ਤਾਲਿਬਾਨ ਨੇ ਪੱਛਮੀ ਦੇਸ਼ਾਂ ਦੇ 2 ਪ੍ਰੋਫੈਸਰਾਂ ਨੂੰ ਕੀਤਾ ਰਿਹਾਅ
Tuesday, Nov 19, 2019 - 05:26 PM (IST)

ਕਾਬੁਲ (ਭਾਸ਼ਾ): ਅਫਗਾਨਿਸਤਾਨ ਦੇ ਦੱਖਣੀ ਖੇਤਰ ਵਿਚ ਤਾਲਿਬਾਨ ਨੇ ਮੰਗਲਵਾਰ ਨੂੰ ਪੱਛਮੀ ਦੇਸ਼ਾਂ ਦੇ 2 ਬੰਧਕਾਂ ਨੂੰ ਮੁਕਤ ਕਰ ਦਿੱਤਾ। ਉਨ੍ਹਾਂ ਨੂੰ ਅਮਰੀਕੀ ਬਲਾਂ ਨੂੰ ਸੌਂਪ ਦਿੱਤਾ ਗਿਆ ਹੈ। ਤਾਲਿਬਾਨੀ ਸੂਤਰਾਂ ਅਤੇ ਪੁਲਸ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਰਿਹਾਅ ਕੀਤੇ ਗਏ ਦੋਵੇਂ ਪ੍ਰੋਫੈਸਰ 2016 ਤੋਂ ਬੰਧਕ ਸਨ। ਇਕ ਸਥਾਨਕ ਪੁਲਸ ਸੂਤਰ ਨੇ ਕਿਹਾ,''ਜਬੁਲ ਸੂਬੇ ਦੇ ਨੌਬਹਾਰ ਜ਼ਿਲੇ ਵਿਚ ਅੱਜ ਸਵੇਰੇ ਲੱਗਭਗ 10 ਵਜੇ ਯੂਨੀਵਰਸਿਟੀ ਦੇ ਦੋ ਪ੍ਰੋਫੈਸਰਾਂ, ਜਿਨ੍ਹਾਂ ਵਿਚ ਇਕ ਅਮਰੀਕੀ ਨਾਗਰਿਕ ਕੇਵਿਨ ਕਿੰਗ ਅਤੇ ਦੂਜਾ ਆਸਟ੍ਰੇਲੀਆਈ ਨਾਗਰਿਕ ਟਿਮੋਥੀ ਵੀਕਸ ਹੈ ਨੂੰ ਮੁਕਤ ਕੀਤਾ ਗਿਆ। ਉਹ ਦੋਵੇਂ ਅਮਰੀਕੀ ਯੂਨੀਵਰਸਿਟੀ ਵਿਚ ਪੜ੍ਹਾਉਂਦੇ ਸਨ। ਦੋਵੇਂ ਅਮਰੀਕੀ ਹੈਲੀਕੈਪਟਰਾਂ ਦੇ ਜ਼ਰੀਏ ਜਾਬੁਲ ਤੋਂ ਰਵਾਨਾ ਹੋਏ।''
ਸੂਬੇ ਦੇ ਤਾਲਿਬਾਨੀ ਸੂਤਰਾਂ ਨੇ ਕਿਹਾ,''ਅਮਰੀਕਾ ਦੇ ਕੈਵਿਨ ਕਿੰਗ ਅਤੇ ਆਸਟ੍ਰੇਲੀਆਈ ਟਿਮੋਥੀ ਵਿਕਸ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਆਸ ਹੈ ਕਿ ਹੁਣ ਕਾਬੁਲ ਸਰਕਾਰ ਅਤੇ ਅਮਰੀਕਾ ਜਲਦੀ ਹੀ ਸਾਡੇ ਤਿੰਨ ਲੋਕਾਂ ਨੂੰ ਮੁਕਤ ਕਰਨਗੇ ਜੋ ਉਨ੍ਹਾਂ ਦੀ ਕੈਦ ਵਿਚ ਹਨ।'' ਅਫਗਾਨਿਸਤਾਨ ਵਿਚ ਅਮਰੀਕੀ ਦੂਤਾਵਾਸ ਵੱਲੋਂ ਇਸ ਸਬੰਧ ਵਿਚ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਮਿਲ ਸਕੀ ਹੈ। ਕਾਬੁਲ ਵਿਚ ਅਫਗਾਨ ਅਧਿਕਾਰੀਆਂ ਨੇ ਕਿਹਾ ਕਿ ਉਹ ਜਲਦੀ ਹੀ ਬਿਆਨ ਜਾਰੀ ਕਰਨਗੇ।
ਇਕ ਹਫਤੇ ਪਹਿਲਾਂ ਹੀ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਐਲਾਨ ਕੀਤਾ ਸੀ ਕਿ ਅਫਗਾਨਿਸਤਾਨ ਤਿੰਨ ਉੱਚ ਪੱਧਰੀ ਤਾਲਿਬਾਨੀ ਕੈਦੀਆਂ ਨੂੰ ਰਿਹਾਅ ਕਰੇਗਾ। ਗਨੀ ਨੇ ਬੰਧਕਾਂ ਦੀ ਅਦਲਾ-ਬਦਲੀ ਦੇ ਬਾਰੇ ਵਿਚ 12 ਨਵੰਬਰ ਨੂੰ ਐਲਾਨ ਕੀਤਾ ਸੀ। ਨਾਲ ਹੀ ਉਨ੍ਹਾਂ ਨੇ ਆਸ ਜ਼ਾਹਰ ਕੀਤੀ ਸੀ ਕਿ ਇਸ ਨਾਲ ਸ਼ਾਂਤੀ ਵਾਰਤਾ ਸ਼ੁਰੂ ਹੋ ਸਕੇਗੀ।