ਚੀਨ ਦੇ ਖਿਲਾਫ ਅਫਰੀਕੀ ਦੇਸ਼ਾਂ ''ਚ ਵਿਰੋਧੀ ਸੁਰ, ਉੱਠੀ ਆਰਥਿਕ ਰਿਸ਼ਤੇ ਤੋੜਨ ਦੀ ਮੰਗ

04/25/2020 6:30:20 PM

ਨੈਰੋਬੀ- ਕੋਰੋਨਾ ਮਹਾਮਾਰੀ ਦੇ ਵਿਚਾਲੇ ਚੀਨ ਦੇ ਖਿਲਾਫ ਯੂਰਪ ਤੇ ਅਮਰੀਕਾ ਵਿਚ ਹੀ ਨਹੀਂ ਹੁਣ ਅਫਰੀਕੀ ਦੇਸ਼ਾਂ ਵਿਚ ਵੀ ਆਵਾਜ਼ ਬੁਲੰਦ ਹੋਣ ਲੱਗੀ ਹੈ। ਨਿਊਜ਼ ਏਜੰਸੀ ਏ.ਐਨ.ਆਈ. ਦੀ ਰਿਪੋਰਟ ਵਿਚ ਕਿਹਾ ਗਿਆ ਹੈ ਸਾਰੇ ਅਫਰੀਕੀ ਦੇਸ਼ ਹੁਣ ਚੀਨ ਵਲੋਂ ਮੁਹੱਈਆ ਕਰਵਾਏ ਗਏ ਫੰਡ ਤੇ ਉਸ ਦੇ ਨਿਵੇਸ਼ਾਂ ਦੇ ਫਾਇਦੇ ਤੇ ਨੁਕਸਾਨ ਦੀ ਬਾਰੀਕੀ ਨਾਲ ਸਮੀਖਿਆ ਕਰ ਰਹੇ ਹਨ। ਮਹਾਮਾਰੀ ਨਾਲ ਜੂਝ ਰਹੇ ਸਥਾਨਕ ਲੋਕ ਪੂਰੇ ਅਫਰੀਕਾ ਵਿਚ ਚੀਨ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਲੋਕਾਂ ਦੀ ਮੰਗ ਹੈ ਕਿ ਚੀਨ ਦੇ ਨਾਲ ਸਾਰੇ ਆਰਥਿਕ ਸਬੰਧਾਂ ਨੂੰ ਪੂਰੀ ਤਰ੍ਹਾਂ ਨਾਲ ਖਤਮ ਕੀਤਾ ਜਾਵੇ ਕਿਉਂਕਿ ਚੀਨੀ ਫੰਡ ਬੇਹੱਦ ਮਹਿੰਦੇ ਸਾਬਿਤ ਹੋ ਰਹੇ ਹਨ।

ਅਫਰੀਕੀ ਦੇਸ਼ਾਂ ਵਿਚ ਕੰਮ ਕਰਨ ਵਾਲੇ ਚੀਨੀ ਨਾਗਰਿਕਾਂ ਦੇ ਖਿਲਾਫ ਸਥਾਨਕ ਲੋਕਾਂ ਦਾ ਗੁੱਸਾ ਇਸ ਤਰ੍ਹਾਂ ਵਧ ਗਿਆ ਹੈ ਕਿ ਉਹ ਉਹਨਾਂ ਦੇ ਨਾਲ ਦੁਸ਼ਮਣੀ ਭਰਿਆ ਵਿਵਹਾਰ ਕਰਨ ਲੱਗੇ ਹਨ। ਹਾਲ ਦੇ ਦਿਨਾਂ ਵਿਚ ਕੋਰੋਨਾ ਵਾਇਰਸ ਸੰਕਟ ਦੇ ਵਿਚਾਲੇ ਚੀਨ ਵਿਚ ਵੀ ਅਫਰੀਕੀ ਮੂਲ ਦੇ ਲੋਕਾਂ ਦੇ ਨਾਲ ਬੁਰੇ ਵਤੀਰੇ ਤੇ ਭੇਦ-ਭਾਵ ਦੀ ਰਿਪੋਰਟ ਸਾਹਮਣੇ ਆਈ ਸੀ। ਬੀਤੇ ਦਿਨੀਂ ਚੀਨ ਵਿਚ ਅਫਰੀਕੀ ਮੂਲ ਦੇ ਲੋਕਾਂ ਦੇ ਖਿਲਾਫ ਵਿਰੋਧ ਦੀ ਲਹਿਰ ਦਾ ਹੀ ਨਤੀਜਾ ਸੀ ਕਿ ਵਧੇਰੇ ਅਫਰੀਕੀ ਲੋਕਾਂ ਨੂੰ ਹੋਟਲਾਂ ਤੇ ਉਹਨਾਂ ਦੇ ਮਕਾਨ ਮਾਲਕਾਂ ਵਲੋਂ ਕੱਢ ਦਿੱਤਾ ਗਿਆ ਸੀ, ਜਿਸ ਨਾਲ ਉਹ ਬੇਘਰ ਹੋ ਗਏ। ਇਸ ਬਾਰੇ ਸੀ.ਐਨ.ਐਨ. ਦੀ ਰਿਪੋਰਟ ਵੀ ਸਾਹਮਣੇ ਆਈ ਸੀ, ਜਿਸ ਵਿਚ ਚੀਨ ਤੇ ਅਫਰੀਕਾ ਦੇ ਵਿਚਾਲੇ ਪੈਦਾ ਹੋਏ ਤਣਾਅ ਦਾ ਜ਼ਿਕਰ ਕੀਤਾ ਗਿਆ ਸੀ।

