ਅਲਬਰਟਾ ਸੂਬੇ ਨੇ ਕੁਝ ਵਪਾਰਕ ਅਦਾਰਿਆਂ ਨੂੰ ਮੁੜ ਖੋਲ੍ਹਣ ਦੀ ਦਿੱਤੀ ਇਜਾਜ਼ਤ
Friday, Jan 15, 2021 - 08:13 PM (IST)
ਕੈਲਗਰੀ- ਕੈਨੇਡਾ ਦੇ ਸੂਬੇ ਅਲਬਰਟਾ ਨੇ ਤਾਲਾਬੰਦੀ ਦੌਰਾਨ ਥੋੜੀ ਢਿੱਲ ਦੇਣ ਦਾ ਵਿਚਾਰ ਕੀਤਾ ਹੈ। ਸੋਮਵਾਰ ਤੋਂ ਕੁਝ ਵਪਾਰਕ ਅਦਾਰੇ ਜੋ ਦਸੰਬਰ ਤੋਂ ਬੰਦ ਕਰਵਾਏ ਗਏ ਹਨ, ਹੁਣ ਆਪਣੇ ਗਾਹਕਾਂ ਨੂੰ ਸੇਵਾ ਦੇ ਸਕਣਗੇ।
ਅਲਬਰਟਾ ਸਰਕਾਰ ਨੇ ਕਿਹਾ ਕਿ 18 ਜਨਵਰੀ ਤੋਂ ਨਿੱਜੀ ਅਤੇ ਕੁਝ ਹੋਰ ਸੁਵਿਧਾਵਾਂ ਦੀ ਲੋਕ ਸੇਵਾ ਲੈ ਸਕਣਗੇ ਪਰ ਇਸ ਤੋਂ ਪਹਿਲਾਂ ਲੋਕਾਂ ਨੂੰ ਸਮਾਂ ਲੈਣਾ ਪਵੇਗਾ ਤਾਂ ਕਿ ਉਨ੍ਹਾਂ ਨੂੰ ਦੁਕਾਨਾਂ 'ਤੇ ਇੰਤਜ਼ਾਰ ਨਾ ਕਰਨਾ ਪਵੇ। ਜਿਹੜੇ ਵਪਾਰਕ ਅਦਾਰਿਆਂ ਨੂੰ ਕੁਝ ਛੋਟ ਮਿਲਣ ਵਾਲੀ ਹੈ, ਉਨ੍ਹਾਂ ਵਿਚ- ਹੇਅਰ ਸੈਲੂਨ, ਨਾਈ ਦੀਆਂ ਦੁਕਾਨਾਂ, ਮੈਨੀਕਿਊਰ ਤੇ ਪੈਡੀਕਿਊਰ, ਟੈਟੂ ਵਾਲੀਆਂ ਦੁਕਾਨਾਂ ਖਾਸ ਹਨ।
ਇਸ ਦੇ ਇਲਾਵਾ ਘਰੋਂ ਬਾਹਰ 10 ਲੋਕ ਇਕੱਠੇ ਹੋ ਸਕਦੇ ਹਨ। ਅੰਤਿਮ ਸੰਸਕਾਰ ਮੌਕੇ 20 ਲੋਕ ਇਕੱਠੇ ਹੋ ਸਕਣਗੇ। ਇਸ ਦੌਰਾਨ ਲੋਕਾਂ ਨੂੰ ਸਮਾਜਕ ਦੂਰੀ ਬਣਾ ਕੇ ਰੱਖਣੀ ਪਵੇਗੀ ਅਤੇ ਮਾਸਕ ਲਗਾ ਕੇ ਰੱਖਣੇ ਪੈਣਗੇ।
ਅਲਬਰਟਾ ਦੇ ਮੁੱਖ ਮੰਤਰੀ ਜੈਸਨ ਕੈਨੀ ਨੇ ਕਿਹਾ ਕਿ ਪਿਛਲੇ ਹਫ਼ਤਿਆਂ ਤੋਂ ਅਲਬਰਟਾ ਵਾਸੀਆਂ ਨੇ ਹਿਦਾਇਤਾਂ ਦੀ ਪਾਲਣਾ ਕਰਨ ਵਿਚ ਕਾਫੀ ਸਹਿਯੋਗ ਦਿੱਤਾ। ਅਲਬਰਟਾ ਦੇ ਮੁੱਖ ਸਿਹਤ ਅਧਿਕਾਰੀ ਡਾਕਟਰ ਡੀਨਾ ਹਿਨਸ਼ਾਅ ਨੇ ਕਿਹਾ ਕਿ ਜਨਵਰੀ ਵਿਚ ਕੋਰੋਨਾ ਮਾਮਲੇ ਘਟੇ ਹਨ ਤੇ ਇਹ ਇਕ ਚੰਗਾ ਇਸ਼ਾਰਾ ਹੈ। ਉਨ੍ਹਾਂ ਕਿਹਾ ਕਿ ਜਿਵੇਂ ਹੀ ਕੋਰੋਨਾ ਮਾਮਲੇ ਘੱਟਦੇ ਜਾਣਗੇ, ਲੋਕਾਂ ਲਈ ਹਿਦਾਇਤਾਂ ਖ਼ਤਮ ਕਰ ਦਿੱਤੀਆਂ ਜਾਣਗੀਆਂ।