ਇਜ਼ਰਾਇਲ ਦੇ ਸਾਬਕਾ ਪੁਲਾੜ ਅਧਿਕਾਰੀ ਨੇ ਏਲੀਅਨਜ਼ ਹੋਣ ਦਾ ਕੀਤਾ ਦਾਅਵਾ
Wednesday, Dec 09, 2020 - 10:23 AM (IST)
ਇਜ਼ਰਾਇਲ- ਏਲੀਅਨਜ਼ ਦੀ ਮੌਜੂਦਗੀ ਨੂੰ ਲੈ ਕੇ ਇਜ਼ਰਾਇਲ ਦੇ ਪੁਲਾੜ ਸੁਰੱਖਿਆ ਪ੍ਰੋਗਰਾਮ ਦੇ ਸਾਬਕਾ ਮੁਖੀ ਹਾਈਮ ਇਸ਼ੇਦ ਨੇ ਵੱਡਾ ਖੁਲ਼ਾਸਾ ਕੀਤਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਅਸਲ ਵਿਚ ਏਲੀਅਨਜ਼ ਹਨ ਅਤੇ ਅਮਰੀਕਾ ਦੇ ਇਲਾਵਾ ਇਜ਼ਰਾਇਲ ਨਾਲ ਵੀ ਗੁਪਤ ਰੂਪ ਵਿਚ ਸੰਪਰਕ ਵਿਚ ਹਨ। ਉਨ੍ਹਾਂ ਕਿਹਾ ਕਿ ਏਲੀਅਨਜ਼ ਅਜੇ ਸ਼ਾਂਤ ਹਨ ਅਤੇ ਮਨੁੱਖਤਾ ਦੇ ਵਿਕਾਸ ਦੀ ਉਡੀਕ ਕਰ ਰਹੇ ਹਨ।
ਹਾਈਮ ਇਸ਼ੇਦ 30 ਸਾਲ ਤੱਕ ਇਜ਼ਰਾਇਲ ਦੇ ਪੁਲਾੜ ਸੁਰੱਖਿਆ ਪ੍ਰੋਗਰਾਮ ਨਾਲ ਜੁੜੇ ਹੋਏ ਸਨ ਅਤੇ ਹੁਣ ਰਿਟਾਇਰ ਹੋ ਚੁੱਕੇ ਹਨ। ਹਾਈਮ ਨੇ ਦੱਸਿਆ ਕਿ ਉਨ੍ਹਾਂ ਦਾ ਇਕ ਗੈਲੈਕਟਿਕ ਫੈਡਰੇਸ਼ਨ ਨਾਂ ਦਾ ਸੰਗਠਨ ਹੈ, ਜਿਸ ਨੇ ਵਾਸ਼ਿੰਗਟਨ ਨਾਲ ਇਕ ਗੁਪਤ ਸੰਧੀ ਤਹਿਤ ਮੰਗਲ ਗ੍ਰਹਿ 'ਤੇ ਇਕ ਅੰਡਰਗ੍ਰਾਊਂਡ ਸਪੇਸ ਬੇਸ ਤਿਆਰ ਕੀਤਾ ਹੈ। ਇਸ ਤਹਿਤ ਪੁਲਾੜ ਯਾਤਰੀ ਅਤੇ ਏਲੀਅਨਜ਼ ਇਕੱਠੇ ਫੈਡਰੇਸ਼ਨ ਦੀ ਬਿਹਤਰੀ ਲਈ ਕੰਮ ਕਰ ਰਹੇ ਹਨ।
ਹਾਈਮ ਨੇ ਇਜ਼ਰਾਇਲ ਪੁਲਾੜ ਸੁਰੱਖਿਆ ਪ੍ਰੋਗਰਾਮ ਨਾਲ 1981-2010 ਤੱਕ ਕੰਮ ਕੀਤਾ। ਉਨ੍ਹਾਂ ਦੱਸਿਆ ਕਿ ਰਾਸ਼ਟਰਪਤੀ ਟਰੰਪ ਗਠਜੋੜ ਦੀ ਮੌਜੂਦਗੀ ਦਾ ਖੁਲਾਸਾ ਕਰਨ ਵਾਲੇ ਸਨ। ਹਾਲਾਂਕਿ ਗੈਲੇਕਟਿਕ ਫੈਡਰੇਸ਼ਨ ਵਿਚ ਮੌਜੂਦਾ ਗਠਜੋੜ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ। ਏਲੀਅਨਜ਼ ਮਨੁੱਖਤਾ ਦੇ ਵਿਕਸਿਤ ਹੋਣ ਦੀ ਉਡੀਕ ਕਰ ਰਹੇ ਹਨ ਤੇ ਚਾਹੁੰਦੇ ਹਨ ਕਿ ਇਨਸਾਨ ਪਹਿਲਾਂ ਇਕ ਅਜਿਹੀ ਅਵਸਥਾ ਵਿਚ ਪੁੱਜ ਜਾਵੇ, ਜਿੱਥੇ ਆਮ ਤੌਰ 'ਤੇ ਹਰ ਇਨਸਾਨ ਨੂੰ ਪੁਲਾੜ ਦੀ ਸਮਝ ਹੋਵੇ।