COVID-19 : 16 ਹਜ਼ਾਰ ਤੋਂ ਵੱਧ ਮੁਲਾਜ਼ਮਾਂ ਨੂੰ ਛੁੱਟੀ 'ਤੇ ਭੇਜੇਗੀ AIR ਕੈਨੇਡਾ
Wednesday, Apr 01, 2020 - 01:17 AM (IST)
ਓਟਾਵਾ : ਕੋਵਿਡ-19 ਦੀ ਵਜ੍ਹਾ ਨਾਲ ਰੋਜ਼ੀ-ਰੋਟੀ ਲਈ ਵੱਡਾ ਸੰਕਟ ਖੜ੍ਹਾ ਹੋ ਰਿਹਾ ਹੈ। ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਯਾਤਰਾ ਵਿਚ ਮੰਗ ਦੀ ਘਾਟ ਨਾਲ ਜੂਝ ਰਹੀ ਕੈਨੇਡਾ ਦੀ ਸਭ ਤੋਂ ਵੱਡੀ ਹਵਾਈ ਜਹਾਜ਼ ਕੰਪਨੀ ਏਅਰ ਕੈਨੇਡਾ ਇਸ ਹਫਤੇ ਤੋਂ 16,500 ਕਰਮਚਾਰੀਆਂ ਨੂੰ ਛੁੱਟੀ 'ਤੇ ਭੇਜਣ ਜਾ ਰਹੀ ਹੈ।
ਜਾਣਕਾਰੀ ਮੁਤਾਬਕ, ਮਾਂਟਰੀਅਲ ਦੀ ਇਹ ਕੰਪਨੀ ਅਸਥਾਈ ਤੌਰ 'ਤੇ 15,200 ਯੂਨੀਅਨ ਵਰਕਰਾਂ ਤੇ 1,300 ਪ੍ਰਬੰਧਕਾਂ ਨੂੰ ਛੁੱਟੀ 'ਤੇ ਭੇਜੇਗੀ, ਦੁਬਾਰਾ ਬੁਲਾਵੇ ਬਾਰੇ ਜਾਣਕਾਰੀ ਨਹੀਂ ਹੈ।
ਕੰਪਨੀ ਦੇ ਪ੍ਰਮੁੱਖ ਕਾਰਜਕਾਰੀ ਅਧਿਕਾਰੀ ਕੈਲਿਨ ਰੋਵਿਨਸਕੂ ਨੇ ਇਕ ਬਿਆਨ ਵਿਚ ਕਿਹਾ ਕਿ ਇਹ ਬਹੁਤ ਹੀ ਦੁਖਦਾਈ ਫੈਸਲਾ ਹੈ ਪਰ ਅਗਲੇ ਕੁਝ ਸਮੇਂ ਲਈ ਸਾਨੂੰ ਛੋਟੇ ਓਪਰੇਸ਼ਨ ਦੀ ਜ਼ਰੂਰਤ ਹੈ।
ਵਿਸ਼ਵ ਭਰ ਦੇ ਕਈ ਦੇਸ਼ਾਂ ਵਿਚ ਸ਼ਟਡਾਊਨ ਕਾਰਨ AIR ਕੈਨੇਡਾ ਨੇ ਬਹੁਤੇ ਅੰਤਰਰਾਸ਼ਟਰੀ ਅਤੇ ਸੰਯੁਕਤ ਰਾਜ ਅਮਰੀਕਾ ਦੇ ਮਾਰਗਾਂ 'ਤੇ ਫਲਾਈਟਾਂ ਦਾ ਓਪਰੇਸ਼ਨ ਰੋਕ ਦਿੱਤਾ ਹੈ। ਕੰਪਨੀ ਨੇ ਕਿਹਾ ਕਿ ਲਾਗਤ ਘਟਾਉਣ ਦੀ ਯੋਜਨਾ ਤਹਿਤ ਉਸ ਦਾ ਮਕਸਦ ਘੱਟੋ-ਘੱਟ 50 ਕਰੋੜ ਡਾਲਰ ਦੀ ਬਚਤ ਕਰਨਾ ਹੈ। ਇਸ ਵਿਚ ਸੀ. ਈ. ਓ. ਅਤੇ ਮੁੱਖ ਵਿੱਤੀ ਅਧਿਕਾਰੀ ਮਾਈਕ ਰੁਸੌ ਦੋਹਾਂ ਵੱਲੋਂ ਉਨ੍ਹਾਂ ਦੀਆਂ ਤਨਖਾਹਾਂ 100 ਫੀਸਦੀ ਨਾ ਲੈਣਾ ਵੀ ਸ਼ਾਮਲ ਹੈ, ਜਦੋਂ ਕਿ ਬਾਕੀ ਕਾਰਜਕਾਰੀ ਟੀਮ 25 ਫੀਸਦੀ ਤੋਂ 50 ਫੀਸਦੀ ਤੱਕ ਘੱਟ ਤਨਖਾਹ ਲਵੇਗੀ। ਜ਼ਿਕਰਯੋਗ ਹੈ ਕਿ ਮਹਾਂਮਾਰੀ ਨਾਲ ਏਅਰਪੋਰਟ ਸੈਕਟਰ ਵਿਚ ਹਜ਼ਾਰਾਂ ਲੋਕਾਂ ਦੀ ਨੌਕਰੀ ਜਾ ਰਹੀ ਹੈ।