PM ਟਰੂਡੋ ਮਗਰੋਂ ਹੁਣ ਕੈਨੇਡੀਅਨ ਪੁਲਸ ਨੇ ਭਾਰਤ 'ਤੇ ਲਗਾਏ ਗੰਭੀਰ ਇਲਜ਼ਾਮ

Friday, Jan 19, 2024 - 10:25 AM (IST)

ਇੰਟਰਨੈਸ਼ਨਲ ਡੈਸਕ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤ 'ਤੇ ਖਾਲਿਸਤਾਨ ਪੱਖੀ ਕੱਟੜਪੰਥੀ ਹਰਦੀਪ ਸਿੰਘ ਨਿੱਝਰ ਦੇ ਕਤਲ ਦਾ ਦੋਸ਼ ਲਾਇਆ ਸੀ। ਉਹ ਵੀ ਬਿਨਾਂ ਕਿਸੇ ਠੋਸ ਸਬੂਤ ਦੇ, ਸਿਰਫ਼ ਤਥਾਕਥਿਤ ਭਰੋਸੇਮੰਦ ਦੋਸ਼ਾਂ ਦੇ ਆਧਾਰ 'ਤੇ। ਹੁਣ ਕੈਨੇਡੀਅਨ ਪੁਲਸ ਨੇ ਇੱਕ ਵਾਰ ਫਿਰ ਭਾਰਤ 'ਤੇ ਅਜਿਹਾ ਹੀ ਇਲਜ਼ਾਮ ਲਗਾਇਆ ਹੈ। ਇਸ ਵਾਰ ਕੈਨੇਡਾ ਦੇ ਇੱਕ ਸੂਬੇ ਵਿੱਚ ਚੱਲ ਰਹੀ ਜ਼ਬਰੀ ਵਸੂਲੀ ਨੂੰ ਭਾਰਤ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ ਹੈ।

ਦਰਅਸਲ ਕੈਨੇਡੀਅਨ ਪੁਲਸ ਜ਼ਬਰੀ ਵਸੂਲੀ ਅਤੇ ਇਸ ਨਾਲ ਸਬੰਧਤ ਅਪਰਾਧਾਂ ਦੀ ਇੱਕ ਲੜੀ ਦੀ ਜਾਂਚ ਕਰ ਰਹੀ ਹੈ। ਪੁਲਸ ਦਾ ਮੰਨਣਾ ਹੈ ਕਿ ਇਨ੍ਹਾਂ ਮਾਮਲਿਆਂ ਵਿੱਚ ਇੱਕ ਭਾਰਤੀ ਵਿਅਕਤੀ ਸ਼ਾਮਲ ਹੈ। ਇਸ ਵਿੱਚ ਕੈਨੇਡਾ ਦੇ ਅਲਬਰਟਾ ਐਡਮਿੰਟਨ ਵਿੱਚ ਰਹਿਣ ਵਾਲੇ ਅਪਰਾਧੀ ਵੀ ਸ਼ਾਮਲ ਹਨ। ਇਹ ਲੋਕ ਦੱਖਣੀ ਏਸ਼ੀਆ ਦੇ ਅਮੀਰ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਨਿਊਜ਼ ਏਜੰਸੀ ਰਾਇਟਰਜ਼ ਨੇ ਐਡਮਿੰਟਨ ਪੁਲਸ ਦੇ ਹਵਾਲੇ ਨਾਲ ਕਿਹਾ ਹੈ ਕਿ ਕੈਨੇਡਾ ਵਿੱਚ ਇਨ੍ਹੀਂ ਦਿਨੀਂ ਅਪਰਾਧ ਦਾ ਇੱਕ ਨਵਾਂ ਰੁਝਾਨ ਦੇਖਣ ਨੂੰ ਮਿਲਿਆ ਹੈ। ਇਨ੍ਹਾਂ 'ਚ ਇਕ ਖ਼ਾਸ ਕਿਸਮ ਦਾ ਪੈਟਰਨ ਦੇਖਿਆ ਗਿਆ ਹੈ। ਇਨ੍ਹਾਂ ਮਾਮਲਿਆਂ ਵਿੱਚ ਅਪਰਾਧੀ ਵਟਸਐਪ ਰਾਹੀਂ ਪੈਸਿਆਂ ਦੀ ਮੰਗ ਵਾਲੇ ਸੰਦੇਸ਼ ਭੇਜਦੇ ਹਨ। ਪੀੜਤਾਂ ਤੋਂ ਉਨ੍ਹਾਂ ਦੀ ਸੁਰੱਖਿਆ ਦੇ ਬਦਲੇ ਪੈਸੇ ਦੀ ਮੰਗ ਕੀਤੀ ਜਾਂਦੀ ਹੈ। ਬ੍ਰਿਟਿਸ਼ ਕੋਲੰਬੀਆ ਅਤੇ ਓਂਟਾਰੀਓ ਤੋਂ ਅਜਿਹੇ ਅਪਰਾਧਾਂ ਦੀਆਂ ਰਿਪੋਰਟਾਂ ਆਈਆਂ ਹਨ।

