UN ਰਿਪੋਰਟ: ਤਾਲਿਬਾਨ ਸ਼ਾਸਨ ''ਚ ਔਰਤਾਂ ਲਈ ਦੁਨੀਆ ਦਾ ਸਭ ਤੋਂ ਅੱਤਿਆਚਾਰੀ ਦੇਸ਼ ਬਣਿਆ ਅਫਗਾਨਿਸਤਾਨ

03/08/2023 9:14:05 PM

ਇੰਟਰਨੈਸ਼ਨਲ ਡੈਸਕ : ਸੰਯੁਕਤ ਰਾਸ਼ਟਰ (ਯੂਐੱਨ) ਨੇ ਬੁੱਧਵਾਰ ਨੂੰ ਕਿਹਾ ਕਿ ਤਾਲਿਬਾਨ ਵੱਲੋਂ ਕਬਜ਼ਾ ਕੀਤੇ ਜਾਣ ਤੋਂ ਬਾਅਦ ਅਫਗਾਨਿਸਤਾਨ ਕਈ ਬੁਨਿਆਦੀ ਅਧਿਕਾਰਾਂ ਤੋਂ ਵਾਂਝੀਆਂ ਔਰਤਾਂ ਅਤੇ ਲੜਕੀਆਂ ਲਈ ਦੁਨੀਆ ਦਾ ਸਭ ਤੋਂ ਦਮਨਕਾਰੀ ਦੇਸ਼ ਬਣ ਗਿਆ ਹੈ। ਸੰਯੁਕਤ ਰਾਸ਼ਟਰ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਜਾਰੀ ਇਕ ਬਿਆਨ 'ਚ ਕਿਹਾ ਕਿ ਅਫਗਾਨਿਸਤਾਨ ਦੇ ਨਵੇਂ ਸ਼ਾਸਕਾਂ ਨੇ ਅਜਿਹੇ ਨਿਯਮਾਂ ਨੂੰ ਲਾਗੂ ਕਰਨ 'ਤੇ ਜ਼ੋਰ ਦਿੱਤਾ ਹੈ, ਜਿਸ ਨਾਲ ਜ਼ਿਆਦਾਤਰ ਔਰਤਾਂ ਅਤੇ ਲੜਕੀਆਂ ਆਪਣੇ ਘਰਾਂ 'ਚ ਕੈਦ ਹੋ ਗਈਆਂ ਹਨ। ਬਿਆਨ ਮੁਤਾਬਕ ਅਗਸਤ 2021 'ਚ ਅਫਗਾਨਿਸਤਾਨ 'ਚ ਸੱਤਾ ਸੰਭਾਲਣ ਤੋਂ ਬਾਅਦ ਤਾਲਿਬਾਨ ਨੇ ਉਦਾਰਵਾਦੀ ਰੁਖ ਅਪਣਾਉਣ ਦਾ ਵਾਅਦਾ ਕੀਤਾ ਸੀ ਪਰ ਇਸ ਦੇ ਬਾਵਜੂਦ ਉਸ ਨੇ ਸਖਤ ਨਿਯਮ ਲਾਗੂ ਕੀਤੇ ਹਨ।

ਇਹ ਵੀ ਪੜ੍ਹੋ : ਰੰਜਿਸ਼ ਕਾਰਨ ਬਜ਼ੁਰਗ ਦਾ ਕਤਲ, ਚਾਕੂ ਮਾਰ-ਮਾਰ ਗੁਆਂਢੀ ਨੇ ਉਤਾਰਿਆ ਮੌਤ ਦੇ ਘਾਟ

