ਐਮਾਜ਼ੋਨ ਨੇ ਸ਼ੁਰੂ ਕੀਤੀ ਇਤਿਹਾਸ ਦੀ ਸਭ ਤੋਂ ਵੱਡੀ ਛਾਂਟੀ, ਜਾਣੋ ਭਾਰਤ ’ਤੇ ਕੀ ਹੋਵੇਗਾ ਅਸਰ
Friday, Nov 18, 2022 - 12:03 PM (IST)
ਨਿਊਯਾਰਕ (ਭਾਸ਼ਾ) – ਦੁਨੀਆ ਦੀ ਸਭ ਤੋਂ ਵੱਡੀ ਈ-ਕਾਮਰਸ ਕੰਪਨੀ ਐਮਾਜ਼ੋਨ ਨੇ ਆਪਣੇ ਇਤਿਹਾਸ ਦੀ ਸਭ ਤੋਂ ਵੱਡੀ ਛਾਂਟੀ ਸ਼ੁਰੂ ਕਰ ਦਿੱਤੀ ਹੈ। ਐਮਾਜ਼ੋਨ ਕੋਲ 31 ਦਸੰਬਰ 2021 ਦੇ ਅੰਕੜਿਆਂ ਮੁਤਾਬਕ ਲਗਭਗ 16 ਲੱਖ ਤੋਂ ਵੱਧ ਫੁਲ ਟਾਈਮ ਅਤੇ ਪਾਰਟ ਟਾਈਮ ਕਰਮਚਾਰੀ ਹਨ। ਕੰਪਨੀ ਆਪਣੇ 10000 ਤੋਂ ਵੱਧ ਕਰਮਚਾਰੀਆਂ ਨੂੰ ਕੱਢਣ ਜਾ ਰਹੀ ਹੈ। ਇਸ ਤੋਂ ਪਹਿਲਾਂ ਕੰਪਨੀ 2001 ਅਤੇ 2018 ’ਚ ਵੀ ਕਰਮਚਾਰੀਆਂ ਦੀ ਛਾਂਟੀ ਕਰ ਚੁੱਕੀ ਹੈ ਪਰ ਮੌਜੂਦਾ ਅੰਕੜਾ ਹੁਣ ਤੱਕ ਦਾ ਸਭ ਤੋਂ ਵੱਡਾ ਹੈ। ਕੰਪਨੀ ਨੇ ਮੰਗਲਵਾਰ ਨੂੰ ਕੈਲੀਫੋਰਨੀਆ ’ਚ ਆਪਣੇ ਖੇਤਰੀ ਅਧਿਕਾਰੀਆਂ ਨੂੰ ਸੂਚਿਤ ਕੀਤਾ ਕਿ ਵੱਖ-ਵੱਖ ਕੇਂਦਰਾਂ ਤੋਂ ਕਰੀਬ 260 ਲੋਕਾਂ ਨੂੰ ਕੱਢਿਆ ਜਾਏਗਾ। ਜਿਨ੍ਹਾਂ ਕੇਂਦਰਾਂ ਤੋਂ ਛਾਂਟੀ ਕੀਤੀ ਜਾਣ ਵਾਲੀ ਹੈ, ਉੱਥੇ ਡਾਟਾ ਸਾਇੰਟਿਸਟ, ਸਾਫਟਵੇਰ ਇੰਜੀਨੀਅਰ ਅਤੇ ਹੋਰ ਕਾਰਪੋਰੇਟ ਕਰਮਚਾਰੀ ਕੰਮ ਕਰਦੇ ਹਨ। ਛਾਂਟੀ ਦਾ ਇਹ ਕਦਮ 17 ਜਨਵਰੀ ਤੋਂ ਪ੍ਰਭਾਵ ’ਚ ਆਏਗਾ। ਐਮਾਜ਼ੋਨ ਦੇ ਦੁਨੀਆ ਭਰ ’ਚ 15 ਲੱਖ ਤੋਂ ਵੱਧ ਕਰਮਚਾਰੀ ਹਨ।
ਇਹ ਵੀ ਪੜ੍ਹੋ : ਹੁਣ ਨਹੀਂ ਹੋ ਸਕੇਗੀ LPG ਸਿਲੰਡਰ ਤੋਂ ਗੈਸ ਚੋਰੀ , ਸਰਕਾਰ ਨੇ ਲਿਆ ਵੱਡਾ ਫ਼ੈਸਲਾ
ਛਾਂਟੀ ਦੇ ਪਿੱਛੇ ਇਕ ਕਾਰਨ ਕੋਵਿਡ ਵੀ!
