ਸਿੱਧੂ ਮੂਸੇਵਾਲਾ ਦੇ ਕਤਲਕਾਂਡ ਤੋਂ ਬਾਅਦ ਗੁਰਪਤਵੰਤ ਪੰਨੂੰ ਦੀ ਪੰਜਾਬੀ ਗਾਇਕਾਂ ਨੂੰ ਚਿਤਾਵਨੀ
Tuesday, May 31, 2022 - 02:15 PM (IST)

ਇੰਟਰਨੈਸ਼ਨਲ ਡੈਸਕ (ਬਿਊਰੋ) ਕੌਮਾਂਤਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਆਪਣੀ ਪਛਾਣ ਬਣਾਉਣ ਵਾਲੇ ਗਾਇਕ ਸਿੱਧੂ ਮੂਸੇਵਾਲਾ ਦਾ ਬੀਤੇ ਦਿਨੀਂ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਉਹਨਾਂ ਦੇ ਕਤਲ ਮਗਰੋਂ ਜਿੱਥੇ ਕੌਮਾਂਤਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਭਾਰਤੀ ਭਾਈਚਾਰੇ ਦੇ ਲੋਕਾਂ ਵੱਲੋਂ ਨਿਆਂ ਦੀ ਮੰਗ ਕੀਤੀ ਜਾ ਰਹੀ ਹੈ। ਉੱਥੇ ਸਿੱਖਸ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂੰ ਵੱਲੋਂ ਗਾਇਕਾਂ ਲਈ ਇਕ ਸੰਦੇਸ਼ ਜਾਰੀ ਕੀਤਾ ਗਿਆ ਹੈ। ਇਸ ਸੰਦੇਸ਼ ਵਿਚ ਉਹਨਾਂ ਨੇ ਪੰਜਾਬ ਦੀ ਆਜ਼ਾਦੀ ਦਾ ਰਾਗ ਅਲਾਪਿਆ ਹੈ।ਮਤਲਬ ਗਾਇਕਾਂ ਨੂੰ 'ਖਾਲਿਸਤਾਨੀ ਅੰਦੋਲਨ' ਦਾ ਸਮਰਥਨ ਕਰਨ ਲਈ ਕਿਹਾ ਹੈ।
ਆਪਣੇ ਸੰਦੇਸ਼ ਵਿਚ ਪੰਨੂੰ ਨੇ ਕਿਹਾ ਕਿ ਪੰਜਾਬੀ ਗਾਇਕਾਂ ਨੇ ਕੌਮਾਂਤਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਬਹੁਤ ਸਾਰੇ ਗੀਤ ਗਾਏ ਹਨ ਪਰ ਪੰਜਾਬ ਦੀ ਆਜ਼ਾਦੀ ਬਾਰੇ ਕੋਈ ਗੀਤ ਨਹੀਂ ਗਾਇਆ। ਉਹਨਾਂ ਨੇ ਕੁਝ ਗਾਇਕਾਂ ਜਿਵੇਂ ਕੰਵਰ ਗਰੇਵਾਲ, ਬੱਬੂ ਮਾਨ, ਦਿਲਜੀਤ ਦੋਸਾਂਝ, ਪਰਵੀਸ਼ ਵਰਮਾ ਆਦਿ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਉਹਨਾਂ ਨੂੰ 6 ਜੂਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਆਜ਼ਾਦੀ ਦੀ ਅਰਦਾਸ ਕਰਨ ਦੀ ਅਪੀਲ ਕੀਤੀ। ਪੰਨੂੰ ਨੇ ਕਿਹਾ ਕਿ ਅੱਜ ਸਿੱਧੂ ਮੂਸੇਵਾਲਾ ਦਾ ਪੰਜਾਬ ਵਿਚ ਸਿਆਸੀ ਕਤਲ ਹੋਇਆ ਹੈ। ਸਿੱਖਸ ਫੌਰ ਜਸਟਿਸ ਦਾ ਪੰਜਾਬ ਦੇ ਗਾਉਣ ਵਾਲਿਆਂ ਅਤੇ ਗੀਤਕਾਰਾਂ ਨੂੰ ਸੁਨੇਹਾ ਹੈ ਕਿ ਉਹ 6 ਜੂਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚਣ।
ਪੜ੍ਹੋ ਇਹ ਅਹਿਮ ਖ਼ਬਰ- ਔਰਤਾਂ ਲਈ ਨਰਕ ਬਣਿਆ ਪਾਕਿਸਤਾਨ, ਹਰੇਕ ਸਾਲ ਹੋ ਰਹੀਆਂ 1100 ਤੋਂ ਵੱਧ ਆਨਰ ਕਿਲਿੰਗ
ਪੰਨੂੰ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਕਤਲ ਦੇ ਬਾਅਦ ਅਗਲੀ ਗੋਲੀ 'ਤੇ ਕਿਸ ਦਾ ਨਾਮ ਲਿਖਿਆ ਹੈ ਕੋਈ ਨਹੀਂ ਜਾਣਦਾ। ਸਾਡੀ ਅਤੇ ਗੀਤਕਾਰਾਂ ਦੀ ਜ਼ਿੰਦਗੀ ਦਾ ਮੁੱਲ 10 ਰੁਪਏ ਹੈ। ਪੰਨੂੰ ਨੇ ਜ਼ੋਰ ਦੇ ਕੇ ਕਿਹਾ ਕਿ ਜਿਹੜਾ ਗਾਇਕ ਆਜ਼ਾਦੀ ਲਈ ਖੜ੍ਹੇਗਾ, ਕੌਮ ਉਸ ਨੂੰ ਆਪਣਾ ਹੀਰੋ ਮੰਨੇਗੀ। ਇਸ 6 ਜੂਨ ਨੂੰ ਦਰਬਾਰ ਸਾਹਿਬ ਤੋਂ ਐਲਾਨ ਹੋਵੇਗਾ ਪੰਜਾਬ ਦੀ ਆਜ਼ਾਦੀ ਦੀਆਂ, ਖਾਲਿਸਤਾਨ ਰੈਫੋਰੰਡਮ ਦੀਆਂ ਵੋਟਾਂ ਦਾ। ਆਜ਼ਾਦੀ ਦੇ ਇਸ ਘੋਲ ਵਿਚ ਤੁਹਾਨੂੰ ਸਾਰਿਆਂ ਨੂੰ ਆਪਣਾ ਯੋਗਦਾਨ ਦੇਣ ਲਈ ਅੱਗੇ ਆਉਣਾ ਚਾਹੀਦਾ ਹੈ।