ਹੁਣ ਇਹ ਤਕਨੀਕ ਦੱਸੇਗੀ ਕਿਸ ਕੋਰੋਨਾ ਮਰੀਜ਼ ਦੀ ਵਿਗੜੇਗੀ ਹਾਲਤ

Wednesday, Apr 01, 2020 - 12:33 PM (IST)

ਹੁਣ ਇਹ ਤਕਨੀਕ ਦੱਸੇਗੀ ਕਿਸ ਕੋਰੋਨਾ ਮਰੀਜ਼ ਦੀ ਵਿਗੜੇਗੀ ਹਾਲਤ

ਨਿਊਯਾਰਕ- ਵਿਗਿਆਨੀਆਂ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ (ਏ.ਆਈ.) ਦਾ ਇਕ ਅਜਿਹਾ ਟੂਲ ਵਿਕਸਿਤ ਕੀਤਾ ਹੈ ਜੋ ਇਸ ਗੱਲ ਦਾ ਸਹੀ-ਸਹੀ ਪਤਾ ਕਰ ਲੈਂਦਾ ਹੈ ਕਿ ਕਿਸ ਕੋਰੋਨਾ ਪੀੜਤ ਦੀ ਹਾਲਤ ਵਿਗੜੇਗੀ ਤੇ ਉਸ ਨੂੰ ਸਾਹ ਪ੍ਰਣਾਲੀ ਦੀ ਗੰਭੀਰ ਸਮੱਸਿਆ ਪੈਦਾ ਹੋ ਜਾਵੇਗੀ। ਕੰਪਿਊਟਰਸ ਮਟੀਰੀਅਲਸ ਐਂਡ ਕੰਟੀਨੁਆ ਜਨਰਲ ਵਿਚ ਪ੍ਰਕਾਸ਼ਿਤ ਇਕ ਅਧਿਐਨ ਰਿਪੋਰਟ ਵਿਚ ਬੀਮਾਰੀ ਵਿਗੜਨ ਦੇ ਸੰਕੇਤਾਂ ਦਾ ਬਿਓਰਾ ਵੀ ਦਿੱਤਾ ਗਿਆ ਹੈ।

PunjabKesari

ਨਿਊਯਾਰਕ ਯੂਨੀਵਰਸਿਟੀ ਵਿਚ ਕਲੀਨਿਕਲ ਅਸਿਸਟੈਂਟ ਪ੍ਰੋਫੈਸਰ ਮੇਗਨ ਕਾਫੀ ਨੇ ਦੱਸਿਆ ਕਿ ਅਸੀਂ ਇਸ ਮਾਡਲ 'ਤੇ ਹੋਰ ਕੰਮ ਕਰ ਰਹੇ ਹਾਂ। ਇਹ ਉਹਨਾਂ ਮਰੀਜ਼ਾਂ ਦਾ ਪਤਾ ਲਾਉਣ ਵਿਚ ਸਮਰਥ ਹੈ ਜਿਹਨਾਂ ਦੀ ਹਾਲਤ ਵਿਗੜ ਸਕਦੀ ਹੈ। ਇਹ ਉਹਨਾਂ ਡਾਕਟਰਾਂ ਦੇ ਲਈ ਵੀ ਸਹਾਇਕ ਹੈ ਜਿਹਨਾਂ ਨੂੰ ਵਾਇਰਸ ਪੀੜਤਾਂ ਦੇ ਇਲਾਜ ਦਾ ਤਜ਼ਰਬਾ ਹੈ।

