ਰਾਹਤ ਦੀ ਖ਼ਬਰ : ਅਲਬਰਟਾ ''ਚ ਕੋਰੋਨਾ ਦੇ ਨਵੇਂ ਮਾਮਲਿਆਂ ''ਚ ਆਈ ਕਮੀ
Thursday, Jan 28, 2021 - 03:40 PM (IST)
ਅਡਮਿੰਟਨ- ਅਲਬਰਟਾ ਸੂਬੇ ਵਿਚ 11 ਹਜ਼ਾਰ ਤੋਂ ਵੱਧ ਲੋਕ ਕੋਰੋਨਾ ਵਾਇਰਸ ਨੂੰ ਮਾਤ ਦੇ ਕੇ ਸਿਹਤਯਾਬ ਹੋ ਚੁੱਕੇ ਹਨ ਤੇ ਕੋਰੋਨਾ ਦੇ ਨਵੇਂ ਮਾਮਲਿਆਂ ਤੇ ਹਸਪਤਾਲ ਵਿਚ ਭਰਤੀ ਮਰੀਜ਼ਾਂ ਦੀ ਗਿਣਤੀ ਵਿਚ ਕਾਫੀ ਕਮੀ ਆਈ ਹੈ। ਇਸ ਦੇ ਬਾਵਜੂਦ ਸੂਬੇ ਦੀ ਮੁੱਖ ਮੈਡੀਕਲ ਅਧਿਕਾਰੀ ਡਾਕਟਰ ਨੇ ਅਪੀਲ ਕੀਤੀ ਹੈ ਕਿ ਜੇਕਰ ਲੋਕਾਂ ਨੇ ਅਣਗਹਿਲੀ ਕਰਨੀ ਸ਼ੁਰੂ ਕਰ ਦਿੱਤੀ ਤਾਂ ਕੋਰੋਨਾ ਦੇ ਮਾਮਲਿਆਂ ਵਿਚ ਭਾਰੀ ਵਾਧਾ ਹੋ ਸਕਦਾ ਹੈ।
ਡਾਕਟਰ ਡੀਨਾ ਹਿਨਸ਼ਾਅ ਨੇ ਕਿਹਾ ਕਿ ਮੰਗਲਵਾਰ ਨੂੰ ਕੋਰੋਨਾ ਦੇ 459 ਨਵੇਂ ਮਾਮਲੇ ਦਰਜ ਹੋਏ ਹਨ ਤੇ ਇਸ ਦੌਰਾਨ 12,800 ਲੋਕਾਂ ਦਾ ਟੈਸਟ ਕੀਤਾ ਗਿਆ ਹੈ। ਸੂਬੇ ਵਿਚ ਕੋਰੋਨਾ ਮਾਮਲਿਆਂ ਦੀ ਪਾਜ਼ੀਟਿਵ ਦਰ ਵਿਚ ਕਾਫੀ ਕਮੀ ਆਈ ਹੈ ਤੇ ਹੁਣ ਇਹ 3.6 ਹੋ ਗਈ ਹੈ, ਜੋ ਪਹਿਲਾਂ ਕਾਫੀ ਜ਼ਿਆਦਾ ਰਹੀ ਹੈ।
ਹਸਪਤਾਲਾਂ ਵਿਚ ਵੀ ਕੋਰੋਨਾ ਮਰੀਜ਼ਾਂ ਦੇ ਭਰਤੀ ਹੋਣ ਦੀ ਦਰ ਵਿਚ ਕਾਫੀ ਕਮੀ ਆਈ ਹੈ, ਜਿਸ ਤੋਂ ਸਪੱਸ਼ਟ ਹੈ ਕਿ ਸੂਬੇ ਵਿਚ ਕੋਰੋਨਾ ਕਾਬੂ ਵਿਚ ਆ ਰਿਹਾ ਹੈ। ਡਾਕਟਰ ਹਿਨਸ਼ਾਅ ਨੇ ਚਿੰਤਾ ਪ੍ਰਗਟ ਕਰਦਿਆਂ ਦੱਸਿਆ ਕਿ ਕੋਰੋਨਾ ਕਾਰਨ ਬਹੁਤ ਸਾਰੇ ਲੋਕਾਂ ਦਾ ਰੁਜ਼ਗਾਰ ਬੰਦ ਹੋਣ ਕਿਨਾਰੇ ਆ ਗਿਆ ਹੈ ਤੇ ਇਸੇ ਲਈ ਲੋਕ ਤਾਲਾਬੰਦੀ ਦਾ ਵਿਰੋਧ ਕਰ ਰਹੇ ਹਨ ਤੇ ਜਲਦੀ ਦੁਕਾਨਾਂ ਖੋਲ੍ਹਣ ਦੀ ਮੰਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਹੋ ਸਕਦਾ ਹੈ ਕਿ ਇਕ ਵਾਰ ਫਿਰ ਸੂਬੇ ਵਿਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਜਾਣ। ਉਨ੍ਹਾਂ ਕਿਹਾ ਕਿ ਲੋਕ ਆਪਣੇ ਇਲਾਕੇ ਨੂੰ ਦੇਖ ਕੇ ਕਹਿ ਰਹੇ ਹਨ ਕਿ ਕੋਰੋਨਾ ਖ਼ਤਮ ਹੀ ਹੋ ਗਿਆ ਹੈ ਜਦਕਿ ਸੂਬੇ ਵਿਚ ਅਜੇ ਵੀ ਕੋਰੋਨਾ ਦੇ ਮਾਮਲੇ ਦਰਜ ਹੋ ਰਹੇ ਹਨ।