ਅਫਗਾਨਿਸਤਾਨ 'ਚ ਆਤਮਘਾਤੀ ਧਮਾਕੇ, ਘੱਟੋ-ਘੱਟ 4 ਜਵਾਨ ਜ਼ਖਮੀ
Monday, Nov 18, 2019 - 11:56 AM (IST)

ਕਾਬੁਲ (ਭਾਸ਼ਾ): ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਸੋਮਵਾਰ ਨੂੰ ਇਕ ਮਿਲਟਰੀ ਸਿਖਲਾਈ ਕੇਂਦਰ ਨੂੰ ਨਿਸ਼ਾਨਾ ਬਣਾ ਕੇ ਆਤਮਘਾਤੀ ਧਮਾਕੇ ਕੀਤੇ ਗਏ। ਇਨ੍ਹਾਂ ਧਮਾਕਿਆਂ ਵਿਚ ਅਫਗਾਨ ਰਾਸ਼ਟਰੀ ਸੈਨਾ ਦੇ 4 ਜਵਾਨ ਜ਼ਖਮੀ ਹੋ ਗਏ। ਪੁਲਸ ਅਤੇ ਗ੍ਰਹਿ ਮੰਤਰਾਲੇ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ। ਇਕ ਸਮਾਚਾਰ ਏਜੰਸੀ ਨੇ ਪੁਲਸ ਦੇ ਹਵਾਲੇ ਨਾਲ ਕਿਹਾ,''ਇਕ ਆਤਮਘਾਤੀ ਹਮਲਾਵਰ ਨੇ ਪੁਲਸ ਜ਼ਿਲਾ 19 ਵਿਚ ਅਫਗਾਨ ਨੈਸ਼ਨਲ ਆਰਮੀ ਦੇ ਕਾਬੁਲ ਮਿਲਟਰੀ ਸਿਖਲਾਈ ਕੇਂਦਰ ਦੇ ਬਾਹਰ ਸਵੇਰੇ 7:30 ਵਜੇ ਖੁਦ ਨੂੰ ਉਡਾ ਲਿਆ।''
ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ ਕਿਉਂਕਿ ਜਾਂਚ ਚੱਲ ਰਹੀ ਹੈ। ਇਕ ਗਵਾਹ ਦੇ ਮੁਤਾਬਕ ਜਦੋਂ ਧਮਾਕਾ ਹੋਇਆ ਉਦੋਂ ਕੇਦਰ ਵਿਚ ਫੌਜ ਦੇ ਅਧਿਕਾਰੀ ਅਤੇ ਸੁਰੱਖਿਆ ਕਰਮੀ ਪਹੁੰਚ ਰਹੇ ਸਨ। ਗ੍ਰਹਿ ਮੰਤਰਾਲੇ ਦੇ ਬੁਲਾਰੇ ਨਸਰਤ ਰਹੀਮੀ ਨੇ ਟਵੀਟ ਕਰਦਿਆਂ ਕਿਹਾ ਕਿ ਹਮਲਾਵਰ ਨੇ ਕਾਬੁਲ ਦੇ ਪੱਛਮੀ ਕਿਨਾਰੇ 'ਤੇ ਕਾਬੁਲ ਮਿਲਟਰੀ ਸਿਖਲਾਈ ਕੇਂਦਰ ਨੂੰ ਨਿਸ਼ਾਨਾ ਬਣਾਇਆ। ਐਮਰਜੈਂਸੀ ਵਰਕਰ ਅਤੇ ਜਾਂਚਕਰਤਾ ਸਥਿਤੀ ਦੀ ਜਾਂਚ ਕਰ ਰਹੇ ਹਨ। ਧਮਾਕਿਆਂ ਦੀ ਤੁਰੰਤ ਕਿਸੇ ਸਮੂਹ ਨੇ ਜ਼ਿੰਮੇਵਾਰੀ ਨਹੀਂ ਲਈ ਹੈ ਪਰ ਤਾਲਿਬਾਨ ਅਤੇ ਇਸਲਾਮੀ ਬਾਗੀਆਂ ਦੋਹਾਂ ਨੇ ਰਾਜਧਾਨੀ ਵਿਚ ਹਮਲੇ ਕੀਤੇ ਹਨ।