ਬਾਈਡੇਨ ਦੇ ਸਹੁੰ ਚੁੱਕ ਸਮਾਗਮ ''ਚ ਕਵਿਤਾ ਪੜ੍ਹਨ ਵਾਲੀ ਅਮਾਂਡਾ ਗੋਰਮੈਨ ਬਾਰੇ ਜਾਣੋ ਖ਼ਾਸ ਗੱਲਾਂ
Friday, Jan 22, 2021 - 09:51 AM (IST)
ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ ਦੇ ਨਵੇਂ ਬਣੇ ਰਾਸ਼ਟਰਪਤੀ ਜੋਅ ਬਾਈਡੇਨ ਦੇ ਸਹੁੰ ਚੁੱਕ ਸਮਾਗਮ ਵਿਚ ਇਕ 22 ਸਾਲਾ ਕੁੜੀ ਨੇ ਕਵਿਤਾ ਰਾਹੀਂ ਆਪਣੀ ਪੇਸ਼ਕਾਰੀ ਦਿੱਤੀ ਹੈ। ਅਮਾਂਡਾ ਗੋਰਮੈਨ ਨਾਮ ਦੀ ਇਸ ਕੁੜੀ ਨੇ ਕਈ ਇਤਿਹਾਸਕ ਮੌਕਿਆਂ ਲਈ ਕਵਿਤਾਵਾਂ ਲਿਖੀਆਂ ਪਰ ਇਸ ਸਮਾਗਮ ਦੌਰਾਨ ਹੁਣ ਗੋਰਮੈਨ ਨੇ ਸਭ ਤੋਂ ਛੋਟੀ ਉਦਘਾਟਨੀ ਕਵਿੱਤਰੀ ਵਜੋਂ ਪੇਸ਼ਕਾਰੀ ਕਰਕੇ ਇਕ ਵੱਡਾ ਸਨਮਾਨ ਪ੍ਰਾਪਤ ਕੀਤਾ ਹੈ।
ਉਸ ਨੇ ਆਪਣੀ ਰਚਨਾ "ਦਿ ਹਿਲ ਵੀ ਕਲਾਂਇਬ" ਨੂੰ ਕੈਪੀਟਲ ਵਿਚ ਜੋਅ ਬਾਈਡੇਨ, ਕਮਲਾ ਹੈਰਿਸ ਅਤੇ ਸਮੁੱਚੇ ਰਾਸ਼ਟਰ ਦੇ ਸਾਹਮਣੇ ਪੇਸ਼ ਕੀਤਾ। ਅਮਾਂਡਾ ਗੋਰਮੈਨ ਨੇ ਕਿਹਾ ਕਿ ਇਸ ਸਮਾਗਮ ਦੌਰਾਨ ਮੇਰੀ ਉਮਰ ਵਿਚ ਪੇਸ਼ਕਾਰੀ ਕਰਨੀ ਹੈਰਾਨੀਜਨਕ ਹੈ। ਅਮਾਂਡਾ ਨੇ ਇਬਰਾਹਿਮ ਲਿੰਕਨ ਅਤੇ ਡਾ. ਮਾਰਟਿਨ ਲੂਥਰ ਕਿੰਗ ਜੂਨੀਅਰ ਦੇ ਭਾਸ਼ਣਾਂ ਦੀ ਖੋਜ ਕਰਕੇ ਲਿਖਣਾ ਸ਼ੁਰੂ ਕੀਤਾ ਪਰ ਇਸ ਸਮੇਂ ਕੈਪੀਟਲ ਵਿਚ ਹੋਏ ਦੰਗਿਆਂ ਨੇ ਉਸ ਉੱਪਰ ਬਹੁਤ ਪ੍ਰਭਾਵ ਪਾਇਆ ਅਤੇ ਹਿੰਸਕ ਦੰਗਿਆਂ ਨੇ ਉਸ ਦੀ ਕਵਿਤਾ ਅਤੇ ਸੰਦੇਸ਼ ਨੂੰ ਬਦਲ ਦਿੱਤਾ ਜੋ ਉਹ ਦੇਣਾ ਚਾਹੁੰਦੀ ਸੀ।
ਗੋਰਮੈਨ ਨੂੰ 19 ਸਾਲ ਦੀ ਉਮਰ ਵਿਚ ਦੇਸ਼ ਦੀ ਪਹਿਲੀ ਨੌਜਵਾਨ ਕਵਿੱਤਰੀ ਚੁਣਿਆ ਗਿਆ ਸੀ ਅਤੇ 16 ਦੀ ਉਮਰ ਵਿਚ ਉਹ ਲਾਸ ਏਂਜਲਸ ਦੀ ਛੋਟੀ ਉਮਰ ਵਾਲੀ ਕਵਿੱਤਰੀ ਬਣੀ ਸੀ । ਇਕ ਇਕੱਲੀ ਮਾਂ ਅਤੇ ਅੰਗਰੇਜ਼ੀ ਅਧਿਆਪਕ ਦੀ ਬੇਟੀ ਗੋਰਮੈਨ ਨੇ 2020 ਵਿਚ ਹਾਰਵਰਡ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਹੈ। ਇਸ ਦੇ ਇਲਾਵਾ ਗੋਰਮੈਨ ਬੱਚਿਆਂ ਲਈ ਇਕ ਕਿਤਾਬ "ਚੇਂਜ ਸਿੰਗਜ਼" ਨੂੰ ਸਤੰਬਰ ਵਿਚ ਰਿਲੀਜ਼ ਕਰਨ ਜਾ ਰਹੀ ਹੈ ।