ਤਾਲਿਬਾਨ ਰਾਜ 'ਚ ਅਫ਼ਗਾਨ ਲੋਕਾਂ ਲਈ ਇਕ ਹੋਰ ਵੱਡੀ ਮੁਸੀਬਤ, ਹਨੇਰੇ 'ਚ ਡੁੱਬੇ ਕਾਬੁਲ ਸਮੇਤ ਕਈ ਸੂਬੇ

Thursday, Oct 14, 2021 - 02:05 PM (IST)

ਕਾਬੁਲ: ਉਜ਼ਬੇਕਿਸਤਾਨ ਤੋਂ ਹੋਣ ਵਾਲੀ ਸਪਲਾਈ ਵਿਚ ਤਕਨੀਕੀ ਖ਼ਰਾਬੀ ਦੇ ਸਾਹਮਣੇ ਆਉਣ ਦੇ ਬਾਅਦ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਨਾਲ-ਨਾਲ ਕਈ ਹੋਰ ਸੂਬਿਆਂ ਵਿਚ ਬਿਜਲੀ ਦੀ ਸਪਲਾਈ ਠੱਪ ਹੋ ਗਈ ਹੈ। ਅਫ਼ਗਾਨਿਸਤਾਨ ਦੀ ਸਰਕਾਰੀ ਬਿਜਲੀ ਕੰਪਨੀ 'ਦਾ ਅਫ਼ਗਾਨਿਸਤਾਨ ਬ੍ਰੇਸ਼ਨਾ ਸ਼ੇਰਕਤ (ਡੀ.ਏ.ਬੀ.ਐੱਸ.) ਨੇ ਬੁੱਧਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਇਹ ਬਲੈਕਆਊਟ ਅਜਿਹੇ ਸਮੇਂ ਹੋਇਆ ਹੈ, ਜਦੋਂ ਕੁੱਝ ਦਿਨ ਪਹਿਲਾਂ ਇਹ ਰਿਪੋਰਟ ਸਾਹਮਣੇ ਆਈ ਸੀ ਕਿ ਮੱਧ ਏਸ਼ੀਆਈ ਦੇਸ਼ਾਂ ਨੂੰ ਲਗਭਗ 6.2 ਕਰੋੜ ਡਾਲਰ ਦੇ ਬਿਜਲੀ ਦੇ ਬਿੱਲਾਂ ਦਾ ਭੁਗਤਾਨ ਕਰਨ ਲਈ ਡੀ.ਏ.ਬੀ.ਐੱਸ. ਸਰਕਾਰੀ ਅਧਿਕਾਰੀਆਂ ਦੀ ਸੰਪਤੀ ਨੂੰ ਵੇਚਣ ਦੀ ਤਿਆਰੀ ਵਿਚ ਹੈ। ਦੱਸ ਦੇਈਏ ਕਿ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਤੋਂ ਹੀ ਅਫ਼ਗਾਨਿਸਤਾਨ ਵਿਚ ਖਾਣ-ਪੀਣ ਦਾ ਸੰਕਟ ਪੈਦਾ ਹੋ ਗਿਆ ਹੈ।