ਹਾਲਾਂਕਿ ਪੁਲਸ ਨੇ ਇਹ ਵੀ ਕਿਹਾ ਕਿ ਅਜੇ ਤੱਕ ਅਜਿਹਾ ਕੋਈ ਸਬੂਤ ਨਹੀਂ ਮਿਲਿਆ ਹੈ ਜੋ ਇਹ ਦਰਸਾਉਂਦਾ ਹੋਵੇ ਕਿ ਇਹ ਘਟਨਾਵਾਂ ਐਡਮਿੰਟਨ ਵਿੱਚ ਵਾਪਰੀਆਂ ਘਟਨਾਵਾਂ ਨਾਲ ਸਬੰਧਤ ਹਨ। ਭਾਵ ਇਸ ਵਾਰ ਵੀ ਦੋਸ਼ਾਂ ਦਾ ਆਧਾਰ ਠੋਸ ਨਹੀਂ ਹੈ। ਕੈਨੇਡਾ ਵਿੱਚ ਅਕਤੂਬਰ 2023 ਤੋਂ ਜਨਵਰੀ 2024 ਤੱਕ ਅਜਿਹੀਆਂ 27 ਘਟਨਾਵਾਂ ਸਾਹਮਣੇ ਆਈਆਂ ਹਨ। ਇਨ੍ਹਾਂ ਵਿੱਚ ਜ਼ਬਰੀ ਵਸੂਲੀ, ਅੱਗਜ਼ਨੀ ਅਤੇ ਗੱਡੀ ਚਲਾਉਂਦੇ ਸਮੇਂ ਗੋਲੀਬਾਰੀ ਸ਼ਾਮਲ ਹੈ। ਪੁਲਸ ਨੇ ਸੰਭਾਵਨਾ ਜਤਾਈ ਹੈ ਕਿ ਅਜਿਹੇ ਹੋਰ ਵੀ ਕਈ ਲੋਕ ਹੋ ਸਕਦੇ ਹਨ। ਜਿਨ੍ਹਾਂ ਨਾਲ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਪੁਲਸ ਨੇ ਅਜਿਹੇ ਹੋਰ ਲੋਕਾਂ ਨੂੰ ਵੀ ਅੱਗੇ ਆਉਣ ਅਤੇ ਰਿਪੋਰਟ ਦਰਜ ਕਰਨ ਦੀ ਅਪੀਲ ਕੀਤੀ ਹੈ।

ਪੜ੍ਹੋ ਇਹ ਅਹਿਮ ਖ਼ਬਰ-ਨਿਊਜ਼ੀਲੈਂਡ ਦੇ PM ਵਜੋਂ ਕ੍ਰਿਸਟੋਫਰ ਨੇ 100 ਦਿਨੀਂ ਯੋਜਨਾਵਾਂ ਦਾ ਕੀਤਾ ਐਲਾਨ

ਭਾਰਤ ਨਾਲ ਕੀ ਸਬੰਧ 

ਐਡਮਿੰਟਨ ਪੁਲਸ ਇੰਸਪੈਕਟਰ ਲਾਂਸ ਪਾਰਕਰ ਨੇ ਰਾਇਟਰਜ਼ ਨੂੰ ਦੱਸਿਆ,"ਸਾਡਾ ਮੰਨਣਾ ਹੈ ਕਿ ਅਪਰਾਧਾਂ ਦੀ ਇਸ ਲੜੀ ਵਿੱਚ ਸਥਾਨਕ ਅਪਰਾਧੀ ਸ਼ਾਮਲ ਹਨ। ਇਹ ਅਪਰਾਧੀ ਸਾਰੇ ਭਾਰਤ ਦੇ ਇੱਕ ਸ਼ੱਕੀ ਵਿਅਕਤੀ ਦੇ ਇਸ਼ਾਰੇ 'ਤੇ ਕੰਮ ਕਰ ਰਹੇ ਹਨ।" ਪਾਰਕਰ ਨੇ ਅੱਗੇ ਕਿਹਾ ਕਿ ਅੱਗਜ਼ਨੀ ਨਾਲ ਸਬੰਧਤ ਅਪਰਾਧਾਂ ਲਈ ਛੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਗੋਲੀਬਾਰੀ 'ਚ ਅਜੇ ਤੱਕ ਕਿਸੇ ਦੇ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ। ਹਾਲਾਂਕਿ ਅੱਗ ਬੁਝਾਉਣ ਦੀ ਘਟਨਾ ਵਿੱਚ ਇੱਕ ਫਾਇਰ ਫਾਈਟਰ ਜ਼ਖ਼ਮੀ ਹੋ ਗਿਆ। ਪਾਰਕਰ ਮੁਤਾਬਕ ਇਨ੍ਹਾਂ ਅਪਰਾਧਾਂ 'ਚ ਹੁਣ ਤੱਕ ਘੱਟੋ-ਘੱਟ 6.7 ਮਿਲੀਅਨ ਡਾਲਰ ਯਾਨੀ 55 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਦਾ ਨੁਕਸਾਨ ਹੋ ਚੁੱਕਾ ਹੈ।

ਪੁਲਸ ਨੇ ਇਨ੍ਹਾਂ ਅਪਰਾਧਾਂ ਦੇ ਭਾਰਤ ਨਾਲ ਸਬੰਧ ਬਾਰੇ ਹੋਰ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਸਿਰਫ ਇੰਨਾ ਹੀ ਕਿਹਾ ਕਿ ਇਨ੍ਹਾਂ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਪਿਛਲੇ ਸਾਲ ਖਾਲਿਸਤਾਨੀ ਕੱਟੜਪੰਥੀ ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਬਾਅਦ ਭਾਰਤ-ਕੈਨੇਡਾ ਸਬੰਧਾਂ ਵਿੱਚ ਤਣਾਅ ਬਣਿਆ ਹੋਇਆ ਹੈ। ਕੈਨੇਡਾ ਨੇ ਇਸ ਕਤਲ ਵਿੱਚ ਭਾਰਤੀ ਏਜੰਟਾਂ ਦੇ ਹੱਥ ਹੋਣ ਦਾ ਦੋਸ਼ ਲਾਇਆ ਸੀ। ਹਾਲਾਂਕਿ ਭਾਰਤ ਨੇ ਇਨ੍ਹਾਂ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 
 


Vandana

Content Editor

Related News