ਪ੍ਰਮਾਣੂ ਹਥਿਆਰਾਂ ਤੱਕ ਪਹੁੰਚ ਗਏ ਸਨ ਏਲੀਅਨਜ਼, ਹੋ ਸਕਦਾ ਸੀ ਵਿਸ਼ਵ ਯੁੱਧ: ਸਾਬਕਾ ਫੌਜੀ ਅਧਿਕਾਰੀ
Tuesday, Oct 12, 2021 - 10:49 PM (IST)
ਵਾਸ਼ਿੰਗਟਨ - ਏਲੀਅਨਜ਼ ਪ੍ਰਮਾਣੁ ਹਥਿਆਰਾਂ ਨਾਲ ਛੇੜਛਾੜ ਕਰ ਦੁਨੀਆ ਨੂੰ ਤੀਸਰੇ ਵਿਸ਼ਵ ਯੁੱਧ ਵੱਲ ਧੱਕ ਸਕਦੇ ਹਨ। ਇਹ ਸਨਸਨੀਖੇਜ ਦਾਅਵਾ ਅਮਰੀਕਾ ਦੇ ਸਾਬਕਾ ਫੌਜੀ ਅਧਿਕਾਰੀ ਨੇ ਕੀਤਾ ਹੈ। ਇਸ ਅਧਿਕਾਰੀ ਨੇ ਇਹ ਵੀ ਦਾਅਵਾ ਕੀਤਾ ਕਿ ਉਸ ਨੇ ਪ੍ਰਮਾਣੂ ਹਥਿਆਰ ਪ੍ਰਣਾਲੀਆਂ ਨਾਲ ਏਲੀਅਨਜ਼ ਨੂੰ ਛੇੜਛਾੜ ਕਰਦੇ ਵੇਖਿਆ ਸੀ। ਉਹ ਛੇਤੀ ਹੀ ਇਸ ਬਾਰੇ ਸਬੂਤ ਪੇਸ਼ ਕਰਨ ਵਾਲੇ ਹਨ।
ਅਮਰੀਕਾ ਦੇ ਸਾਬਕਾ ਹਵਾਈ ਫੌਜ ਅਧਿਕਾਰੀ, ਰਾਬਰਟ ਸਾਲਾਸ ਦਾ ਦਾਅਵਾ ਹੈ ਕਿ 24 ਮਾਰਚ, 1967 ਨੂੰ ਉਨ੍ਹਾਂ ਦੀਆਂ ਸਾਰੀਆਂ ਦਸ ਅੰਤਰ-ਮਹਾਂਦੀਪੀ ਬੈਲਿਸਟਿਕ ਮਿਜ਼ਾਈਲਾਂ ਨਕਾਰਾ ਹੋ ਗਈਆਂ ਸਨ। ਉਸ ਸਮੇਂ ਉਹ ਮੋਂਟਾਨਾ ਵਿੱਚ ਮਾਲਮਸਟਰਾਮ ਏਅਰ ਫੋਰਸ ਬੇਸ ਵਿੱਚ ਇੱਕ ਭੂਮੀਗਤ ਲਾਂਚ ਸਿਸਟਮ ਦੇ ਆਨ-ਡਿਊਟੀ ਕਮਾਂਡਰ ਸਨ।
ਰਾਬਰਟ ਸਾਲਾਸ ਦਾਅਵਾ ਕਰਦੇ ਹਨ ਕਿ ਯੂ.ਐੱਫ.ਓ. ਨੇ ਪ੍ਰਮਾਣੁ ਟਿਕਾਣਿਆਂ 'ਤੇ ਹਥਿਆਰ ਪ੍ਰਣਾਲੀਆਂ ਨੂੰ ਨਕਾਰਾ ਵੀ ਕੀਤਾ ਅਤੇ ਫਿਰ ਉਨ੍ਹਾਂ ਨੇ ਮਿਜ਼ਾਈਲਾਂ ਨੂੰ ਲਾਂਚ ਵੀ ਕਰ ਦਿੱਤਾ। ਹਾਲਾਂਕਿ, ਕਾਉਂਟਿੰਗ ਸ਼ੁਰੂ ਹੁੰਦੇ ਹੀ ਲਾਂਚ ਨੂੰ ਰੋਕ ਲਿਆ ਗਿਆ।
ਸਾਲਾਸ ਦਾ ਕਹਿਣਾ ਹੈ ਕਿ ਠੀਕ ਅੱਠ ਦਿਨ ਪਹਿਲਾਂ ਯਾਨੀ ਕਿ 16 ਮਾਰਚ, 1967 ਨੂੰ ਵੀ ਇਸੇ ਤਰ੍ਹਾਂ ਦੀ ਘਟਨਾ ਇੱਕ ਹੋਰ ਮਿਜ਼ਾਈਲ ਲਾਂਚ ਸਿਸਟਮ ਦੇ ਨਾਲ ਹੋਈ ਸੀ। ਉਨ੍ਹਾਂ ਦਾ ਦਾਅਵਾ ਹੈ ਕਿ ਏਲੀਅਨਜ਼ ਇਸ ਤਰ੍ਹਾਂ ਤੀਜਾ ਵਿਸ਼ਵ ਯੁੱਧ ਕਰਵਾ ਸਕਦੇ ਸਨ।
19 ਅਕਤੂਬਰ ਨੂੰ ਕਰਨ ਵਾਲੇ ਹਨ ਖੁਲਾਸਾ!
ਡੇਲੀ ਸਟਾਰ ਮੁਤਾਬਕ ਪਰ ਹੁਣ ਰਾਬਰਟ ਸਾਲਾਸ ਸਮੇਤ ਚਾਰ ਸਾਬਕਾ ਫੌਜੀ ਅਧਿਕਾਰੀ ਪ੍ਰਮਾਣੂ ਹਥਿਆਰਾਂ ਦੇ ਨਾਲ ਯੂ.ਐੱਫ.ਓ. ਦੇ ਇਸ ਕਥਿਤ ਦਖਲਅੰਦਾਜ਼ੀ ਦੇ ਮਾਮਲਿਆਂ ਬਾਰੇ ਗੱਲ ਕਰਨਗੇ ਅਤੇ ਸਰਕਾਰੀ ਦਸਤਾਵੇਜਾਂ ਦਾ ਖੁਲਾਸਾ ਕਰਨਗੇ। ਚਾਰਾਂ ਸਾਬਕਾ ਫੌਜੀ ਅਧਿਕਾਰੀ 19 ਅਕਤੂਬਰ 2021 ਨੂੰ ਇੱਕ ਪ੍ਰੈੱਸ ਕਾਨਫਰੰਸ ਕਰਨ ਵਾਲੇ ਹਨ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।