ਕੈਨੇਡਾ ਨੇ ਹਵਾਈ ਯਾਤਰੀਆਂ ਲਈ ਲਾਗੂ ਕੀਤਾ ਨਵਾਂ ਨਿਯਮ, ਲੋਕਾਂ ਲਈ ਬਣਿਆ ਮੁਸੀਬਤ
Tuesday, Jan 05, 2021 - 05:07 PM (IST)
ਟੋਰਾਂਟੋ- ਕੋਰੋਨਾ ਵਾਇਰਸ ਦਾ ਨਵਾਂ ਸਟ੍ਰੇਨ ਮਿਲਣ ਦੇ ਬਾਅਦ ਕੈਨੇਡਾ ਵਿਚ ਕੌਮਾਂਤਰੀ ਹਵਾਈ ਯਾਤਰੀਆਂ 'ਤੇ ਵਧੇਰੇ ਨਜ਼ਰ ਰੱਖੀ ਜਾ ਰਹੀ ਹੈ ਤੇ ਹੁਣ ਹਰੇਕ ਨੂੰ ਕੋਰੋਨਾ ਟੈਸਟ ਦੀ ਨੈਗੇਟਿਵ ਰਿਪੋਰਟ ਦੇ ਬਾਅਦ ਹੀ ਦੇਸ਼ ਵਿਚ ਦਾਖ਼ਲ ਹੋਣ ਦਿੱਤਾ ਜਾਵੇਗਾ।
ਏਅਰਲਾਈਨਜ਼ ਤੇ ਯਾਤਰੀ ਇਸ ਸਮੇਂ ਕਈ ਪ੍ਰਸ਼ਨਾਂ ਵਿਚਕਾਰ ਜੂਝ ਰਹੇ ਹਨ ਕਿਉਂਕਿ ਲੋਕਾਂ ਦਾ ਕਹਿਣਾ ਹੈ ਕਿ ਇਹ ਫ਼ੈਸਲਾ ਗੁੰਝਲਦਾਰ ਹੈ। ਕਿਸੇ ਵਿਅਕਤੀ ਨੇ ਕਿਹੜੀ ਲੈਬ ਤੋਂ ਟੈਸਟ ਕਰਵਾਇਆ ਹੈ ਤੇ ਕੀ ਇਹ ਸਹੀ ਹੈ ਜਾਂ ਨਕਲੀ ਰਿਪੋਰਟ ਹੈ, ਇਸ ਸਬੰਧੀ ਬਹੁਤ ਸਾਰੇ ਪ੍ਰਸ਼ਨ ਹਨ, ਜੋ ਏਅਰਲਾਈਨਜ਼ ਅਧਿਕਾਰੀਆਂ ਲਈ ਵੱਡੀ ਚੁਣੌਤੀ ਹਨ।
ਆਵਾਜਾਈ ਮੰਤਰੀ ਮਾਰਕ ਗੇਰਨਾਊ ਨੇ ਬੀਤੇ ਵੀਰਵਾਰ ਐਲਾਨ ਕੀਤਾ ਸੀ ਕਿ ਹੁਣ ਵਿਦੇਸ਼ ਤੋਂ ਆਉਣ ਵਾਲੇ ਹਰ ਵਿਅਕਤੀ ਨੂੰ ਆਪਣੇ ਨਾਲ ਪੀ. ਸੀ. ਆਰ. ਦੀ ਰਿਪੋਰਟ ਲੈ ਕੇ ਆਉਣੀ ਪਵੇਗੀ। ਕੋਰੋਨਾ ਦੀ ਨੈਗੇਟਿਵ ਰਿਪੋਰਟ ਨਾਲ ਹੀ ਕੋਈ ਵੀ ਵਿਅਕਤੀ ਦੇਸ਼ ਵਿਚ ਦਾਖ਼ਲ ਹੋ ਸਕੇਗਾ। ਜੇਕਰ ਕੋਈ ਬਿਨਾਂ ਰਿਪਰੋਟ ਦੇ ਆਵੇਗਾ ਤਾਂ ਉਸ ਨੂੰ ਦੋ ਹਫਤਿਆਂ ਲਈ ਇਕਾਂਤਵਾਸ ਵਿਚ ਰਹਿਣ ਤੇ ਕੋਰੋਨਾ ਦੇ ਨੈਗੇਟਿਵ ਟੈਸਟ ਮਗਰੋਂ ਹੀ ਦੇਸ਼ ਵਿਚ ਜਾਣ ਦਿੱਤਾ ਜਾਵੇਗਾ। ਦੱਸ ਦਈਏ ਕਿ ਪੀ. ਸੀ. ਆਰ. ਟੈਸਟ ਨੱਕ ਜਾਂ ਗਲੇ ਵਿਚ ਸਵੈਬ ਰਾਹੀਂ ਕੀਤਾ ਜਾਂਦਾ ਹੈ। ਏਅਰਲਾਈਨ ਅਧਿਕਾਰੀਆਂ ਨੂੰ ਇਹ ਵੀ ਚੰਗੀ ਤਰ੍ਹਾਂ ਜਾਂਚਣਾ ਪਵੇਗਾ ਕਿ ਰਿਪੋਰਟ ਨਕਲੀ ਤਾਂ ਨਹੀਂ ਹੈ। ਜ਼ਿਕਰਯੋਗ ਹੈ ਕਿ ਓਂਟਾਰੀਓ ਵਿਚ ਕੋਰੋਨਾ ਦੇ ਨਵੇਂ ਸਟ੍ਰੇਨ ਦੇ 6 ਮਾਮਲੇ ਸਾਹਮਣੇ ਆ ਚੁੱਕੇ ਹਨ।