ਬਰੈਂਪਟਨ ਸਾਊਥ ਤੋਂ ਐੱਮ. ਪੀ. ਸੋਨੀਆ ਸਿੱਧੂ ਨਾਲ ਖਾਸ ਗੱਲਬਾਤ (ਵੀਡੀਓ)

06/22/2018 8:08:11 PM

ਓਨਟਾਰੀਓ— ਓਨਟਾਰੀਓ 'ਚ ਸਥਾਨਕ ਵਾਸੀਆਂ ਅਤੇ ਪੰਜਾਬੀ ਭਾਈਚਾਰੇ ਦੇ ਨਿਸ਼ਾਨੇ 'ਤੇ ਆਏ ਸਟੂਡੈਂਟਸ ਦਾ ਬਰੈਂਪਟਨ ਸਾਊਥ ਤੋਂ ਲਿਬਰਲ ਪਾਰਟੀ ਦੀ ਸੰਸਦ ਮੈਂਬਰ ਸੋਨੀਆ ਸਿੱਧੂ ਨੇ ਬਚਾਅ ਕੀਤਾ ਹੈ। ਸੋਨੀਆ ਨੇ ਕਿਹਾ ਹੈ ਕਿ ਪੜ੍ਹਾਈ ਲਈ ਕੈਨੇਡਾ ਆਉਣ ਵਾਲੇ ਸਾਰੇ ਸਟੂਡੈਂਟਸ ਬੁਰੇ ਨਹੀਂ ਹਨ ਅਤੇ ਥੋੜ੍ਹੇ-ਬਹੁਤ ਝਗੜਿਆਂ ਕਾਰਨ ਸਾਰੇ ਸਟੂਡੈਂਟਸ 'ਤੇ ਉਂਗਲੀ ਨਹੀਂ ਚੁੱਕਣੀ ਚਾਹੀਦੀ। 'ਜਗ ਬਾਣੀ' ਦੇ ਰਮਨਦੀਪ ਸਿੰਘ ਸੋਢੀ ਅਤੇ ਨਰੇਸ਼ ਕੁਮਾਰ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਸੋਨੀਆ ਨੇ ਆਪਣੇ ਸਿਆਸੀ ਜੀਵਨ, ਇਮੀਗ੍ਰੇਸ਼ਨ ਦੇ ਮੁੱਦਿਆਂ ਅਤੇ ਭਾਰਤ-ਕੈਨੇਡਾ ਵਿਚਾਲੇ ਸਬੰਧਾਂ 'ਤੇ ਵਿਸਥਾਰ ਨਾਲ ਚਰਚਾ ਕੀਤੀ। ਪੇਸ਼ ਹੈ ਸੋਨੀਆ ਸਿੱਧੂ ਨਾਲ ਹੋਈ ਪੂਰੀ ਗੱਲਬਾਤ-

ਤੁਹਾਡਾ ਪਰਿਵਾਰਕ ਪਿਛੋਕੜ ਕਿੱਥੋਂ ਹੈ ਅਤੇ ਤੁਸੀਂ ਕੈਨੇਡਾ ਕਿਵੇਂ ਆਏ?
ਜਵਾਬ - ਮੇਰਾ ਜਨਮ ਅੰਮ੍ਰਿਤਸਰ 'ਚ ਹੋਇਆ ਅਤੇ ਮੈਂ ਦਸਵੀਂ ਜਮਾਤ ਤੱਕ ਸਿੱਖਿਆ ਅੰਮ੍ਰਿਤਸਰ 'ਚ ਹੀ ਪੂਰੀ ਕੀਤੀ। ਇਸ ਤੋਂ ਬਾਅਦ ਉੱਚ ਸਿੱਖਿਆ ਲੁਧਿਆਣਾ ਦੇ ਖਾਲਸਾ ਕਾਲਜ 'ਚੋਂ ਹਾਸਲ ਕੀਤੀ। 1992 'ਚ ਮੈਂ ਸਪਾਊਸ ਵੀਜ਼ੇ 'ਤੇ ਕੈਨੇਡਾ ਆਈ ਅਤੇ ਇਥੇ ਆ ਕੇ ਫਿਰ ਕੰਪਿਊਟਰ ਸਾਇੰਸ ਅਤੇ ਮੈਡੀਕਲ ਦੀ ਪੜ੍ਹਾਈ ਕੀਤੀ। ਅਸੀਂ ਪਹਿਲਾਂ ਵਿਨੀਪੈੱਗ ਰਹਿੰਦੇ ਸੀ ਪਰ ਬਾਅਦ ਵਿਚ ਅਸੀਂ ਬਰੈਂਪਟਨ 'ਚ ਰਹਿਣਾ ਸ਼ੁਰੂ ਕਰ ਦਿੱਤਾ।