ਇਹ ਵੀ ਪੜ੍ਹੋ : ਤਾਈਵਾਨ ’ਚ 13 ਮੰਜ਼ਲਾ ਇਮਾਰਤ ਨੂੰ ਲੱਗੀ ਭਿਆਨਕ ਅੱਗ, 14 ਲੋਕਾਂ ਦੀ ਮੌਤ

ਇਕ ਸਮਾਚਾਰ ਏਜੰਸੀ ਨੇ ਅਫ਼ਗਾਨ ਬਿਜਲੀ ਕੰਪਨੀ ਦੇ ਹਵਾਲੇ ਤੋਂ ਦੱਸਿਆ ਕਿ ਉੱਤਰੀ ਅਫ਼ਗਾਨਿਸਤਾਨ ਦੇ ਬਘਲਾਨ ਸੂਬੇ ਵਿਚ ਤਕਨੀਕੀ ਖ਼ਰਾਬੀ ਕਾਰਨ ਬਿਜਲੀ ਸਪਲਾਈ ਵਿਚ ਵਿਘਨ ਪਿਆ ਹੈ। ਹਾਲਾਂਕਿ, ਬਿਜਲੀ ਕੰਪਨੀ ਨੇ ਇਹ ਵੀ ਕਿਹਾ ਹੈ ਕਿ ਉਨ੍ਹਾਂ ਦਾ ਤਕਨੀਕੀ ਸਟਾਫ਼ ਇਸ ਸਮੱਸਿਆ ਨੂੰ ਛੇਤੀ ਤੋਂ ਛੇਤੀ ਹੱਲ ਕਰਨ ਲਈ ਕੰਮ ਕਰ ਰਿਹਾ ਹੈ। ਦੱਸ ਦੇਈਏ ਕਿ ਬਿਜਲੀ ਸਪਲਾਈ ਲਈ ਅਫ਼ਗਾਨਿਸਤਾਨ ਮੱਧ ਏਸ਼ੀਆ ਦੇ ਦੇਸ਼ਾਂ 'ਤੇ ਨਿਰਭਰ ਹੈ। ਅਫ਼ਗਾਨਿਸਤਾਨ ਨੂੰ 80 ਫ਼ੀਸਦੀ ਬਿਜਲੀ ਉਜ਼ਬੇਕਿਸਤਾਨ ਅਤੇ ਤਜ਼ਾਕਿਸਤਾਨ ਤੋਂ ਮਿਲਦੀ ਹੈ। ਹਾਲਾਂਕਿ, ਇਸ ਸਾਲ ਅਗਸਤ ਵਿਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਤਾਲਿਬਾਨ ਇਨ੍ਹਾਂ ਦੇਸ਼ਾਂ ਦਾ ਕਰਜ਼ਾ ਮੋੜਨ ਵਿਚ ਅਸਮਰੱਥ ਰਿਹਾ ਹੈ।

ਇਹ ਵੀ ਪੜ੍ਹੋ : ਨਾਰਵੇ ’ਚ ਸਿਰਫਿਰੇ ਵਿਅਕਤੀ ਨੇ ਤੀਰ-ਕਮਾਨ ਨਾਲ ਕੀਤਾ ਹਮਲਾ, 5 ਲੋਕਾਂ ਦੀ ਮੌਤ

ਡੀ.ਏ.ਬੀ.ਐੱਸ. ਦੇ ਮੁਖੀ ਦਾਊਦ ਨੂਰਜ਼ਈ ਨੇ ਇਸ ਮਹੀਨੇ ਦੱਸਿਆ ਸੀ ਕਿ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਸਰਦੀਆਂ ਦੇ ਆਉਣ ਤੱਕ ਬਿਜਲੀ ਦੇ ਗੰਭੀਰ ਕੱਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਕਿਹਾ ਸੀ ਕਿ ਤਾਲਿਬਾਨ ਵੱਲੋਂ ਬਿਜਲੀ ਸਪਲਾਈ ਕਰਨ ਵਾਲੇ ਦੇਸ਼ਾਂ ਨੂੰ ਬਕਾਇਆ ਬਿੱਲਾਂ ਦੀ ਅਦਾਇਗੀ ਨਾ ਕਰਨ ਕਾਰਨ ਅਜਿਹਾ ਹੋ ਸਕਦਾ ਹੈ। ਹਾਲਾਂਕਿ, ਇਸ ਦੌਰਾਨ ਡੀ.ਏ.ਬੀ.ਐੱਸ. ਦੇ ਕਾਰਜਕਾਰੀ ਮੁਖੀ ਸਫੀਉੱਲਾ ਅਹਿਮਦਜ਼ਈ ਨੇ ਕਿਹਾ ਹੈ ਕਿ ਉਹ ਜਲਦ ਹੀ ਯੋਜਨਾਬੱਧ ਤਰੀਕੇ ਨਾਲ ਸਾਰੇ ਬਕਾਏ ਅਦਾ ਕਰ ਦੇਣਗੇ, ਤਾਂ ਕਿ ਬਿਜਲੀ ਦੇ ਕੱਟਾਂ ਤੋਂ ਬਚਿਆ ਜਾ ਸਕੇ।

ਇਹ ਵੀ ਪੜ੍ਹੋ : ਫੇਸਬੁੱਕ ਦੇ ਢਾਈ ਅਰਬ ਯੂਜ਼ਰਸ ਦੀ ਨਿਗਰਾਨੀ ਕਰਦੇ ਹਨ 40 ਹਜ਼ਾਰ ਮੁਲਾਜ਼ਮ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News