PunjabKesari

ਨਿਊਯਾਰਕ ਦੇ ਹੀ ਇਕ ਹੋਰ ਕਲੀਨਿਕਲ ਅਸਿਸਟੈਂਟ ਪ੍ਰੋਫੈਸਰ ਅਨਾਸੇ ਬਾਰੀ ਨੇ ਦੱਸਿਆ ਕਿ ਸਾਡਾ ਟੀਚਾ ਸੀ ਕਿ ਅਸੀਂ ਆਰਟੀਫਿਸ਼ੀਆਲ ਇੰਟੈਲੀਜੈਂਸ 'ਤੇ ਆਧਾਰਿਤ ਅਜਿਹਾ ਟੂਲ ਬਣਾਈਏ ਜਿਸ ਨਾਲ ਕੋਰੋਨਾ ਦਾ ਮਾਮਲਾ ਭਵਿੱਖ ਵਿਚ ਵਿਗੜਨ ਦੇ ਬਾਰੇ ਵਿਚ ਪਹਿਲਾਂ ਹੀ ਪਤਾ ਲਾਇਆ ਜਾ ਸਕੇ। ਸਾਨੂੰ ਉਮੀਦ ਹੈ ਕਿ ਜਦੋਂ ਇਹ ਟੂਲ ਪੂਰੀ ਦੁਨੀਆ ਵਿਚ ਵਿਕਸਿਤ ਹੋ ਜਾਵੇਗਾ ਤਾਂ ਇਸ ਦੀ ਮਦਦ ਨਾਲ ਡਾਕਟਰ ਇਸ ਗੱਲ ਦਾ ਅੰਦਾਜ਼ਾ ਲਾ ਲੈਣਗੇ ਕਿ ਕਿਸ ਮਰੀਜ਼ ਨੂੰ ਘਰ ਭੇਜਿਆ ਜਾ ਸਕਦਾ ਹੈ ਤੇ ਕਿਸ ਨੂੰ ਹਸਪਤਾਲ ਦਾਖਲ ਕਰਨ ਦੀ ਲੋੜ ਹੈ। ਇਸ ਅਧਿਐਨ ਵਿਚ ਚੀਨ ਦੇ 2 ਹਸਪਤਾਲਾਂ ਵਿਚ ਆਏ ਸਾਰਸ ਕੋਰੋਨਾਵਾਇਰਸ ਦੇ 53 ਮਾਮਲਿਆਂ ਦੇ ਇਲਾਜ ਸਬੰਧੀ ਹਰ ਤਰ੍ਹਾਂ ਦੇ ਅੰਕੜਿਆਂ ਦੀ ਵਰਤੋਂ ਕੀਤੀ ਗਈ ਹੈ। ਇਹਨਾਂ ਸਾਰੇ ਮਰੀਜ਼ਾ ਵਿਚ ਸ਼ੁਰੂਆਤੀ ਲੱਛਣ ਬਹੁਤ ਮਾਮੂਲੀ ਪਾਏ ਗਏ ਪਰ ਇਕ ਹਫਤੇ ਬਾਅਦ ਇਹਨਾਂ ਵਿਚੋਂ ਕੁਝ ਦੀ ਹਾਲਤ ਜ਼ਿਆਦਾ ਵਿਗੜਨ ਲੱਗ ਗਈ। ਕੁਝ ਨੂੰ ਤਾਂ ਨਿਮੋਨੀਆ ਤੱਕ ਹੋ ਗਿਆ। 

PunjabKesari

ਇਸ ਅਧਿਐਨ ਦਾ ਟੀਚਾ ਇਹ ਵੀ ਪਤਾ ਕਰਨਾ ਸੀ ਕਿ ਕੀ ਆਰਟੀਫਿਸ਼ੀਅਲ ਇੰਟੈਲੀਜੈਂਸ ਤੋਂ ਇਹ ਪਤਾ ਲਾਇਆ ਜਾ ਸਕਦਾ ਹੈ ਕਿ ਕਿਸੇ ਕੋਰੋਨਾਵਾਇਰਸ ਪੀੜਤ ਨੂੰ ਸਾਹ ਸਬੰਧੀ ਗੰਭੀਰ ਸਮੱਸਿਆ ਹੋ ਸਕਦੀ ਹੈ, ਜੋ ਜਾਨਲੇਵਾ ਹੋਵੇ ਖਾਸਕਰਕੇ ਬਜ਼ੁਰਗਾਂ ਦੇ ਮਾਮਲੇ ਵਿਚ। ਖੋਜਕਾਰਾਂ ਨੇ ਅਜਿਹੇ ਕੰਪਿਊਟਰ ਵਿਕਸਿਤ ਕੀਤੇ ਜੋ ਮੁਹੱਈਆ ਕਰਵਾਏ ਡਾਟਾ ਦੇ ਆਧਾਰ 'ਤੇ ਰਿਪੋਰਟ ਦਿੰਦੇ ਹਨ। ਇਹਨਾਂ ਵਿਚ ਜਿੰਨਾ ਜ਼ਿਆਦਾ ਡਾਟਾ ਫੀਡ ਕੀਤਾ ਜਾਂਦਾ ਹੈ ਇਹ ਉਨਾਂ ਹੀ ਬਿਹਤਰ ਨਤੀਜਾ ਦਿੰਦੇ ਹਨ।


author

Baljit Singh

Content Editor

Related News