ਰੱਦ ਹੋ ਗਈਆਂ ਸਾਰੀਆਂ ਉਡਾਣਾਂ! ਭਾਰਤੀ ਦੂਤਾਵਾਸ ਨੇ ਜਾਰੀ ਕੀਤੀ ਚਿਤਾਵਨੀ, ਜਾਣੋ ਕੀ ਹੈ ਵਜ੍ਹਾ

Thursday, Aug 01, 2024 - 04:11 PM (IST)

ਰੱਦ ਹੋ ਗਈਆਂ ਸਾਰੀਆਂ ਉਡਾਣਾਂ! ਭਾਰਤੀ ਦੂਤਾਵਾਸ ਨੇ ਜਾਰੀ ਕੀਤੀ ਚਿਤਾਵਨੀ, ਜਾਣੋ ਕੀ ਹੈ ਵਜ੍ਹਾ

ਨਵੀਂ ਦਿੱਲੀ - ਅਮਰੀਕੀ ਏਅਰਲਾਈਨਜ਼ ਡੈਲਟਾ ਅਤੇ ਯੂਨਾਈਟਿਡ ਨੇ ਬੁੱਧਵਾਰ ਨੂੰ ਹਿਜ਼ਬੁੱਲਾ ਅਤੇ ਈਰਾਨ ਦਰਮਿਆਨ ਵਧਦੇ ਤਣਾਅ ਅਤੇ ਆਉਣ ਵਾਲੇ ਦਿਨਾਂ ਵਿੱਚ ਯਹੂਦੀ ਰਾਜ 'ਤੇ ਸੰਭਾਵਿਤ ਵੱਡੇ ਪੱਧਰ ਦੇ ਹਮਲਿਆਂ ਦੀ ਉਮੀਦ ਵਿਚਕਾਰ ਇਜ਼ਰਾਈਲ ਲਈ ਯੋਜਨਾਬੱਧ ਉਡਾਣਾਂ ਨੂੰ ਕਈ ਦਿਨਾਂ ਲਈ ਰੱਦ ਕਰਨ ਦਾ ਐਲਾਨ ਕੀਤਾ ਹੈ।

ਜ਼ਿਕਰਯੋਗ ਹੈ ਕਿ ਇਜ਼ਰਾਈਲ ਅਤੇ ਹਿਜ਼ਬੁੱਲਾ ਵਿਚਾਲੇ ਜੰਗ ਦੀ ਸੰਭਾਵਨਾ ਦੇ ਮੱਦੇਨਜ਼ਰ ਲੇਬਨਾਨ ਦੇ ਬੇਰੂਤ ਹਵਾਈ ਅੱਡੇ 'ਤੇ ਯੋਜਨਾਬੱਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਲੁਫਥਾਂਸਾ ਨੇ ਕਿਹਾ ਹੈ ਕਿ ਸਾਵਧਾਨੀ ਵਜੋਂ ਸਵਿਸ ਇੰਟਰਨੈਸ਼ਨਲ ਏਅਰਲਾਈਨਜ਼, ਯੂਰੋਵਿੰਗਜ਼ ਅਤੇ ਲੁਫਥਾਂਸਾ ਬੇਰੂਤ ਦਰਮਿਆਨ ਉਡਾਣਾਂ ਦੀ ਆਵਾਜਾਈ ਨੂੰ 30 ਜੁਲਾਈ ਤੱਕ ਮੁਅੱਤਲ ਕਰ ਦਿੱਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਤਾਜ਼ਾ ਜਾਣਕਾਰੀ ਮੁਤਾਬਕ ਅੱਜ ਇੱਕ ਇਜ਼ਰਾਈਲੀ ਡਰੋਨ ਨੇ ਦੱਖਣੀ ਲੇਬਨਾਨ ਦੇ ਸ਼ਾਕਰਾ ਸ਼ਹਿਰ 'ਤੇ ਹਮਲਾ ਕੀਤਾ, ਜਿਸ ਵਿੱਚ ਦੋ ਲੋਕਾਂ ਦੀ ਮੌਤ ਅਤੇ ਤਿੰਨ ਜ਼ਖ਼ਮੀ ਹੋ ਗਏ ਹਨ। ਅਜੇ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਮਰਨ ਵਾਲਿਆਂ ਵਿਚ ਫੌਜੀ ਸਨ ਜਾਂ ਆਮ ਨਾਗਰਿਕ। ਸ਼ਨੀਵਾਰ ਨੂੰ ਇਜ਼ਰਾਈਲ ਦੇ ਕਬਜ਼ੇ ਵਾਲੇ ਗੋਲਾਨ ਹਾਈਟਸ 'ਤੇ ਹਿਜ਼ਬੁੱਲਾ ਦੇ ਹਮਲੇ ਤੋਂ ਬਾਅਦ ਲੇਬਨਾਨ 'ਤੇ ਇਹ ਪਹਿਲਾ ਘਾਤਕ ਇਜ਼ਰਾਈਲੀ ਹਮਲਾ ਸੀ। ਹਾਲਾਂਕਿ ਹਿਜ਼ਬੁੱਲਾ ਨੇ ਇਜ਼ਰਾਈਲ 'ਤੇ ਸ਼ਨੀਵਾਰ ਦੇ ਹਮਲੇ ਦੀ ਜ਼ਿੰਮੇਵਾਰੀ ਲੈਣ ਤੋਂ ਇਨਕਾਰ ਕਰ ਦਿੱਤਾ।

ਤੁਹਾਨੂੰ ਦੱਸ ਦੇਈਏ ਕਿ ਬੇਰੂਤ ਰਾਫਿਕ ਹਰੀਰੀ ਏਅਰਪੋਰਟ ਲੇਬਨਾਨ ਦਾ ਇਕਲੌਤਾ ਹਵਾਈ ਅੱਡਾ ਹੈ। ਇਸ ਹਵਾਈ ਅੱਡੇ ਨੂੰ ਘਰੇਲੂ ਯੁੱਧ ਦੌਰਾਨ ਨਿਸ਼ਾਨਾ ਬਣਾਇਆ ਗਿਆ ਸੀ। ਇੰਨਾ ਹੀ ਨਹੀਂ 2006 'ਚ ਇਜ਼ਰਾਈਲ ਨਾਲ ਜੰਗ ਦੌਰਾਨ ਵੀ ਇਸ ਹਵਾਈ ਅੱਡੇ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਇਜ਼ਰਾਈਲ ਅਤੇ ਹਿਜ਼ਬੁੱਲਾ ਵਿਚਾਲੇ ਜੰਗ ਦੀ ਸੰਭਾਵਨਾ ਦੇ ਮੱਦੇਨਜ਼ਰ, ਬੇਰੂਤ ਸਥਿਤ ਭਾਰਤੀ ਦੂਤਾਵਾਸ ਨੇ ਲੇਬਨਾਨ ਵਿੱਚ ਰਹਿਣ ਵਾਲੇ ਅਤੇ ਲੇਬਨਾਨ ਦੀ ਯਾਤਰਾ ਕਰਨ ਵਾਲੇ ਆਪਣੇ ਭਆਰਤੀ ਨਾਗਰਿਕਾਂ ਨੂੰ ਚੌਕਸ ਰਹਿਣ ਅਤੇ ਦੂਤਾਵਾਸ ਦੇ ਸੰਪਰਕ 'ਚ ਰਹਿਣ ਲਈ ਕਿਹਾ ਗਿਆ ਹੈ।


author

Harinder Kaur

Content Editor

Related News