ਕੈਨੇਡਾ ਦੀ ਸਿਆਸਤ 'ਚ ਕਿਵੇਂ ਆਏ?
ਜਵਾਬ - ਮੇਰੇ ਪਤੀ ਸਿਆਸਤ 'ਚ ਸਰਗਰਮ ਸਨ ਅਤੇ ਬਰੈਂਪਟਨ 'ਚ ਉਹ ਆਪਣੇ ਇਲਾਕੇ 'ਚੋਂ ਲਿਬਰਲ ਪਾਰਟੀ ਦੇ ਪ੍ਰਧਾਨ ਸਨ, ਲਿਹਾਜ਼ਾ ਮੈਨੂੰ ਉਨ੍ਹਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਮੈਂ ਕਈ ਵਾਰ ਚੋਣਾਂ ਦੌਰਾਨ ਲਿਬਰਲ ਪਾਰਟੀ ਦੇ ਉਮੀਦਵਾਰਾਂ ਲਈ ਪ੍ਰਚਾਰ 'ਚ ਸਹਿਯੋਗ ਕੀਤਾ। ਮੈਂ ਬਰੈਂਪਟਨ ਵਿਚ ਡਾਇਬਟੀਜ਼ ਐਜੂਕੇਟਰ ਵਜੋਂ 14 ਸਾਲ ਸੇਵਾਵਾਂ ਦਿੱਤੀਆਂ, ਲਿਹਾਜ਼ਾ ਮੇਰਾ ਲੋਕਾਂ ਨਾਲ ਸਿੱਧਾ ਰਾਬਤਾ ਬਣ ਗਿਆ। ਪਿਛਲੀਆਂ ਫੈਡਰਲ ਚੋਣਾਂ ਦੌਰਾਨ ਮੈਨੂੰ ਪਾਰਟੀ ਵਲੋਂ ਚੋਣ ਮੈਦਾਨ 'ਚ ਉਤਰਨ ਦਾ ਮੌਕਾ ਮਿਲਿਆ ਅਤੇ ਬਰੈਂਪਟਨ ਦੇ ਲੋਕਾਂ ਨੇ ਮੇਰੇ 'ਤੇ ਭਰੋਸਾ ਜ਼ਾਹਿਰ ਕਰਦਿਆਂ ਮੈਨੂੰ ਸੰਸਦ 'ਚ ਭੇਜਿਆ।

