ਭਾਰਤ ਤੋਂ ਬਾਅਦ ਹੁਣ ਇਸ ਦੇਸ਼ ''ਚ ਐਪਲ ਨੇ ਭੇਜਿਆ ਅਲਰਟ, ਮਚਿਆ ਹੰਗਾਮਾ
Monday, Nov 06, 2023 - 05:27 PM (IST)
ਗੈਜੇਟ ਡੈਸਕ- ਐਪਲ ਨੇ ਪਿਛਲੇ ਹਫਤੇ ਭਾਰਤ 'ਚ ਵਿਰੋਧੀ ਧਿਰ ਦੇ ਕੁਝ ਨੇਤਾਵਾਂ ਨੂੰ ਇਕ ਅਲਰਟ ਭੇਜਿਆ ਸੀ ਜਿਸ ਵਿਚ ਕਿਹਾ ਗਿਆ ਸੀ ਕਿ ਉਨ੍ਹਾਂ ਦੇ ਆਈਫੋਨ 'ਤੇ ਰਾਜ ਪ੍ਰਯੋਜਿਤ ਅਟੈਕ ਦਾ ਖ਼ਦਸ਼ਾ ਹੈ। ਇਸ ਅਲਰਟ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾਵਾਂ ਨੇ ਮੋਦੀ ਸਰਕਾਰ 'ਤੇ ਜਾਸੂਸੀ ਦਾ ਦੋਸ਼ ਲਗਾਇਆ ਸੀ। ਭਾਰਤ 'ਚ ਅਜੇ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ ਪਰ ਇਸ ਵਿਚਕਾਰ ਐਪਲ ਨੇ ਅਰਮੀਨੀਆ 'ਚ ਆਈਫੋਨ ਯੂਜ਼ਰਜ਼ ਨੂੰ ਰਾਜ ਪ੍ਰਯੋਜਿਤ ਹੈਕਿੰਗ ਦਾ ਅਲਰਟ ਭੇਜਿਆ ਹੈ।
ਐਪਲ ਇਨਸਾਈਡਰ ਦੀ ਰਿਪੋਰਟ ਮੁਤਾਬਕ, ਐਪਲ ਨੇ ਅਰਮੀਨੀਆ 'ਚ ਵੀ ਉਸੇ ਦਿਨ ਅਲਰਟ ਭੇਜਿਆ ਸੀ ਜਿਸ ਦਿਨ ਭਾਰਤ 'ਚ ਕੁਝ ਲੋਕਾਂ ਨੂੰ ਇਹ ਅਲਰਟ ਭੇਜਿਆ ਗਿਆ ਸੀ। ਹਾਲਾਂਕਿ, ਦੋਵਾਂ ਹੀ ਮਾਮਲਿਆਂ 'ਚ ਐਪਲ ਨੇ ਕਿਹਾ ਹੈ ਕਿ ਇਹ ਅਲਰਟ ਫਰਜ਼ੀ ਵੀ ਹੋ ਸਕਦਾ ਹੈ, ਬਾਵਜੂਦ ਇਸਦੇ ਤੁਹਾਨੂੰ ਅਲਰਟ ਰਹਿਣ ਦੀ ਲੋੜ ਹੈ।
ਰਿਪੋਰਟ 'ਚ ਕਿਹਾ ਜਾ ਰਿਹਾ ਹੈ ਕਿ ਇਹ ਅਲਰਟ ਪੇਗਾਸੁਸ ਸਪਾਈਵੇਅਰ ਨੂੰ ਲੈ ਕੇ ਵੀ ਹੋ ਸਕਦਾ ਹੈ। ਅਰਮੀਨੀਆ ਨੇ ਇਸ ਅਲਰਟ ਲਈ ਅਜ਼ਰਬੈਜਾਨ 'ਤੇ ਦੋਸ਼ ਲਗਾਇਆ ਹੈ। ਅਰਮੀਨੀਆ ਨੇ ਕਿਹਾ ਹੈ ਕਿ ਹੋ ਸਕਦਾ ਹੈ ਕਿ ਅਜ਼ਰਬੈਜਾਨ ਨੇ ਪੇਗਾਸੁਸ ਨੂੰ ਸਾਡੇ ਦੇਸ਼ ਦੇ ਲੋਕਾਂ ਦੀ ਜਾਸੂਸੀ ਕਰਨ ਲਈ ਇਜ਼ਰਾਈਲ ਦੇ ਐੱਨ.ਐੱਸ.ਓ. ਗਰੁੱਪ ਤੋਂ ਖ਼ਰੀਦਿਆ ਹੋਵੇਗਾ। ਅਰਮੀਨੀਆ 'ਚ ਵੀ ਇਹ ਅਲਰਟ ਕੁਝ ਖ਼ਾਸ ਲੋਕਾਂ ਨੂੰ ਹੀ ਮਿਲਿਆ ਹੈ।
ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਅਜ਼ਰਬੈਜਾਨ ਨੇ ਪੇਗਾਸੁਸ ਦੀ ਮਦਦ ਨਾਲ ਕਥਿਤ ਤੌਰ 'ਤੇ ਅਰਮੀਨੀਆ ਅਤੇ ਉਸਦੀਆਂ ਸਰਹੱਦਾਂ ਦੇ ਅੰਦਰ ਲਗਭਗ ਇਕ ਹਜ਼ਾਰ ਵਿਅਕਤੀਆਂ ਨੂੰ ਨਿਸ਼ਾਨਾ ਬਣਾਇਆ ਹੈ। ਹਾਲਾਂਕਿ, ਸਹੀ ਗਿਣਤੀ ਦੀ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ।