ਇਟਲੀ ’ਚ 2017 ਦੌਰਾਨ 3443 ਲੋਕ ਏਡਜ਼ ਨੇ ਜਕੜੇ

Monday, Dec 03, 2018 - 01:38 AM (IST)

ਇਟਲੀ ’ਚ 2017 ਦੌਰਾਨ 3443 ਲੋਕ ਏਡਜ਼ ਨੇ ਜਕੜੇ

ਰੋਮ-ਬੇਸ਼ੱਕ ਪੂਰੀ ਦੁਨੀਆ ਦੇ ਸਾਇੰਸਦਾਨ ਏਡਜ਼ ਦਾ ਪੱਕਾ ਇਲਾਜ ਲੱਭਣ ਵਿਚ ਦਿਨ-ਰਾਤ ਇਕ ਕਰ ਰਹੇ ਹਨ ਪਰ ਵਧੇਰੇ ਕੇਸਾਂ ਵਿਚ ਇਹ ਬੀਮਾਰੀ ਪੀੜਤ ਮਰੀਜ਼ਾਂ ਦਾ ਪਿੱਛਾ ਨਹੀਂ ਛੱਡਦੀ। 1 ਦਸੰਬਰ ਨੂੰ ਪੂਰੀ ਦੁਨੀਆ ਵਿਚ ਵਿਸ਼ਵ ਏਡਜ਼ ਦਿਵਸ ਵਜੋਂ ਮਨਾਇਆ ਜਾਂਦਾ ਹੈ ਤੇ ਹਰ ਸਾਲ ਇਸ ਦਿਨ ਪੂਰੀ ਦੁਨੀਆ ਵਿਚ ਇਸ ਬੀਮਾਰੀ  ਨੂੰ ਕਾਬੂ ਕਰਨ ਦੀਆਂ ਨਵੀਆਂ-ਨਵੀਆਂ ਜੁਗਤਾਂ ਬਣਾਈਆਂ ਜਾਂਦੀਆਂ ਹਨ ਤੇ ਨਾਲ ਹੀ ਏਡਜ਼ ਦੇ ਮਰੀਜ਼ਾਂ ਦੀ ਗਿਣਤੀ ਵੱਧ-ਘਟਣ ਦਾ ਖੁਲਾਸਾ ਵੀ ਕੀਤਾ ਜਾਂਦਾ ਹੈ । 

ਹੋਰ ਦੇਸ਼ਾਂ ਵਾਂਗ ਇਟਲੀ ਵਿਚ ਵੀ ਏਡਜ਼ ਦੇ ਮਰੀਜ਼ ਦਿਨੋਂ-ਦਿਨ ਵੱਧ ਰਹੇ ਹਨ। ਸੈਂਟਰ ਓਪਰੇਟਰ ਏਡਜ਼ (ਸੀ. ਓ. ਏ.) ਦੀ ਰਿਪੋਰਟ  ਅਨੁਸਾਰ ਸਾਲ 2017 ਦੌਰਾਨ  ਇਟਲੀ ਵਿਚ 3443  ਨਵੇਂ ਮਰੀਜ਼ ਅਜਿਹੇ ਸਾਹਮਣੇ ਆਏ ਹਨ, ਜਿਹੜੇ ਕਿ ਇਸ ਮੌਤ ਰੂਪੀ ਬੀਮਾਰੀ ਏਡਜ਼ ਦੇ ਪੰਜੇ ਵਿਚ ਜਕੜੇ ਜਾ ਚੁੱਕੇ ਹਨ। ਇਟਲੀ ਦੀ ਐੱਲ. ਜੀ. ਬੀ. ਟੀ. ਆਈ. ਐਸੋਸੀਏਸ਼ਨ ਵੱਲੋਂ ਏਡਜ਼ ਦੇ ਮਰੀਜ਼ਾਂ ਲਈ  ਵਿਸ਼ੇਸ਼ ਟੈਸਟ  ਕੀਤੇ ਜਾ ਰਹੇ ਹਨ ਤਾਂ ਜੋ ਏਡਜ਼ ਗ੍ਰਸਤ ਲੋਕਾਂ ਤੋਂ ਹੋਰ ਮਰੀਜ਼ ਨਾ ਬਣਨ। ਏਡਜ਼ ਦੀ ਬੀਮਾਰੀ ਦੇ ਬਹੁਤੇ ਮਰੀਜ਼ ਅਜਿਹੇ ਹਨ, ਜਿਹੜੇ ਕਿ ਆਪਣੇ ਜੀਵਨ ਸਾਥੀ ਪ੍ਰਤੀ ਵਫ਼ਾਦਾਰ ਨਹੀਂ ਜਾਂ ਗੈਰ-ਲੋਕਾਂ ਨਾਲ   ਸਬੰਧ ਬਣਾਉਂਦੇ ਹਨ।

 ਸਾਲ 2017 ਵਿਚ ਜਿਹੜੇ ਮਰੀਜ਼ ਏਡਜ਼ ਦੇ ਸ਼ਿਕਾਰ ਹੋਏ, ਉਨ੍ਹਾਂ ਦੀ ਜ਼ਿਆਦਾਤਰ ਉਮਰ 25 ਤੋਂ 29 ਸਾਲ ਦੇ ਵਿਚਕਾਰ ਹੈ ਤੇ ਇਸ ਵਰਗ  ਦੇ ਨੌਜਵਾਨਾਂ ਦਾ ਰੋਗ ਗ੍ਰਸਤ ਹੋਣ ਦਾ ਮੁੱਖ ਕਾਰਨ ਅਸੁਰੱਖਿਅਤ ਯੌਨ ਸਬੰਧ ਹਨ, ਜਿਹੜੇ ਕਿ ਇਟਲੀ ਦੇ ਸੂਬਾ ਲਾਸੀਓ, ਲੀਗੂਰੀਆ ਅਤੇ ਤੁਸਕਾਨੀ ਨਾਲ ਸਬੰਧਤ ਹਨ। ਏਡਜ਼ ਤੋਂ ਛੁਟਕਾਰਾ ਪਾਉਣ ਲਈ ਹੁਣ ਇਟਲੀ ਵਿਚ ਇਕ ਨਵਾਂ ਤਜਰਬਾ ਸਾਲ 2019 ਦੌਰਾਨ  ਰੋਮ ਵਿਖੇ ਪ੍ਰਸਿੱਧ ਬੱਚਿਆਂ ਦੇ ਹਸਪਤਾਲ ‘‘ਬਮਬੀਨੋ ਯਿਸੂ’’ ਵਿਖੇ 100 ਬੱਚਿਆਂ ਉਪਰ ਏਡਜ਼ ਵੈਕਸੀਨੇਸ਼ਨ ਵਜੋਂ ਕੀਤਾ ਜਾ ਰਿਹਾ ਹੈ, ਜਿਹੜਾ ਕਿ ਪਹਿਲੀ ਵਾਰ ਹੋਵੇਗਾ। ਇਹ ਤਜਰਬਾ ਸਵੀਡਨ ਦੇ ਸਟਾਕਹੋਮ ਅਧਾਰਿਤ ਇੰਸਟੀਚਿਊਟ ਕਾਰੋਲਿਸਕਾ ਦੇ ਸਹਿਯੋਗ ਨਾਲ ਇਟਲੀ, ਦੱਖਣੀ ਅਫ਼ਰੀਕਾ ਅਤੇ ਥਾਈਲੈਂਡ ਵਿਖੇ ਹੋਵੇਗਾ।  


Related News