ਉਨ੍ਹਾਂ ਨੇ 6ਵੀਂ ਜਮਾਤ ਤੋਂ ਬਾਅਦ ਲੜਕੀਆਂ ਦੀ ਪੜ੍ਹਾਈ ਦੇ ਨਾਲ-ਨਾਲ ਪਾਰਕਾਂ ਅਤੇ ਜਿੰਮ ਵਰਗੀਆਂ ਜਨਤਕ ਥਾਵਾਂ 'ਤੇ ਔਰਤਾਂ ਦੀ ਮੌਜੂਦਗੀ 'ਤੇ ਪਾਬੰਦੀ ਲਗਾ ਦਿੱਤੀ। ਇਸ ਦੇ ਨਾਲ ਹੀ ਔਰਤਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਗੈਰ-ਸਰਕਾਰੀ ਸੰਗਠਨਾਂ ਵਿੱਚ ਕੰਮ ਕਰਨ ਤੋਂ ਵੀ ਰੋਕ ਦਿੱਤਾ ਗਿਆ ਹੈ ਤੇ ਉਨ੍ਹਾਂ ਨੂੰ ਆਪਣੇ-ਆਪ ਨੂੰ ਸਿਰ ਤੋਂ ਪੈਰਾਂ ਤੱਕ ਢਕਣ ਦਾ ਹੁਕਮ ਦਿੱਤਾ ਗਿਆ ਹੈ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਦੀ ਵਿਸ਼ੇਸ਼ ਪ੍ਰਤੀਨਿਧੀ ਅਤੇ ਅਫਗਾਨਿਸਤਾਨ 'ਚ ਮਿਸ਼ਨ ਦੀ ਮੁਖੀ ਰੋਜ਼ਾ ਓਤੁਨਬਾਏਵਾ ਨੇ ਕਿਹਾ, "ਤਾਲਿਬਾਨ ਸ਼ਾਸਨ ਅਧੀਨ ਅਫਗਾਨਿਸਤਾਨ ਔਰਤਾਂ ਦੇ ਅਧਿਕਾਰਾਂ ਲਈ ਦੁਨੀਆ ਦਾ ਸਭ ਤੋਂ ਦਮਨਕਾਰੀ ਦੇਸ਼ ਬਣ ਗਿਆ ਹੈ।" ਉਨ੍ਹਾਂ ਨੇ ਕਿਹਾ, "ਅਫਗਾਨ ਔਰਤਾਂ ਅਤੇ ਲੜਕੀਆਂ ਨੂੰ ਜਨਤਕ ਸਥਾਨਾਂ ਤੋਂ ਬਾਹਰ ਕਰਨ ਦੇ ਉਨ੍ਹਾਂ ਦੇ ਯੋਜਨਾਬੱਧ ਯਤਨਾਂ ਨੂੰ ਦੇਖ ਕੇ ਦੁੱਖ ਹੁੰਦਾ ਹੈ।"

ਇਹ ਵੀ ਪੜ੍ਹੋ : ਹੋਲੀ ਮੌਕੇ ਸ਼ਰਾਬ ਪੀਂਦਿਆਂ ਦੋਸਤਾਂ 'ਚ ਖੜਕੀ, ਸਾਥੀ ਦਾ ਕਰ 'ਤਾ ਕਤਲ

ਅਫਗਾਨਿਸਤਾਨ 'ਚ ਔਰਤਾਂ 'ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਦੀ ਕੌਮਾਂਤਰੀ ਪੱਧਰ 'ਤੇ ਨਿੰਦਾ ਹੋਈ ਹੈ ਪਰ ਤਾਲਿਬਾਨ ਨੇ ਆਪਣੇ ਕੱਟੜਪੰਥੀ ਰੁਖ ਤੋਂ ਪਿੱਛੇ ਹਟਣ ਦਾ ਕੋਈ ਸੰਕੇਤ ਨਹੀਂ ਦਿਖਾਇਆ। ਹਾਲਾਂਕਿ, ਉਸ ਨੇ ਦਾਅਵਾ ਕੀਤਾ ਕਿ ਇਹ ਪਾਬੰਦੀਆਂ ਅਸਥਾਈ ਹਨ ਕਿਉਂਕਿ ਔਰਤਾਂ ਸਹੀ ਢੰਗ ਨਾਲ ਹਿਜਾਬ ਨਹੀਂ ਪਹਿਨ ਰਹੀਆਂ ਸਨ ਅਤੇ ਕਈ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਸੀ। ਯੂਨੀਵਰਸਿਟੀਆਂ ਵਿੱਚ ਔਰਤਾਂ ਦੀ ਸਿੱਖਿਆ ’ਤੇ ਪਾਬੰਦੀ ਬਾਰੇ ਤਾਲਿਬਾਨ ਸਰਕਾਰ ਦਾ ਦਾਅਵਾ ਹੈ ਕਿ ਪੜ੍ਹਾਏ ਜਾ ਰਹੇ ਕੁਝ ਵਿਸ਼ੇ ਅਫਗਾਨ ਅਤੇ ਇਸਲਾਮੀ ਕਦਰਾਂ-ਕੀਮਤਾਂ ਦੇ ਮੁਤਾਬਕ ਨਹੀਂ ਹਨ। ਓਤੁਨਬਾਏਵਾ ਨੇ ਕਿਹਾ ਕਿ ਦੇਸ਼ ਦੀ ਅੱਧੀ ਆਬਾਦੀ ਨੂੰ ਉਨ੍ਹਾਂ ਦੇ ਘਰਾਂ ਤੱਕ ਸੀਮਤ ਰੱਖਣਾ ਦੁਨੀਆ ਦੇ ਸਭ ਤੋਂ ਵੱਡੇ ਮਾਨਵਤਾਵਾਦੀ ਅਤੇ ਆਰਥਿਕ ਸੰਕਟਾਂ 'ਚੋਂ ਇਕ ਹੈ ਅਤੇ ਇਹ ਰਾਸ਼ਟਰੀ ਸਵੈ-ਨੁਕਸਾਨ ਦਾ ਇਕ ਕੰਮ ਹੈ।