ਕੈਨੇਡਾ 'ਚ ਪੜ੍ਹਨ ਵਾਲੇ ਭਾਰਤੀ ਸਟੂਡੈਂਟਸ ਨੂੰ ਲੈ ਕੇ ਲੋਕਾਂ 'ਚ ਗੁੱਸਾ ਹੈ, ਤੁਸੀਂ ਇਸ ਬਾਰੇ ਕੀ ਸੋਚਦੇ ਹੋ?
ਜਵਾਬ - ਬਰੈਂਪਟਨ ਦਾ ਉਹ ਕਾਲਜ ਮੇਰੇ ਹੀ ਹਲਕੇ 'ਚ ਆਉਂਦਾ ਹੈ, ਜਿਥੇ ਭਾਰਤੀ ਮੂਲ ਦੇ ਸਟੂਡੈਂਟਸ ਪੜ੍ਹਾਈ ਕਰਨ ਆਉਂਦੇ ਹਨ। ਇਥੇ ਕਈ ਵਾਰ ਸਟੂਡੈਂਟਸ ਦੇ ਝਗੜੇ ਦੀ ਖਬਰ ਜ਼ਰੂਰ ਆਉਂਦੀ ਹੈ ਪਰ ਕੈਨੇਡਾ 'ਚ ਪੜ੍ਹਾਈ ਲਈ ਆਉਣ ਵਾਲੇ ਸਾਰੇ ਸਟੂਡੈਂਟਸ ਬੁਰੇ ਨਹੀਂ ਹਨ। ਸਟੂਡੈਂਟਸ ਦੇ ਝਗੜੇ ਹਰ ਥਾਂ ਹੁੰਦੇ ਹਨ। ਇਥੋਂ ਦੇ ਕੈਨੇਡੀਅਨ ਬੱਚੇ ਵੀ ਸਕੂਲਾਂ ਅਤੇ ਕਾਲਜਾਂ 'ਚ ਆਪਸ ਵਿਚ ਲੜਦੇ ਹਨ ਪਰ ਕੁਝ ਬੱਚਿਆਂ ਵਿਚਾਲੇ ਹੋਏ ਝਗੜੇ ਕਾਰਨ ਅਸੀਂ ਸਾਰੇ ਸਟੂਡੈਂਟਸ ਨੂੰ ਬੁਰਾ ਨਹੀਂ ਆਖ ਸਕਦੇ। ਇਨ੍ਹਾਂ ਸਟੂਡੈਂਟਸ ਕਾਰਨ ਕੈਨੇਡਾ ਦੀ ਆਰਥਿਕਤਾ ਨੂੰ ਹੁੰਗਾਰਾ ਮਿਲਦਾ ਹੈ। ਇਹ ਸਟੂਡੈਂਟਸ ਪੜ੍ਹਾਈ ਦੇ ਨਾਲ-ਨਾਲ ਮਿਹਨਤ ਕਰਦੇ ਹਨ ਅਤੇ ਦੇਸ਼ ਦੀ ਜੀ. ਡੀ. ਪੀ. 'ਚ ਯੋਗਦਾਨ ਪਾਉਂਦੇ ਹਨ। ਜੋ ਸਟੂਡੈਂਟ ਇਥੇ ਕਾਨੂੰਨ ਨੂੰ ਤੋੜਦਾ ਹੈ, ਉਸ ਖਿਲਾਫ ਕਾਲਜ ਮੈਨੇਜਮੈਂਟ ਅਤੇ ਪੁਲਸ ਵੀ ਸਖ਼ਤ ਕਾਰਵਾਈ ਕਰਦੀ ਹੈ। ਗੰਭੀਰ ਮਾਮਲਿਆਂ 'ਚ ਸ਼ਾਮਲ ਕੁਝ ਵਿਦਿਆਰਥੀ ਡਿਪੋਰਟ ਵੀ ਹੋਏ ਹਨ।

ਕੈਨੇਡਾ ਲਈ ਦੀਵਾਨਗੀ ਕਾਰਨ ਲੁੱਟ ਦਾ ਸ਼ਿਕਾਰ ਹੋ ਰਹੇ ਪੰਜਾਬੀ ਸਟੂਡੈਂਟਸ ਨੂੰ ਕੀ ਸੁਨੇਹਾ ਦਿਓਗੇ?
ਜਵਾਬ - ਮਾਂ-ਪਿਓ ਬਹੁਤ ਮਿਹਨਤ ਕਰ ਕੇ ਪੈਸੇ ਕਮਾਉਂਦੇ ਹਨ। ਇਹ ਪੈਸਾ ਫਰਜ਼ੀ ਟਰੈਵਲ ਏਜੰਟਾਂ ਕੋਲ ਖਰਾਬ ਨਾ ਕਰੋ। ਕੈਨੇਡਾ ਦੀ ਸਿੱਖਿਆ ਨੂੰ ਲੈ ਕੇ ਸਾਡੀ ਜਾਣਕਾਰੀ ਆਨਲਾਈਨ ਮੁਹੱਈਆ ਹੈ। ਜੇਕਰ ਤੁਸੀਂ ਸ਼ਰਤਾਂ ਪੂਰੀਆਂ ਨਹੀਂ ਕਰਦੇ ਅਤੇ ਤੁਹਾਡੇ ਕਾਗਜ਼ਾਤ ਪੂਰੇ ਨਹੀਂ ਹਨ ਤਾਂ ਕੋਈ ਤੁਹਾਡਾ ਸਟੱਡੀ ਵੀਜ਼ਾ ਮਿਲਣ ਦੀ ਗਾਰੰਟੀ ਨਹੀਂ ਲੈ ਸਕਦਾ। ਜੇਕਰ ਕੋਈ ਗਾਰੰਟੀ ਲੈਂਦਾ ਹੈ ਤਾਂ ਉਹ ਫਰਜ਼ੀਵਾੜਾ ਕਰ ਰਿਹਾ ਹੈ, ਉਸ ਤੋਂ ਬਚੋ ਅਤੇ ਆਪਣੇ ਪੈਸੇ ਖਰਾਬ ਨਾ ਕਰੋ। ਪੰਜਾਬ 'ਚ ਟਰੈਵਲ ਏਜੰਟ ਸਟੱਡੀ ਵੀਜ਼ਾ ਘੱਟ ਅਤੇ ਪੀ. ਆਰ. ਜ਼ਿਆਦਾ ਵੇਚ ਰਹੇ ਹਨ। ਸਟੂਡੈਂਟਸ ਪਹਿਲਾਂ ਇਸ ਗੱਲ ਦੀ ਪੜਤਾਲ ਜ਼ਰੂਰ ਕਰ ਲੈਣ ਕਿ ਜਿਸ ਕੋਰਸ ਵਿਚ ਉਹ ਦਾਖਲਾ ਲੈ ਰਹੇ ਹਨ, ਉਸ ਤਹਿਤ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਪੀ. ਆਰ. ਹਾਸਲ ਕਰਨ ਦਾ ਬਦਲ ਮੌਜੂਦ ਹੈ ਜਾਂ ਨਹੀਂ।

