ਸਕਾਟਲੈਂਡ ਦੀ ਰੇਂਜਰਜ਼ ਤੇ ਭਾਰਤ ਦੇ ਬੈਂਗਲੁਰੂ ਫੁੱਟਬਾਲ ਕਲੱਬ 'ਚ ਹੋਇਆ ਖੇਡ ਸਮਝੌਤਾ

09/29/2019 2:24:27 PM

ਲੰਡਨ/ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)— ਇੰਗਲੈਂਡ ਦੀਆਂ ਸਮੁੱਚੀਆਂ ਫੁੱਟਬਾਲ ਕਲੱਬਾਂ ਵਿੱਚ ਗਲਾਸਗੋ ਸਥਿਤ ਰੇਂਜਰਜ਼ ਫੁੱਟਬਾਲ ਕਲੱਬ ਦਾ ਅਹਿਮ ਸਥਾਨ ਹੈ। ਬੀਤੇ ਦਿਨੀਂ ਰੇਂਜਰਜ਼ ਵੱਲੋਂ ਭਾਰਤ ਦੀ ਬੈਂਗਲੁਰੂ ਫੁੱਟਬਾਲ ਕਲੱਬ ਨਾਲ ਦੋ ਸਾਲਾ ਸਮਝੌਤਾ ਨੇਪਰੇ ਚੜ੍ਹਿਆ ਹੈ। ਰੇਂਜਰਜ਼ ਸਟੇਡੀਅਮ ਦੇ ਪ੍ਰੈੱਸ ਕਾਨਫਰੰਸ ਹਾਲ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰੇਂਜਰਜ਼ ਦੇ ਮੈਨੇਜਿੰਗ ਡਾਇਰੈਕਟਰ ਸਟੂਅਰਟ ਰੌਬਰਟਸਨ ਅਤੇ ਬੈਂਗਲੁਰੂ ਦੇ 'ਚੀਫ ਐਗਜੈਕਟਿਵ ਮੈਨਡਰ ਤਮਹਾਨੇ' ਨੇ ਦੋਵੇਂ ਕਲੱਬਾਂ ਦਰਮਿਆਨ ਹੋਏ ਖੇਡ ਸਮਝੌਤੇ ਦਾ ਰਸਮੀ ਐਲਾਨ ਕੀਤਾ।

ਇਸ ਸਮੇਂ ਏਸ਼ੀਅਨ ਭਾਈਚਾਰੇ ਵਲੋਂ ਵਿਸ਼ੇਸ਼ ਸੱਦੇ 'ਤੇ ਪਹੁੰਚੇ ਅਨਸ ਸਰਵਰ (ਐੱਮ ਐੱਸ ਪੀ), ਸਾਬਕਾ ਕੌਂਸਲਰ ਤੇ ਬਿਜਨਸਮੈਨ ਸੋਹਣ ਸਿੰਘ ਰੰਧਾਵਾ, ਪ੍ਰੇਮ ਬਾਠ, ਸੱਤੀ ਸਿੰਘ, ਕੈਸ਼ ਟਾਂਕ ਨੇ 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਇਸ ਸਾਂਝ ਨੂੰ ਇਤਿਹਾਸਕ ਦੱਸਦਿਆਂ ਦੋਵੇਂ ਦੇਸ਼ਾਂ ਦੇ ਖਿਡਾਰੀਆਂ ਲਈ ਸ਼ੁੱਭਕਾਮਨਾਵਾਂ ਭੇਂਟ ਕੀਤੀਆਂ। ਸੋਹਣ ਸਿੰਘ ਰੰਧਾਵਾ ਨੇ ਰੇਂਜਰਜ਼ ਨਾਲ ਬੈਂਗਲੁਰੂ ਕਲੱਬ ਦੀ ਪਈ ਗਲਵੱਕੜੀ ਨੂੰ ਭਾਰਤੀ ਫੁੱਟਬਾਲ ਲਈ ਸ਼ੁੱਭ ਦੱਸਦਿਆਂ ਕਿਹਾ ਕਿ ਸਮੁੱਚੇ ਖੇਡ ਪ੍ਰੇਮੀਆਂ ਦੀਆਂ ਨਜ਼ਰਾਂ ਇਸ ਸਾਂਝ ਦੇ ਪਲ ਦਰ ਪਲ ਹੋਰ ਗੂੜ੍ਹੀ ਹੁੰਦੇ ਰਹਿਣ 'ਤੇ ਟਿਕੀਆਂ ਰਹਿਣਗੀਆਂ।


Related News