ਇਹ ਵੀ ਪੜ੍ਹੋ : ਰਾਸ਼ਟਰਪਤੀ ਦੀ ਆਮਦ ਤੋਂ ਪਹਿਲਾਂ ਕਿਸਾਨਾਂ ਵੱਲੋਂ ਦਿੱਤਾ ਜਾਣ ਵਾਲਾ ਧਰਨਾ ਪੁਲਸ ਦੇ ਭਰੋਸੇ ਤੋਂ ਬਾਅਦ ਮੁਲਤਵੀ

ਉਨ੍ਹਾਂ ਕਿਹਾ ਕਿ ਇਹ ਕਦਮ ਅਫਗਾਨਿਸਤਾਨ ਨੂੰ ਆਪਣੇ ਨਾਗਰਿਕਾਂ ਅਤੇ ਬਾਕੀ ਦੁਨੀਆ ਤੋਂ ਅਲੱਗ ਕਰ ਦੇਣਗੇ। ਕਾਬੁਲ ਵਿੱਚ ਇਕ ਕਾਰਪੇਟ ਫੈਕਟਰੀ 'ਚ ਬਹੁਤ ਸਾਰੀਆਂ ਕੁੜੀਆਂ ਕੰਮ ਕਰਦੀਆਂ ਹਨ, ਜੋ ਪਹਿਲਾਂ ਸਕੂਲ ਜਾਂ ਯੂਨੀਵਰਸਿਟੀਆਂ ਵਿੱਚ ਪੜ੍ਹਦੀਆਂ ਸਨ। ਉਨ੍ਹਾਂ ਦੇ ਨਾਲ ਉਹ ਔਰਤਾਂ ਵੀ ਸ਼ਾਮਲ ਹਨ, ਜੋ ਪਹਿਲਾਂ ਸਰਕਾਰੀ ਮੁਲਾਜ਼ਮ ਸਨ ਅਤੇ ਹੁਣ ਗਲੀਚੇ ਬੁਣ ਕੇ ਆਪਣਾ ਦਿਨ ਬਤੀਤ ਕਰਦੀਆਂ ਹਨ। ਦੇਸ਼ 'ਚ ਔਰਤਾਂ ਦੀ ਸਿੱਖਿਆ 'ਤੇ ਪਾਬੰਦੀ ਲੱਗਣ ਤੋਂ ਪਹਿਲਾਂ ਹਾਫਿਜ਼ਾ ਕਾਨੂੰਨ ਦੇ ਪਹਿਲੇ ਸਾਲ ਦੀ ਵਿਦਿਆਰਥਣ ਸੀ। ਉਸ ਨੇ ਕਿਹਾ, “ਅਸੀਂ ਸਾਰੇ ਇੱਥੇ ਕੈਦੀਆਂ ਵਾਂਗ ਹਾਂ, ਸਾਨੂੰ ਅਜਿਹਾ ਮਹਿਸੂਸ ਹੁੰਦਾ ਹੈ ਜਿਵੇਂ ਅਸੀਂ ਪਿੰਜਰੇ ਵਿੱਚ ਕੈਦ ਹਾਂ।” ਉਸ ਨੇ ਅੱਗੇ ਕਿਹਾ, "ਸਭ ਤੋਂ ਬੁਰਾ ਹੁੰਦਾ ਹੈ ਜਦੋਂ ਤੁਹਾਡੇ ਸੁਪਨੇ ਚਕਨਾਚੂਰ ਹੋ ਜਾਂਦੇ ਹਨ ਅਤੇ ਤੁਹਾਨੂੰ ਇਕ ਔਰਤ ਹੋਣ ਦੀ ਸਜ਼ਾ ਦਿੱਤੀ ਜਾਂਦੀ ਹੈ।"

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News