ਤੁਸੀਂ ਆਪਣੇ ਹਲਕੇ ਲਈ ਹੁਣ ਤੱਕ ਕੀ ਕੰਮ ਕੀਤਾ ਹੈ?
ਜਵਾਬ - ਮੈਂ ਸੰਸਦ ਦੀ ਹੈਲਥ ਕਮੇਟੀ ਵਿਚ ਹਾਂ ਅਤੇ ਇਹ ਕਮੇਟੀ ਪਿਛਲੇ ਦੋ ਸਾਲ ਤੋਂ ਨੈਸ਼ਨਲ ਫਾਰਮਾ ਕੇਅਰ ਨੀਤੀ 'ਤੇ ਕੰਮ ਕਰ ਰਹੀ ਹੈ। ਇਸ ਦੀ ਰਿਪੋਰਟ ਲਾਗੂ ਹੋਣ ਤੋਂ ਬਾਅਦ ਲੋਕਾਂ ਨੂੰ ਬੀਮਾਰ ਹੋਣ ਦੀ ਹਾਲਤ 'ਚ ਦਵਾਈਆਂ 'ਤੇ ਜ਼ਿਆਦਾ ਖਰਚ ਨਹੀਂ ਕਰਨਾ ਪਵੇਗਾ। ਇਸ ਤੋਂ ਇਲਾਵਾ ਮੈਂ ਡਾਇਬਟੀਜ਼ 'ਤੇ ਬਣੀ ਕਮੇਟੀ ਦੀ ਪ੍ਰਧਾਨਗੀ ਕਰਦੀ ਹਾਂ ਤੇ ਇਸ ਮਾਮਲੇ 'ਚ ਮੈਂ ਇਕ ਬਿੱਲ ਸੰਸਦ 'ਚ ਪੇਸ਼ ਕੀਤਾ ਹੈ। ਇਸ ਦੇ ਲਾਗੂ ਹੋਣ ਤੋਂ ਬਾਅਦ ਕੈਨੇਡਾ 'ਚ ਸ਼ੂਗਰ ਦੀ ਰੋਕਥਾਮ ਲਈ ਨੀਤੀ ਬਣੇਗੀ। ਜਿਥੋਂ ਤੱਕ ਮੇਰੇ ਆਪਣੇ ਹਲਕੇ ਦਾ ਸਵਾਲ ਹੈ, ਮੈਂ ਬਰੈਂਪਟਨ 'ਚ ਸਥਾਨਕ ਸਰਕਾਰ ਨਾਲ ਮਿਲ ਕੇ ਤਾਲਮੇਲ ਨਾਲ ਕੰਮ ਕੀਤਾ ਹੈ ਅਤੇ ਬੁਨਿਆਦੀ ਢਾਂਚੇ ਦੇ ਕਈ ਪ੍ਰਾਜੈਕਟ ਪਾਸ ਕਰਵਾਏ ਹਨ। ਬਰੈਂਪਟਨ ਦੇ ਸਾਰੇ ਪੰਜ ਸੰਸਦ ਮੈਂਬਰ ਇਸ ਮਾਮਲੇ 'ਚ ਮਿਲ ਕੇ ਵਿਕਾਸ ਲਈ ਸੰਸਦ 'ਚ ਆਵਾਜ਼ ਚੁੱਕਦੇ ਹਨ।

