ਰੂਸ ਦੀ ਧਰਤੀ ਤੋਂ ਗਰਜੇ ਡੋਭਾਲ, ਅੱਤਵਾਦ ’ਤੇ ਦੋਹਰੇ ਮਾਪਦੰਡ ਨਹੀਂ ਹੋ ਸਕਦੇ
Thursday, May 28, 2026 - 11:22 PM (IST)
ਮਾਸਕੋ- ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐੱਸ. ਐੱਸ. ਏ.) ਅਜੀਤ ਡੋਭਾਲ ਰੂਸ ਦੀ ਰਾਜਧਾਨੀ ਮਾਸਕੋ ਪਹੁੰਚੇ ਹਨ। ਉਥੇ ਉਨ੍ਹਾਂ ਨੇ ਇਕ ਵੱਡੇ ਅੰਤਰਰਾਸ਼ਟਰੀ ਸੁਰੱਖਿਆ ਸੰਮੇਲਨ ’ਚ ਹਿੱਸਾ ਲੈਂਦਿਆਂ ਦੁਨੀਆ ਦੇ ਸਾਹਮਣੇ ਭਾਰਤ ਦਾ ਸਪੱਸ਼ਟ ਸੰਦੇਸ਼ ਰੱਖਿਆ। ਡੋਭਾਲ ਨੇ ਕਿਹਾ ਕਿ ਅੱਤਵਾਦ ਖਿਲਾਫ ਲੜਾਈ ’ਚ ਦੋਹਰਾ ਰਵੱਈਆ ਨਹੀਂ ਚੱਲੇਗਾ ਅਤੇ ਜੋ ਦੇਸ਼ ਅੱਤਵਾਦੀਆਂ ਨੂੰ ਪਨਾਹ ਦਿੰਦੇ ਹਨ, ਉਨ੍ਹਾਂ ਨੂੰ ਹੁਣ ਇਹ ਤੈਅ ਕਰਨਾ ਹੋਵੇਗਾ ਕਿ ਉਹ ਕਿਸ ਪਾਸੇ ਖੜ੍ਹੇ ਹਨ।
ਮਾਸਕੋ ਵਿਚ ਹੋਏ ਇਸ ਵੱਡੇ ਸੰਮੇਲਨ ਦਾ ਨਾਂ ‘ਪਹਿਲਾਂ ਇੰਟਰਨੈਸ਼ਨਲ ਸਕਿਓਰਿਟੀ ਫੋਰਮ’ ਅਤੇ ‘ਸੁਰੱਖਿਆ ਮਾਮਲਿਆਂ ਦੇ ਉੱਚ ਅਧਿਕਾਰੀਆਂ ਦੀ 14ਵੀਂ ਬੈਠਕ’ ਸੀ। ਇਸ ਬੈਠਕ ਦੀ ਪ੍ਰਧਾਨਗੀ ਰੂਸ ਦੀ ਸੁਰੱਖਿਆ ਪ੍ਰੀਸ਼ਦ ਦੇ ਸਕੱਤਰ ਸਰਗੇਈ ਸ਼ੋਇਗੂ ਨੇ ਕੀਤੀ, ਜਿਸ ਵਿਚ ਦੁਨੀਆ ਦੇ ਕਈ ਦੇਸ਼ਾਂ ਦੇ ਵੱਡੇ ਸੁਰੱਖਿਆ ਅਧਿਕਾਰੀ ਸ਼ਾਮਲ ਹੋਏ।
ਅਜੀਤ ਡੋਭਾਲ ਨੇ ਇਸ ਸੰਮੇਲਨ ਵਿਚ ਮੁੱਖ ਤੌਰ ’ਤੇ 3 ਵੱਡੀਆਂ ਗੱਲਾਂ ਕਹੀਆਂ। ਪਹਿਲੀ ਗੱਲ, ਪਾਕਿਸਤਾਨ ਦਾ ਨਾਂ ਲਏ ਬਿਨਾਂ ਉਨ੍ਹਾਂ ਸਾਫ਼ ਕਿਹਾ ਕਿ ਅੱਤਵਾਦ ਖਿਲਾਫ਼ ਦੋ ਤਰ੍ਹਾਂ ਦੀ ਨੀਤੀ ਨਹੀਂ ਚੱਲ ਸਕਦੀ। ਅੱਤਵਾਦ ਨੂੰ ਸ਼ਹਿ ਦੇਣ ਲਈ ਜੋ ਦੇਸ਼ ਜ਼ਿੰਮੇਵਾਰ ਹਨ, ਉਨ੍ਹਾਂ ਨੂੰ ਆਪਣਾ ਰੁਖ਼ ਤੈਅ ਕਰਨਾ ਪਵੇਗਾ। ਦੂਜੀ ਗੱਲ, ਉਨ੍ਹਾਂ ਜ਼ੋਰ ਦਿੱਤਾ ਕਿ ਬਦਲਦੇ ਦੌਰ ਮੁਤਾਬਕ ਦੁਨੀਆ ਦੀਆਂ ਪੁਰਾਣੀਆਂ ਅੰਤਰਰਾਸ਼ਟਰੀ ਸੰਸਥਾਵਾਂ ’ਚ ਸੁਧਾਰ ਅਤੇ ਬਦਲਾਅ ਬਹੁਤ ਜ਼ਰੂਰੀ ਹੈ। ਤੀਜੀ ਗੱਲ, ਸਮੁੰਦਰੀ ਰਸਤੇ ਹਮੇਸ਼ਾ ਖੁੱਲ੍ਹੇ ਅਤੇ ਸੁਰੱਖਿਅਤ ਰਹਿਣੇ ਚਾਹੀਦੇ ਹਨ। ਡੋਭਾਲ ਨੇ ਵਿਸ਼ੇਸ਼ ਤੌਰ ’ਤੇ ‘ਹੋਰਮੁਜ਼’ ਅਤੇ ‘ਲਾਲ ਸਾਗਰ’ ਦਾ ਜ਼ਿਕਰ ਕੀਤਾ।
