ਸਜ਼ਾ ਪੂਰੀ ਹੋ ਜਾਣ ''ਤੇ ਵੀ ਇਕ ਭਾਰਤੀ ਨੂੰ ਰਿਹਾਅ ਨਹੀਂ ਕਰ ਰਿਹਾ ਪਾਕਿ

09/21/2017 1:52:40 PM

ਇਸਲਾਮਾਬਾਦ— ਭਾਰਤੀ ਹਾਈ ਕਮੀਸ਼ਨ ਨੇ ਇਸਲਾਮਾਬਾਦ ਹਾਈਕੋਰਟ ਵਿਚ ਇਕ ਭਾਰਤੀ ਨਾਗਰਿਕ ਨੂੰ ਸਜ਼ਾ ਦੇਣ ਵਿਰੁੱਧ ਪਟੀਸ਼ਨ ਦਾਇਰ ਕੀਤੀ ਹੈ। ਪਾਕਿਸਤਾਨ ਵਿਚ ਇਕ ਭਾਰਤੀ ਨਾਗਰਿਕ ਨੂੰ ਪੰਜ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ। ਸਜ਼ਾ ਪੂਰੀ ਹੋ ਜਾਣ ਮਗਰੋਂ ਵੀ ਪਾਕਿਸਤਾਨ ਉਸ ਭਾਰਤੀ ਨਾਗਰਿਕ ਨੂੰ ਰਿਹਾਅ ਨਹੀਂ ਕਰ ਰਿਹਾ ਹੈ। ਬੁੱਧਵਾਰ ਨੂੰ ਇਸਲਾਮਾਬਾਦ ਹਾਈਕੋਰਟ ਦੇ ਜੱਜ ਆਮੇਰ ਫਾਰੂਕ ਨੇ ਇਸ ਮਾਮਲੇ ਨੂੰ ਨੋਟਿਸ ਕੀਤਾ। ਹਾਲਾਂਕਿ ਅਦਾਲਤ ਨੇ ਬਾਅਦ ਵਿਚ ਦਾਇਰ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ। ਦਾਇਰ ਪਟੀਸ਼ਨ ਵਿਰੁੱਧ ਰਜਿਸਟਾਰ ਦਫਤਰ ਨੇ ਕਿਹਾ ਕਿ ਪਾਵਰ ਆਫ ਅਟਾਰਨੀ ਸਹੀ ਤਰੀਕੇ ਨਾਲ ਸਾਈਨ ਨਹੀਂ ਕੀਤੀ ਗਈ ਸੀ ਅਤੇ ਨਾਲ ਹੀ ਸੰਬੰਧਿਤ ਪਾਰਟੀ ਨੂੰ ਜਵਾਬਦੇਹੀ ਦੇ ਰੂਪ ਵਿਚ ਨਾਮਜਦ ਨਹੀਂ ਕੀਤਾ ਗਿਆ ਸੀ, ਜਿਸ ਕਾਰਨ ਪਟੀਸ਼ਨ ਰੱਦ ਕਰ ਦਿੱਤੀ ਗਈ।
ਵਕੀਲ ਮਲਿਕ ਸ਼ਹਿਨਵਾਜ਼ ਨੂਨ ਨੇ ਦੱਸਿਆ ਕਿ ਉਹ ਜ਼ਰੂਰੀ ਬਦਲਾਅ ਕਰਕੇ ਦੁਬਾਰਾ ਪਟੀਸ਼ਨ ਦਾਇਰ ਕਰਨਗੇ। ਭਾਰਤੀ ਨਾਗਰਿਕ ਰਫੀਕ ਜੱਟ ਨੂੰ ਪਾਕਿਸਤਾਨੀ ਫੌਜ ਨੇ ਸਾਲ 2008 ਵਿਚ ਗ੍ਰਿਫਤਾਰ ਕੀਤਾ ਸੀ। ਟ੍ਰਾਇਲ ਮਗਰੋਂ ਸਾਲ 2012 ਵਿਚ ਉਸ ਨੂੰ 5 ਸਾਲ ਲਈ ਜੇਲ ਭੇਜ ਦਿੱਤਾ ਗਿਆ। ਸ਼ਹਿਨਵਾਜ਼ ਨੇ ਦੱਸਿਆ ਕਿ ਰਫੀਕ ਮੁਸਲਿਮ ਭਾਈਚਾਰੇ ਨਾਲ ਸੰਬੰਧ ਰੱਖਦੇ ਹਨ ਅਤੇ ਉਹ ਗੁਜਰਾਤ ਦੇ ਰਹਿਣ ਵਾਲੇ ਹਨ। ਸਾਲ 2008 ਵਿਚ ਉਹ ਪਾਕਿਸਤਾਨ ਮਨਜ਼ੂਰਸ਼ੁਦਾ ਵੀਜ਼ਾ 'ਤੇ ਆਏ ਸਨ। ਪਾਕਿ ਫੌਜ ਨੇ ਉਨ੍ਹਾਂ ਨੂੰ ਸੈਕਸ਼ਨ-59 ਤਹਿਤ ਗ੍ਰਿਫਤਾਰ ਕੀਤਾ ਸੀ।
ਸਜ਼ਾ ਦੌਰਾਨ ਰਫੀਕ ਨੂੰ ਹੋਰ ਕੈਦੀਆਂ ਨਾਲੋਂ ਵੱਖਰੀ ਜੇਲ ਵਿਚ ਰੱਖਿਆ ਗਿਆ। ਹਾਲਾਂਕਿ ਹੁਣ ਉਨ੍ਹਾਂ ਨੂੰ ਕਰਾਚੀ ਜੇਲ ਵਿਚ ਸ਼ਿਫਟ ਕਰ ਦਿੱਤਾ ਗਿਆ ਹੈ। ਉਨ੍ਹਾਂ ਨੂੰ 8 ਮਾਰਚ 2012 ਵਿਚ ਸਜ਼ਾ ਸੁਣਾਈ ਗਈ ਸੀ, ਜੋ ਇਸ ਸਾਲ ਮਾਰਚ ਵਿਚ ਪੂਰੀ ਹੋ ਗਈ ਸੀ ਪਰ ਰਫੀਕ ਨੂੰ ਫਿਰ ਵੀ ਰਿਹਾਅ ਨਹੀਂ ਕੀਤਾ ਗਿਆ।


Related News