਾਦ ਵਿਰੁੱਧ ਜ਼ਾਹਰ ਕੀਤੀ ਗਈ ਇਸ ਵਚਨਬੱਧਤਾ ਦੀ ਪ੍ਰਸ਼ੰਸਾ ਕਰਦੇ ਹਾਂ ਕਿ ਪਾਕਿਸਤਾਨ ਆਪਣੇ ਬਿਹਤਰ ਭਵਿੱਖ ਲਈ ਆਪਣੀ ਜ਼ਮੀਨ ਤੋਂ ਅੱਤਵਾਦੀਆਂ ਅਤੇ ਅੱਤਵਾਦੀ ਸਮੂਹਾਂ ਨੂੰ ਕੰਮ ਕਰਨ ਦੀ ਇਜਾਜ਼ਤ ਨਹੀਂ ਦੇਵੇਗਾ।''


author

Vandana

Content Editor

Related News