75 ਵਰ੍ਹਿਆਂ ਬਾਅਦ 'ਜੱਦੀ 'ਘਰ' ਦੇਖਣ ਲਈ 92 ਸਾਲਾ ਰੀਨਾ ਪਹੁੰਚੀ ਪਾਕਿਸਤਾਨ, ਨਮ ਹੋਈਆਂ ਅੱਖਾਂ

Sunday, Jul 17, 2022 - 10:33 AM (IST)

75 ਵਰ੍ਹਿਆਂ ਬਾਅਦ 'ਜੱਦੀ 'ਘਰ' ਦੇਖਣ ਲਈ 92 ਸਾਲਾ ਰੀਨਾ ਪਹੁੰਚੀ ਪਾਕਿਸਤਾਨ, ਨਮ ਹੋਈਆਂ ਅੱਖਾਂ

ਲਾਹੌਰ (ਅਨਸ)- 92 ਸਾਲਾ ਭਾਰਤੀ ਔਰਤ ਰੀਨਾ ਛਿੱਬਰ ਆਪਣਾ ਜੱਦੀ ਘਰ ‘ਪ੍ਰੇਮ ਨਿਵਾਸ’ ਦੇਖਣ ਸ਼ਨੀਵਾਰ ਨੂੰ ਪਾਕਿਸਤਾਨ ਪਹੁੰਚੀ। ਪਾਕਿਸਤਾਨੀ ਹਾਈ ਕਮਿਸ਼ਨ ਨੇ ਸਦਭਾਵਨਾ ਦਿਖਾਉਂਦੇ ਹੋਏ ਰੀਨਾ ਛਿੱਬਰ ਨੂੰ 3 ਮਹੀਨਿਆਂ ਦਾ ਵੀਜ਼ਾ ਜਾਰੀ ਕੀਤਾ ਹੈ।ਸ਼ਨੀਵਾਰ ਸਵੇਰੇ ਜਿਵੇਂ ਹੀ ਰੀਨਾ ਵਾਹਘਾ ਬਾਰਡਰ ਰਾਹੀਂ ਪਾਕਿਸਤਾਨ ਵਿਚ ਦਾਖਲ ਹੋਈ ਤਾਂ ਉਸ ਦੀਆਂ ਅੱਖਾਂ ਭਰ ਆਈਆਂ। ਉਹ ਰਾਵਲਪਿੰਡੀ ਲਈ ਰਵਾਨਾ ਹੋਈ ਜਿਥੇ ਉਹ ਆਪਣੇ ਜੱਦੀ ਘਰ ‘ਪ੍ਰੇਮ ਨਿਵਾਸ’ ਅਤੇ ਗੁਆਂਢੀ ਦੇ ਆਪਣੇ ਬਚਪਨ ਦੇ ਦੋਸਤਾਂ ਨਾਲ ਮਿਲਣ ਜਾਏਗੀ।

ਰੀਨਾ ਨੇ ਉਸ ਬਹੁ-ਸੱਭਿਆਚਾਰਕ ਭਾਈਚਾਰੇ ਨੂੰ ਯਾਦ ਕੀਤਾ ਜੋ ਵੰਡ ਤੋਂ ਪਹਿਲਾਂ ‘ਪਿੰਡੀ’ ਵਿਚ ਵਧ-ਫੁੱਲ ਰਿਹਾ ਸੀ। ਉਨ੍ਹਾਂ ਨੇ ਕਿਹਾ ਕਿ ਮੁਸਲਮਾਨਾਂ ਸਮੇਤ ਵੱਖ-ਵੱਖ ਭਾਈਚਾਰਿਆਂ ਦੇ ਲੋਕ ਮੇਰੇ ਭਰਾ-ਭੈਣਾਂ ਦੇ ਦੋਸਤ ਸਨ, ਜੋ ਸਾਡੇ ਘਰ ਆਉਂਦੇ ਸਨ। ਸਾਡੇ ਘਰ ਦੇ ਨੌਕਰ-ਚਾਕਰ ਵੀ ਵੱਖ-ਵੱਖ ਭਾਈਚਾਰਿਆਂ ਨਾਲ ਸਬੰਧਤ ਸਨ।1947 ਵਿਚ ਵੰਡ ਤੋਂ ਬਾਅਦ ਰੀਨਾ ਛਿੱਬਰ ਦਾ ਪਰਿਵਾਰ ਭਾਰਤ ਆ ਗਿਆ ਸੀ। ਉਹ ਉਸ ਸਮੇਂ 15 ਸਾਲਾਂ ਦੀ ਸੀ ਅਤੇ ਓਦੋਂ ਤੋਂ 75 ਵਰ੍ਹਿਆਂ ਤੋਂ ਜ਼ਿਆਦਾ ਸਮਾਂ ਬੀਤ ਚੁੱਕਾ ਹੈ ਪਰ ਉਹ ਆਪਣੇ ਜੱਦੀ ਘਰ ਨੂੰ ਆਪਣੇ ਮਨ ’ਚੋਂ ਕੱਢ ਨਹੀਂ ਸਕੀ। 

ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ ਪੁਲਸ ਨੇ ਰਿਪੁਦਮਨ ਸਿੰਘ ਮਲਿਕ ਦੇ ਕਤਲ ਨਾਲ ਜੁੜੇ ਵਾਹਨ ਦੀ ਕੀਤੀ ਪਛਾਣ

ਰੀਨਾ ਨੇ 1965 ਵਿਚ ਪਾਕਿਸਤਾਨ ਜਾਣ ਲਈ ਵੀਜ਼ੇ ਲਈ ਅਪਲੀਕੇਸ਼ਨ ਦਿੱਤੀ ਸੀ ਪਰ ਦੋਨੋਂ ਗੁਆਂਢੀ ਦੇਸ਼ਾਂ ਵਿਚਾਲੇ ਜੰਗ ਕਾਰਨ ਤਣਾਅ ਦਰਮਿਆਨ ਉਨ੍ਹਾਂ ਨੂੰ ਇਜਾਜ਼ਤ ਨਹੀਂ ਮਿਲੀ ਸੀ। ਉਨ੍ਹਾਂ ਨੇ 2021 ਵਿਚ ਸੋਸ਼ਲ ਮੀਡੀਆ ’ਤੇ ਆਪਣੇ ਜੱਦੀ ਘਰ ਜਾਣ ਦੀ ਇੱਛਾ ਪ੍ਰਗਟਾਈ ਸੀ ਜਿਸ ’ਤੇ ਸੱਜਾਦ ਹੈਦਰ ਨਾਮੀ ਇਕ ਪਾਕਿਸਤਾਨੀ ਨਾਗਰਿਕ ਨੇ ਉਸ ਨਾਲ ਸੰਪਰਕ ਕਰ ਕੇ ਉਨ੍ਹਾਂ ਦੇ ਘਰ ਦੀਆਂ ਫੋਟੋਆਂ ਭੇਜੀਆਂ ਸਨ। ਰੀਨਾ ਨੇ 2021 ਵਿਚ ਜੱਦੀ ਘਰ ਜਾਣ ਲਈ ਵੀਜ਼ੇ ਲਈ ਅਪਲੀਕੇਸ਼ਨ ਦਿੱਤੀ ਸੀ ਪਰ ਉਸਨੂੰ ਵੀ ਅਸਵੀਕਾਰ ਕਰ ਦਿੱਤਾ ਗਿਆ ਸੀ।

ਪਾਕਿ ਵਿਦੇਸ਼ ਰਾਜ ਮੰਤਰੀ ਹਿਨਾ ਰੱਬਾਨੀ ਨੂੰ ਟੈਗ ਕਰਨ ਨਾਲ ਮਿਲਿਆ ਵੀਜ਼ਾ

ਰੀਨਾ ਨੇ ਪਾਕਿਸਤਾਨ ਜਾਣ ਦੀ ਇੱਛਾ ਪ੍ਰਗਟ ਕਰਦੇ ਹੋਏ ਵੀਜ਼ੇ ਸਬੰਧੀ ਸੋਸ਼ਲ ਮੀਡੀਆ ਦੀ ਸ਼ਰਨ ਲਈ ਅਤੇ ਆਪਣੀ ਪੋਸਟ ਵਿਚ ਪਾਕਿਸਤਾਨ ਦੀ ਵਿਦੇਸ਼ ਰਾਜ ਮੰਤਰੀ ਹਿਨਾ ਰੱਬਾਨੀ ਖਾਰ ਨੂੰ ਟੈਗ ਕੀਤਾ। ਇਸ ਟੈਗਿੰਗ ਦਾ ਅਸਰ ਇਹ ਹੋਇਆ ਕਿ ਮੰਤਰੀ ਨੇ ਪਾਕਿਸਤਾਨੀ ਹਾਈ ਕਮਿਸ਼ਨ ਨੂੰ ਰੀਨਾ ਨੂੰ ਵੀਜ਼ਾ ਜਾਰੀ ਕਰਨ ਦਾ ਨਿਰਦੇਸ਼ ਦਿੱਤਾ ਅਤੇ ਇਸਦੇ ਤੁਰੰਤ ਬਾਅਦ ਨਵੀਂ ਦਿੱਲੀ ਵਿਚ ਹਾਈ ਕਮਿਸ਼ਨ ਵਲੋਂ ਉਨ੍ਹਾਂ ਨਾਲ ਸੰਪਰਕ ਕੀਤਾ ਗਿਆ। ਕਮਿਸ਼ਨ ਦੇ ਆਫਤਾਬ ਹਸਨ ਖਾਨ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ 90 ਦਿਨਾਂ ਦਾ ਵੀਜ਼ਾ ਜਾਰੀ ਕੀਤਾ ਗਿਆ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News