ਐਮਾਜ਼ੋਨ ਦੀ ਇਸ ਮਹੀਨੇ ਛਾਂਟੀ ਦੇ ਪਿੱਛੇ ਇਕ ਪ੍ਰਮੁੱਖ ਕਾਰਣ ਕੋਰੋਨਾ ਵਾਇਰਸ ਕਾਰਣ ਲੱਗਾ ਲਾਕਡਾਊਨ ਵੀ ਹੈ। ਲਾਕਡਾਊਨ ਕਾਰਨ ਲੋਕ ਘਰ ਤੋਂ ਬਾਹਰ ਨਹੀਂ ਨਿਕਲ ਰਹੇ ਸਨ, ਜਿਸ ਕਾਰਨ ਭਾਰਤ, ਅਮਰੀਕਾ ਸਮੇਤ ਪੂਰੀ ਦੁਨੀਆ ’ਚ ਈ-ਕਾਮਰਸ ਦੀ ਮਾਰਕੀਟ ਚਮਕਣ ਲੱਗੀ। ਆਈ. ਟੀ. ਅਤੇ ਸੋਸ਼ਲ ਮੀਡੀਆ ਕੰਨਪੀਆਂ ਵਾਂਗ ਈ-ਕਾਮਰਸ ਕੰਪਨੀ ਐਮਾਜ਼ੋਨ ਨੇ ਵੀ ਕੋਵਿਡ-19 ਦੌਰਾਨ ਕਾਫੀ ਫਾਇਦਾ ਉਠਾਇਆ ਪਰ ਜਿਵੇਂ ਹੀ ਲਾਕਡਾਊਨ ਖਤਮ ਹੋਇਆ, ਗਾਹਕ ਬਾਹਰ ਨਿਕਲਣ ਲੱਗੇ ਅਤੇ ਈ-ਕਾਮਰਸ ’ਤੇ ਨਿਰਭਰਤਾ ਘਟ ਗਈ। ਇਸ ਦਾ ਅਸਰ ਕੰਪਨੀਆਂ ਦੇ ਮਾਲੀਏ ’ਤੇ ਪਿਆ। ਐਮਾਜ਼ੋਨ ਤੋਂ ਪਹਿਲਾਂ ਟਵਿਟਰ ਅਤੇ ਮੇਟਾ ਵੀ ਕਰਮਚਾਰੀਆਂ ਦੀ ਛਾਂਟੀ ਸ਼ੁਰੂ ਕਰ ਚੁੱਕੇ ਹਨ, ਪਰ ਐਮਾਜ਼ੋਨ ਦਾ ਮਾਮਲਾ ਇਸ ਤੋਂ ਵੱਖ ਹੈ। ਐਮਾਜ਼ੋਨ ਇੰਟਰਨੈੱਟ ਦੇ ਨਾਲ ਹੀ ਈ-ਕਾਮਰਸ ਕਾਰੋਬਾਰ ’ਚ ਵੀ ਹੈ। ਜਿੱਥੇ ਕੰਪਨੀ ਬੀਤੇ ਲੰਮੇ ਸਮੇਂ ਤੋਂ ਘਾਟਾ ਝੱਲ ਰਹੀ ਹੈ। ਭਾਰਤ ’ਚ ਵੀ ਕੰਪਨੀ ਹਾਲੇ ਤੱਕ ਘਾਟੇ ਤੋਂ ਉੱਭਰ ਨਹੀਂ ਸਕੀ ਹੈ। ਦੁਨੀਆ ’ਚ ਐਮਾਜ਼ੋਨ ਪਹਿਲੀ ਅਜਿਹੀ ਕੰਪਨੀ ਬਣ ਗਈ ਹੈ, ਜਿਸ ਦਾ ਮਾਰਕੀਟ ਵੈਲਿਊਏਸ਼ਨ 1 ਲੱਖ ਕਰੋੜ ਡਾਲਰ (10 ਖਰਬ ਡਾਲਰ) ਘਟ ਗਿਆ ਹੈ। 21 ਜੂਨ ਨੂੰ ਜੈੱਫ ਬੇਜੋਸ ਦੀ ਕੰਪਨੀ ਐਮਾਜ਼ੋਨ ਦਾ ਬਾਜ਼ਾਰ ਮੁੱਲ 1.882 ਟ੍ਰਿਲੀਅਨ ਡਾਲਰ ਸੀ। ਉੱਥੇ ਹੀ ਇਸ ਹਫਤੇ ਇਹ 878 ਬਿਲੀਅਨ ਡਾਲਰ ਰਹਿ ਗਿਆ।
