ਨਵਾਜ਼ ਸ਼ਰੀਫ ਨੂੰ ਇਲਾਜ ਲਈ ਬ੍ਰਿਟੇਨ ਜਾਣ ਦੇਣਾ ਇਕ ''ਗਲਤੀ'' ਸੀ: ਇਮਰਾਨ ਖਾਨ
Saturday, Aug 29, 2020 - 02:03 AM (IST)

ਇਸਲਾਮਾਬਾਦ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਦੇਸ਼ ਛੱਡਣ ਤੇ ਇਲਾਜ ਦੇ ਲਈ ਬ੍ਰਿਟੇਨ ਜਾਣ ਦੀ ਆਗਿਆ ਦੇਣਾ ਇਕ 'ਗਲਤੀ' ਸੀ ਤੇ ਉਨ੍ਹਾਂ ਦੀ ਸਰਕਾਰ ਨੂੰ ਇਸ ਫੈਸਲੇ 'ਤੇ 'ਅਫਸੋਸ' ਹੈ।
ਲਾਹੌਰ ਹਾਈ ਕੋਰਟ ਨੇ ਸ਼ਰੀਫ ਨੂੰ ਇਲਾਜ ਦੇ ਲਈ ਚਾਰ ਹਫਤਿਆਂ ਦੇ ਲਈ ਵਿਦੇਸ਼ ਜਾਣ ਦੀ ਮਨਜ਼ੂਰੀ ਦਿੱਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਪਿਛਲੇ ਸਾਲ ਨਵੰਬਰ ਵਿਚ ਲੰਡਨ ਜਾਣ ਦੀ ਆਗਿਆ ਦਿੱਤੀ ਗਈ ਸੀ। ਸ਼ਰੀਫ ਨੇ ਕਾਨੂੰਨ ਵਿਵਸਥਾ ਦਾ ਪਾਲਣ ਕਰਨ ਦੇ ਆਪਣੇ ਇਤਿਹਾਸ ਦਾ ਹਵਾਲਾ ਦਿੰਦੇ ਹੋਏ ਅਦਾਲਤ ਵਿਚ ਹਲਫਨਾਮਾ ਦਾਇਰ ਕੀਤਾ ਸੀ ਤੇ ਕਿਹਾ ਸੀ ਕਿ ਉਹ ਚਾਰ ਹਫਤਿਆਂ ਦੇ ਅੰਦਰ ਜਾਂ ਡਾਕਟਰਾਂ ਵਲੋਂ ਸਿਹਤਮੰਦ ਐਲਾਨ ਕੀਤੇ ਜਾਣ 'ਤੇ ਪਾਕਿਸਤਾਨ ਪਰਤ ਆਉਣਗੇ। ਇਕ ਨਿਊਜ਼ ਏਜੰਸੀ ਨੂੰ ਵੀਰਵਾਰ ਨੂੰ ਦਿੱਤੇ ਆਪਣੇ ਇੰਟਰਵਿਊ ਵਿਚ ਖਾਨ ਨੇ ਕਿਹਾ ਕਿ ਸ਼ਰੀਫ ਨੂੰ ਪਾਕਿਸਤਾਨ ਤੋਂ ਜਾਣ ਦੀ ਆਗਿਆ ਦੇਣਾ ਇਕ ਗਲਤੀ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੂੰ ਸ਼ਰੀਫ ਤੋਂ ਪਾਬੰਦੀਆਂ ਹਟਾਉਣ ਦਾ ਅਫਸੋਸ ਹੈ। ਖਾਨ ਨੇ ਕਿਹਾ ਕਿ ਹੁਣ ਮੈਂ ਸ਼ਰਮਿੰਦਾ ਹਾਂ। ਹੁਣ ਉਨ੍ਹਾਂ ਨੇ ਉਥੋਂ ਵੀ ਸਿਆਸਤ ਕਰਨੀ ਸ਼ੁਰੂ ਕਰ ਦਿੱਤੀ ਹੈ ਤੇ ਹੁਣ ਉਨ੍ਹਾਂ ਨੂੰ ਦੇਖੋਗੇ ਤਾਂ ਲੱਗੇਗਾ ਜਿਵੇਂ ਉਨ੍ਹਾਂ ਦੇ ਨਾਲ ਕੁਝ ਹੋਇਆ ਹੀ ਨਹੀਂ।
ਮਈ ਵਿਚ ਸੋਸ਼ਲ ਮੀਡੀਆ 'ਤੇ ਸ਼ਰੀਫ ਦੀ ਇਕ ਤਸਵੀਰ ਵਾਇਰਲ ਹੋਈ ਸੀ, ਜਿਸ ਵਿਚ ਉਹ ਲੰਡਨ ਦੇ ਇਕ ਕੈਫੇ ਵਿਚ ਆਪਣੇ ਪਰਿਵਾਰ ਦੇ ਨਾਲ ਚਾਹ ਪੀਂਦੇ ਨਜ਼ਰ ਆ ਰਹੇ ਹਨ। ਇਸ ਤਸਵੀਰ ਦੇ ਵਾਇਰਲ ਹੋਣ ਤੋਂ ਬਾਅਦ ਸ਼ਰੀਫ ਦੇ ਸਿਹਤਮੰਦ ਹੋਣ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਸੀ ਤੇ ਸੱਤਾਧਾਰੀ ਦੱਲ ਤਹਿਰੀਕ-ਏ-ਇਨਸਾਫ ਦੇ ਮੈਂਬਰਾਂ ਨੇ ਉਨ੍ਹਾਂ ਨੂੰ ਵਾਪਸ ਪਾਕਿਸਤਾਨ ਲਿਆਕੇ ਭ੍ਰਿਸ਼ਟਾਚਾਰ ਦੇ ਮਾਮਲੇ ਚਲਾਉਣ ਦੀ ਮੰਗ ਕੀਤੀ ਸੀ।