ਬਤੌਰ ਮਹਿਲਾ ਕੀ ਤੁਹਾਨੂੰ ਕਦੇ ਭੇਦਭਾਵ ਦਾ ਸਾਹਮਣਾ ਕਰਨਾ ਪਿਆ?
ਜਵਾਬ - ਕੈਨੇਡਾ 'ਚ ਲਿੰਗਿਕ ਭੇਦਭਾਵ ਬਹੁਤ ਘੱਟ ਹੋ ਰਿਹਾ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਸ ਮਾਮਲੇ 'ਚ ਬਹੁਤ ਹਾਂ-ਪੱਖੀ ਹਨ। ਉਨ੍ਹਾਂ ਨੇ ਆਪਣੀ ਕੈਬਨਿਟ 'ਚ ਕਈ ਔਰਤਾਂ ਨੂੰ ਥਾਂ ਦਿੱਤੀ ਹੈ। ਬਰੈਂਪਟਨ 'ਚ ਹੀ ਪੰਜ 'ਚੋਂ ਤਿੰਨ ਔਰਤਾਂ ਸੰਸਦ ਮੈਂਬਰ ਹਨ। ਇਸ ਤੋਂ ਇਲਾਵਾ ਇਥੋਂ ਦੀ ਮੇਅਰ ਅਤੇ ਪੁਲਸ ਮੁਖੀ ਵੀ ਔਰਤਾਂ ਹਨ। ਔਰਤਾਂ ਨੂੰ ਸੰਸਦ ਦੀਆਂ ਵੱਖ-ਵੱਖ ਕਮੇਟੀਆਂ 'ਚ ਵੀ ਥਾਂ ਦਿੱਤੀ ਗਈ ਹੈ।

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਭਾਰਤ ਦੌਰਾ ਅਸਫਲ ਕਿਉਂ ਹੋ ਗਿਆ?
ਜਵਾਬ- ਅਜਿਹਾ ਨਹੀਂ ਹੋਇਆ, ਇਹ ਬਹੁਤ ਸਫਲ ਦੌਰਾ ਸੀ, ਮੀਡੀਆ 'ਚ ਕੁਝ ਨੈਗੇਟਿਵ ਖਬਰਾਂ ਜ਼ਰੂਰ ਆਈਆਂ ਪਰ ਮੈਂ ਪ੍ਰਧਾਨ ਮੰਤਰੀ ਨਾਲ ਗਏ ਵਫਦ ਦਾ ਹਿੱਸਾ ਸੀ ਅਤੇ ਸਾਡਾ ਭਾਰਤ ਵਿਚ ਜ਼ਬਰਦਸਤ ਸਵਾਗਤ ਹੋਇਆ। ਖਾਸ ਤੌਰ 'ਤੇ ਅੰਮ੍ਰਿਤਸਰ ਅਤੇ ਗੁਜਰਾਤ ਵਿਚ ਲੋਕਾਂ ਨੇ ਬਹੁਤ ਸ਼ਾਨਦਾਰ ਸਵਾਗਤ ਕੀਤਾ। ਮੈਨੂੰ ਆਗਰਾ ਜਾਣ ਦਾ ਮੌਕਾ ਨਹੀਂ ਮਿਲ ਸਕਿਆ ਪਰ ਇਸ ਦੌਰੇ ਦੌਰਾਨ ਦੋਹਾਂ ਦੇਸ਼ਾਂ ਵਿਚਾਲੇ ਅਹਿਮ ਸਮਝੌਤੇ ਹੋਏ। ਅਸਲ ਵਿਚ ਦੋਹਾਂ ਦੇਸ਼ਾਂ ਵਿਚਕਾਰ ਡੂੰਘੇ ਸੰਸਕ੍ਰਿਤਕ ਸਬੰਧ ਹਨ। ਭਾਰਤ ਤੋਂ ਹਰ ਸਾਲ ਤਕਰੀਬਨ 3 ਲੱਖ ਯਾਤਰੀ ਕੈਨੇਡਾ ਆਉਂਦੇ ਹਨ ਅਤੇ ਤਕਰੀਬਨ ਸਵਾ ਲੱਖ ਭਾਰਤੀ ਵਿਦਿਆਰਥੀ ਕੈਨੇਡਾ ਵਿਚ ਪੜ੍ਹ ਰਹੇ ਹਨ ਲਿਹਾਜ਼ਾ ਦੋਹਾਂ ਦੇਸ਼ਾਂ 'ਚ ਮਜ਼ਬੂਤ ਰਿਸ਼ਤੇ ਹਨ ਪਰ ਮੀਡੀਆ ਦਾ ਫੋਕਸ ਨੈਗੇਟਿਵ ਖਬਰਾਂ 'ਤੇ ਸੀ, ਜਿਸ ਨਾਲ ਥੋਡ਼ਾ ਮਾਹੌਲ ਨੈਗੇਟਿਵ ਜ਼ਰੂਰ ਬਣਿਆ ਪਰ ਇਹ ਦੌਰਾ ਚੰਗਾ ਰਿਹਾ।