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਹਨਾਂ ਘਟਨਾਵਾਂ ਨੇ ਚੀਨ ਤੇ ਅਫਰੀਕੀ ਦੇਸ਼ਾਂ ਦੇ ਕਾਰੋਬਾਰੀ ਰਿਸ਼ਤਿਆਂ 'ਤੇ ਡੂੰਘਾ ਅਸਰ ਪਾਇਆ ਹੈ। ਅਫਰੀਕੀ ਦੇਸ਼ਾਂ ਦੇ ਨਾਲ ਵਪਾਰ ਤੇ ਕਾਰੋਬਾਰੀ ਰਿਸ਼ਤਿਆਂ ਨੂੰ ਬਣਾਉਣ ਵਿਚ ਚੀਨ ਨੂੰ ਦਹਾਕਿਆਂ ਤੱਕ ਦਾ ਸਮਾਂ ਲੱਗਿਆ ਸੀ। ਅਧਿਕਾਰਿਤ ਅੰਕੜੇ ਦੱਸਦੇ ਹਨ ਕਿ ਸਾਲ 2019 ਵਿਚ ਚੀਨ ਤੇ ਅਫਰੀਕੀ ਦੇਸ਼ਾਂ ਦੇ ਵਿਚਾਲੇ 208 ਅਰਬ ਡਾਲਰ ਦਾ ਵਪਾਰ ਹੋਇਆ ਸੀ। ਹੌਲੀ-ਹੌਲੀ ਚੀਨ ਅਫਰੀਕੀ ਦੇਸ਼ਾਂ ਵਿਚ ਕਈ ਪਰੀਯੋਜਨਾਵਾਂ ਸ਼ੁਰੂ ਕਰਨ ਲੱਗਿਆ ਸੀ। ਇਸ ਨੂੰ ਲੈ ਕੇ ਅਮਰੀਕਾ ਨੇ ਅਫਰੀਕੀ ਦੇਸ਼ਾਂ ਨੂੰ ਸਾਵਧਾਨ ਵੀ ਕੀਤਾ ਸੀ ਕਿ ਇਸ ਨੂੰ ਚੀਨੀ ਡੈਬਿਟ ਟ੍ਰੈਪ ਡਿਪਲੋਮੈਸੀ ਕਰਾਰ ਦਿੱਤਾ ਸੀ।

ਚੀਨ ਦੇ ਖਿਲਾਫ ਵਿਰੋਧ ਇਥੋਂ ਤੱਕ ਵਧ ਗਿਆ ਹੈ ਕਿ ਤੰਜ਼ਾਨੀਆ ਨੇ ਵੀ ਅਫਰੀਕੀ ਦੇਸ਼ਾਂ ਦੀ ਲਾਈਨ ਵਿਚ ਸ਼ਾਮਲ ਹੋ ਕੇ ਚੀਨੀ ਨਿਵੇਸ਼ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਰਿਪੋਰਟ ਹੈ ਕਿ ਤੰਜ਼ਾਨੀਆ ਦੇ ਰਾਸ਼ਟਰਪਤੀ ਜਾਨ ਮੈਗੂਫੁਲੀ ਨੇ ਆਪਣੇ ਤੋਂ ਪਹਿਲੇ ਰਾਸ਼ਟਰਪਤੀ ਜਕਾਇਆ ਕਿਵੇਟੇ ਵਲੋਂ ਦਸਤਖਤ ਕੀਤੇ 10 ਬਿਲੀਅਨ ਡਾਲਰ ਦੇ ਚੀਨੀ ਕਰਜ਼ਾ ਸਮਝੌਤੇ ਨੂੰ ਰੱਦ ਕਰ ਦਿੱਤਾ ਗਿਆ ਹੈ। ਤੰਜ਼ਾਨੀਆ ਵਲੋਂ ਚੀਨ ਨੂੰ ਇਹ ਵੱਡਾ ਝਟਕਾ ਹੈ। ਹਾਲਾਂਕਿ ਇਸ ਰਿਪੋਰਟ ਦੀ ਪੁਸ਼ਟੀ ਅਜੇ ਅਧਿਕਾਰਿਤ ਤੌਰ 'ਤੇ ਨਹੀਂ ਹੋ ਸਕੀ ਹੈ। ਦੱਸ ਦਈਏ ਕਿ ਚੀਨ ਦੇ ਖਿਲਾਫ ਬੁਲੰਦ ਹੋ ਰਹੀਆਂ ਆਵਾਜ਼ਾਂ ਵਿਚ ਅਮਰੀਕਾ ਦੇ ਨਾਲ-ਨਾਲ ਕਈ ਯੂਰਪੀ ਦੇਸ਼ ਵੀ ਸ਼ਾਮਲ ਹੋ ਚੁੱਕੇ ਹਨ।


Baljit Singh

Content Editor

Related News