ਮੇਰੇ ''ਤੇ ਲੱਗੇ ਦੋਸ਼ਾਂ ਨਾਲ ਮੈਨੂੰ 2024 ਦੀਆਂ ਰਾਸ਼ਟਰਪਤੀ ਚੋਣਾਂ ''ਚ ਫਾਇਦਾ ਮਿਲੇਗਾ : ਟਰੰਪ
Saturday, Aug 05, 2023 - 04:26 PM (IST)
ਮਿੰਟਗੁਮਰੀ (ਭਾਸ਼ਾ) : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਅਪਰਾਧਿਕ ਮਾਮਲੇ ‘ਚ ਤੀਜੀ ਵਾਰ ਅਦਾਲਤ ‘ਚ ਪੇਸ਼ ਹੋਣ ਤੋਂ ਬਾਅਦ ਸ਼ੁੱਕਰਵਾਰ ਰਾਤ ਸਰਕਾਰੀ ਵਕੀਲਾਂ ‘ਤੇ ਵਰ੍ਹਦਿਆਂ ਕਿਹਾ ਕਿ ਉਨ੍ਹਾਂ ‘ਤੇ ਲੱਗੇ ਦੋਸ਼ਾਂ ਨਾਲ ਉਨ੍ਹਾਂ ਨੂੰ 2024 ਦੀ ਰਾਸ਼ਟਰਪਤੀ ਚੋਣ ਮੁਹਿੰਮ ‘ਚ ਫਾਇਦਾ ਮਿਲੇਗਾ। ਟਰੰਪ ਨੇ ਅਲਾਬਾਮਾ ਵਿੱਚ ਰਿਪਬਲਿਕਨ ਡਿਨਰ ਦੌਰਾਨ ਕਿਹਾ, "ਜਦੋਂ ਵੀ ਉਹ ਮੁਕੱਦਮਾ ਦਾਇਰ ਕਰਦੇ ਹਨ, ਸਾਨੂੰ ਚੋਣਾਂ ਵਿੱਚ ਬੜ੍ਹਤ ਮਿੱਲ ਜਾਂਦੀ ਹੈ। ਇਸ ਚੋਣ ਦਾ ਅੰਤ ਕਰਨ ਲਈ ਸਾਨੂੰ ਇੱਕ ਹੋਰ ਇਲਜ਼ਾਮ ਦੀ ਲੋੜ ਹੈ। ਇੱਕ ਹੋਰ ਇਲਜ਼ਾਮ ਲੱਗਣ ਨਾਲ ਹੀ ਇਸ ਚੋਣ ਦਾ ਅੰਤ ਹੋ ਜਾਵੇਗਾ। ਕਿਸੇ ਨੂੰ ਮੌਕਾ ਨਹੀਂ ਮਿਲੇਗਾ।"
ਟਰੰਪ ਨੇ ਵੀਰਵਾਰ ਦੀ ਸੁਣਵਾਈ ਦੌਰਾਨ 2020 ਦੀਆਂ ਚੋਣਾਂ ਵਿਚ ਮਿਲੀ ਹਾਰ ਦੇ ਨਤੀਜਿਆਂ ਨੂੰ ਉਲਟਾਉਣ ਦੀਆਂ ਆਪਣੀਆਂ ਕੋਸ਼ਿਸ਼ਾਂ ਨਾਲ ਜੁੜੇ ਦੋਸ਼ਾਂ ਨੂੰ ਸਵੀਕਾਰ ਨਹੀਂ ਕੀਤਾ। ਟਰੰਪ ਖਿਲਾਫ ਇਸ ਸਾਲ ਸ਼ੁਰੂ ਹੋਇਆ ਇਹ ਤੀਜਾ ਮੁਕੱਦਮਾ ਹੈ। ਇਹ ਮਾਮਲਾ ਸਭ ਤੋਂ ਗੰਭੀਰ ਮੰਨਿਆ ਜਾ ਰਿਹਾ ਹੈ। ਫੈਡਰਲ ਸਰਕਾਰ ਨੇ ਟਰੰਪ 'ਤੇ ਸੱਤਾ ਦੇ ਸ਼ਾਂਤੀਪੂਰਨ ਤਬਾਦਲੇ ਵਿਚ ਰੁਕਾਵਟ ਪਾਉਣ ਲਈ ਇਕ ਯੋਜਨਾ ਬਣਾਉਣ ਦਾ ਦੋਸ਼ ਲਗਾਇਆ ਹੈ। 6 ਜਨਵਰੀ 2021 ਨੂੰ ਜਦੋਂ ਸੰਸਦ ਰਾਸ਼ਟਰਪਤੀ ਚੋਣ ਵਿੱਚ ਜੋਅ ਬਾਈਡੇਨ ਦੀ ਜਿੱਤ ਦੀ ਪੁਸ਼ਟੀ ਕਰਨ ਵਾਲੀ ਸੀ, ਤਾਂ ਟਰੰਪ ਦੇ ਸਮਰਥਕਾਂ ਨੇ 'ਯੂਐੱਸ ਕੈਪੀਟਲ' (ਅਮਰੀਕੀਪਾਰਲੀਮੈਂਟ ਕੰਪਲੈਕਸ) ਵਿੱਚ ਧਾਵਾ ਬੋਲ ਦਿੱਤਾ ਅਤੇ ਭੰਨਤੋੜ ਕੀਤੀ। ਟਰੰਪ ਨੇ ਇਸ ਮਾਮਲੇ 'ਚ ਆਪਣੇ 'ਤੇ ਲਗਾਏ ਗਏ ਦੋਸ਼ਾਂ ਤੋਂ ਇਨਕਾਰ ਕੀਤਾ ਹੈ।