ਸਵਾਲ- ਭਾਰਤ ਦੇ ਵਿਕਾਸ ਨੂੰ ਤੁਸੀਂ ਕਿਸ ਤਰ੍ਹਾਂ ਨਾਲ ਦੇਖਦੇ ਹੋ ?
ਜਵਾਬ - ਭਾਰਤ ਨੇ ਪਿਛਲੇ ਕੁਝ ਸਾਲਾਂ 'ਚ ਕਾਫੀ ਵਿਕਾਸ ਕੀਤਾ ਹੈ। ਹਾਲ ਹੀ ਦੀ ਯਾਤਰਾ ਦੌਰਾਨ ਮੈਂ ਦੇਖਿਆ ਕਿ ਉਥੇ ਬੁਨਿਆਦੀ ਢਾਂਚੇ 'ਚ ਬਦਲਾਅ ਹੋਇਆ ਹੈ ਪਰ ਫਿਰ ਵੀ ਅਜੇ ਬਹੁਤ ਕੰਮ ਕੀਤਾ ਜਾਣਾ ਬਾਕੀ ਹੈ। ਖਾਸ ਤੌਰ 'ਤੇ ਸਿੱਖਿਆ ਅਤੇ ਸਿਹਤ ਤੋਂ ਇਲਾਵਾ ਔਰਤਾਂ ਨੂੰ ਬਰਾਬਰ ਅਧਿਕਾਰ ਦਿੱਤੇ ਜਾਣ ਵੱਲ ਕੰਮ ਕੀਤਾ ਜਾਣਾ ਚਾਹੀਦਾ ਹੈ।

ਕੀ ਓਨਟਾਰੀਓ ਚੋਣਾਂ ਦੇ ਨਤੀਜੇ ਦਾ ਅਸਰ ਫੈਡਰਲ ਚੋਣਾਂ 'ਤੇ ਪਵੇਗਾ?
ਜਵਾਬ - ਫੈਡਰਲ ਚੋਣਾਂ 'ਚ ਲੋਕ ਨੇਤਾ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਦੇਖ ਕੇ ਵੋਟ ਪਾਉਂਦੇ ਹਨ। ਇਥੇ ਸਿਆਸਤ ਭਾਰਤ ਵਰਗੀ ਨਹੀਂ ਹੈ ਅਤੇ ਸੂਬਾਈ ਤੇ ਫੈਡਰਲ ਪਾਰਟੀ 'ਚ ਬਹੁਤ ਫਰਕ ਹੁੰਦਾ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਜਨਤਾ 'ਚ ਹਰਮਨਪਿਆਰੇ ਹਨ ਅਤੇ ਲਿਬਰਲ ਪਾਰਟੀ ਦੀ ਸਰਕਾਰ ਨੇ ਆਪਣੇ ਕਾਰਜਕਾਲ 'ਚ ਜਨਤਾ ਦੇ ਹਿੱਤਾਂ ਨਾਲ ਜੁੜੇ ਕਈ ਕੰਮਾਂ ਨੂੰ ਨੇਪਰੇ ਚਾੜ੍ਹਿਆ ਹੈ, ਲਿਹਾਜ਼ਾ ਮੈਨੂੰ ਨਹੀਂ ਲੱਗਦਾ ਕਿ ਇਨ੍ਹਾਂ ਚੋਣਾਂ ਦਾ ਅਸਰ ਫੈਡਰਲ ਚੋਣਾਂ 'ਤੇ ਪਵੇਗਾ।


Related News