ਇਹ ਵੀ ਪੜ੍ਹੋ : ਬਿਊਟੀ ਅਤੇ ਪਰਸਨਲ ਕੇਅਰ ਕਾਰੋਬਾਰ ’ਚ ਐਂਟਰੀ ਕਰੇਗਾ ਟਾਟਾ, ਨਵੀਂ ਤਕਨੀਕ ਲੈ ਕੇ ਆ ਰਿਹਾ ਗਰੁੱਪ
ਭਾਰਤ ’ਤੇ ਕੀ ਅਸਰ
ਐਮਾਜ਼ੋਨ ਨੇ ਭਾਰਤ ’ਚ 2014 ’ਚ ਐਂਟਰੀ ਲਈ ਸੀ। ਕੰਪਨੀ ਭਾਰਤ ’ਚ ਆਪਣਾ ਕਾਰੋਬਾਰ ਤੇਜ਼ੀ ਨਾਲ ਫੈਲਾ ਰਹੀ ਹੈ ਪਰ ਭਾਰਤ ਫਿਲਹਾਲ ਐਮਾਜ਼ੋਨ ਨੂੰ ਮੁਨਾਫਾ ਨਹੀਂ ਦੇ ਪਾ ਰਿਹਾ ਹੈ। ਇਹੀ ਹਾਲ ਫਲਿੱਪਕਾਰਟ ਵਰਗੀਆਂ ਦੂਜੀਆਂ ਈ-ਕਾਮਰਸ ਕੰਪਨੀਆਂ ਦਾ ਵੀ ਹੈ ਜੋ ਲਗਾਤਾਰ ਘਾਟਾ ਝੱਲ ਰਹੀਆਂ ਹਨ। ਹੁਣ ਜਿੱਥੇ ਕੰਪਨੀ ਆਪਣੇ ਕਾਰੋਬਾਰੀ ਫੈਸਲਿਆਂ ’ਚ ਸਖਤੀ ਦਿਖਾ ਰਹੀ ਹੈ, ਇਸ ਨਾਲ ਭਾਰਤ ’ਚ ਵੀ ਅਸਰ ਦੇਖਣ ਨੂੰ ਮਿਲ ਸਕਦਾ ਹੈ। ਜੇ ਕੰਪਨੀ ਨਵੇਂ ਵੇਅਰਹਾਊਸ ਦੇ ਵਿਸਤਾਰ ਨੂੰ ਰੋਕਦੀ ਹੈ ਤਾਂ ਇਸ ਨੂੰ ਭਾਰਤ ਦੇ ਲਾਜਿਸਟਿਕ ਕਾਰੋਬਾਰ ’ਤੇ ਵੱਡੀ ਸੱਟ ਮੰਨਿਆ ਜਾ ਸਕਦਾ ਹੈ। ਉੱਥੇ ਹੀ ਜੌਬ ਮਾਰਕੀਟ ’ਤੇ ਵੀ ਇਸ ਦਾ ਅਸਰ ਪੈਣਾ ਲਾਜ਼ਮੀ ਹੈ।
ਇਹ ਵੀ ਪੜ੍ਹੋ : Twitter ਲਈ ਨਵੇਂ CEO ਦੀ ਭਾਲ 'ਚ Elon Musk, ਜਾਣੋ ਵਜ੍ਹਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।