ਅਫਗਾਨਿਸਤਾਨ ਦੇ ਉਪ ਰਾਸ਼ਟਰਪਤੀ ਅਮਰੁੱਲਾ ਸਾਲੇਹ ''ਤੇ ਜਾਨਲੇਵਾ ਹਮਲਾ, ਕਈ ਲੋਕ ਜ਼ਖਮੀ

09/09/2020 11:51:40 AM

ਕਾਬੁਲ (ਬਿਊਰੋ): ਤਾਲਿਬਾਨ ਅਤੇ ਪਾਕਿਸਤਾਨ ਦੇ ਕੱਟੜ ਆਲੋਚਕ ਅਫਗਾਨਿਸਤਾਨ ਦੇ ਉਪ ਰਾਸ਼ਟਰਪਤੀ ਅਮਰੁੱਲਾ ਸਾਲੇਹ ਦੇ ਕਾਫਲੇ 'ਤੇ ਰਾਜਧਾਨੀ ਕਾਬੁਲ ਵਿਚ ਬੁੱਧਵਾਰ ਨੂੰ ਭਿਆਨਕ ਬੰਬ ਹਮਲਾ ਹੋਇਆ। ਇਸ ਹਮਲੇ ਵਿਚ ਸਾਲੇਹ ਵਾਲ-ਵਾਲ ਬਚੇ ਗਏ ਹਨ। ਸਾਲੇਹ ਦੇ ਬੇਟੇ ਨੇ ਦੱਸਿਆ ਕਿ ਉਹਨਾਂ ਦੇ ਕਾਫਲੇ 'ਤੇ ਹਮਲਾ ਹੋਇਆ ਹੈ ਪਰ ਇਸ ਵਿਚ ਉਹਨਾਂ ਦੇ ਨਾਲ ਦਾ ਕੋਈ ਵਿਅਕਤੀ ਜ਼ਖਮੀ ਨਹੀਂ ਹੋਇਆ ਹੈ। ਬੰਬ ਹਮਲੇ ਵਿਚ ਘੱਟੋ-ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਅਤੇ 12 ਲੋਕ ਜ਼ਖਮੀ ਹੋਏ ਹਨ।

PunjabKesari

ਉਪ ਰਾਸ਼ਟਰਪਤੀ ਸਾਲੇਹ ਦੇ ਬੇਟੇ ਐਬਾਦ ਸਾਲੇਹ  ਨੇ ਟਵੀਟ ਕਰ ਕੇ ਕਿਹਾ,''ਮੈਂ ਭਰੋਸਾ ਦੇਣਾ ਚਾਹੁੰਦਾ ਹਾਂ ਕਿ ਮੈਂ ਅਤੇ ਮੇਰੇ ਪਿਤਾ ਦੋਵੇਂ ਸੁਰੱਖਿਅਤ ਹਨ। ਸਾਡੇ ਨਾਲ ਦਾ ਕੋਈ ਵੀ ਵਿਅਕਤੀ ਸ਼ਹੀਦ ਨਹੀਂ ਹੋਇਆ ਹੈ।ਸਾਰੇ ਲੋਕ ਸੁਰੱਖਿਅਤ ਹਨ।'' ਐਬਾਦ ਆਪਣੇ ਪਿਤਾ ਦੇ ਨਾਲ ਯਾਤਰਾ ਕਰ ਰਹੇ ਸਨ। ਇਸ ਤੋਂ ਪਹਿਲਾਂ ਵੀ ਸਾਲੇਹ 'ਤੇ ਪਿਛਲੇ ਸਾਲ ਜਾਨਲੇਵਾ ਹਮਲਾ ਹੋਇਆ ਸੀ, ਜਿਸ ਵਿਚ 20 ਲੋਕ ਮਾਰੇ ਗਏ ਸਨ।

ਤਾਜ਼ਾ ਹੋਇਆ ਧਮਾਕਾ ਇੰਨਾ ਭਿਆਨਕ ਸੀ ਕਿ ਗੱਡੀਆਂ ਦੇ ਪਰਖੱਚੇ ਉੱਡ ਗਏ। ਨੇੜੇ ਦੀਆਂ ਇਮਾਰਤਾਂ ਨੂੰ ਵੀ ਕਾਫੀ ਨੁਕਸਾਨ ਪਹੁੰਚਿਆ। ਸੜਕਾਂ 'ਤੇ ਹਰ ਪਾਸੇ ਤਬਾਹੀ ਦਾ ਨਜ਼ਾਰਾ ਹੈ। ਇੱਥੇ ਦੱਸ ਦਈਏ ਕਿ ਅੱਜ ਦੇ ਦਿਨ ਹੀ 19 ਸਾਲ ਪਹਿਲਾਂ ਤਾਲਿਬਾਨ ਦੇ ਵਿਰੋਧੀ ਨੇਤਾ ਰਹੇ ਅਬਦੁੱਲ ਸ਼ਾਹ ਮਸੂਦ ਦਾ ਕਤਲ ਕਰ ਦਿੱਤਾ ਗਿਆ ਸੀ। ਮੰਨਿਆ ਜਾ ਰਿਹਾ ਹੈ ਕਿ ਇਸ ਹਮਲੇ ਦੇ ਪਿੱਛੇ ਤਾਲਿਬਾਨ ਅਤੇ ਪਾਕਿਸਤਾਨ ਦੇ ਅੱਤਵਾਦੀ ਗੁੱਟਾਂ ਦਾ ਹੱਥ ਹੈ। ਅਫਗਾਨ ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਹੈ ਅਤੇ ਤਲਾਸ਼ੀ ਮੁਹਿੰਮ ਜਾਰੀ ਹੈ। ਉੱਧਰ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਕੁਝ ਜ਼ਖਮੀਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਧਮਾਕੇ ਦੇ ਕਾਰਨ ਇਲਾਕੇ ਵਿਚ ਅੱਗ ਲੱਗ ਗਈ ਸੀ ਜਿਸ ਨੂੰ ਫਾਇਰ ਫਾਈਟਰਾਂ ਨੇ ਬੁਝਾ ਦਿੱਤਾ ਹੈ। ਹਾਲੇ ਤੱਕ ਕਿਸੇ ਸਮੂਹ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।


Vandana

Content Editor

Related News