ਅਫਗਾਨ ਔਰਤਾਂ ਦੇ ਉੱਚੀ ਆਵਾਜ਼ ''ਚ ਨਮਾਜ਼ ਪੜ੍ਹਨ ''ਤੇ ਪਾਬੰਦੀ
Wednesday, Oct 30, 2024 - 09:41 PM (IST)

ਇਸਲਾਮਾਬਾਦ : ਅਫਗਾਨਿਸਤਾਨ ਦੇ ਇਕ ਮੰਤਰੀ ਨੇ ਕਿਹਾ ਹੈ ਕਿ ਅਫਗਾਨ ਔਰਤਾਂ ਨੂੰ ਹੋਰ ਔਰਤਾਂ ਦੇ ਸਾਹਮਣੇ ਉੱਚੀ ਆਵਾਜ਼ ਵਿਚ ਨਮਾਜ਼ ਪੜ੍ਹਨ ਜਾਂ ਕੁਰਾਨ ਪੜ੍ਹਨ ਦੀ ਮਨਾਹੀ ਕੀਤੀ ਗਈ ਹੈ। ਇਹ ਨੈਤਿਕਤਾ ਕਾਨੂੰਨਾਂ ਤਹਿਤ ਔਰਤਾਂ 'ਤੇ ਲਗਾਈਆਂ ਗਈਆਂ ਨਵੀਆਂ ਪਾਬੰਦੀਆਂ ਹਨ। ਇਨ੍ਹਾਂ ਕਾਨੂੰਨਾਂ ਤਹਿਤ ਔਰਤਾਂ ਨੂੰ ਉੱਚੀ ਆਵਾਜ਼ ਵਿੱਚ ਬੋਲਣ ਅਤੇ ਘਰ ਤੋਂ ਬਾਹਰ ਮੂੰਹ ਦਿਖਾਉਣ ਦੀ ਮਨਾਹੀ ਹੈ। ਇਸ ਤੋਂ ਇਲਾਵਾ ਲੜਕੀਆਂ ਛੇਵੀਂ ਜਮਾਤ ਤੋਂ ਬਾਅਦ ਸਿੱਖਿਆ ਤੋਂ ਵਾਂਝੀਆਂ ਰਹਿ ਜਾਂਦੀਆਂ ਹਨ ਤੇ ਔਰਤਾਂ ਨੂੰ ਪਹਿਲਾਂ ਹੀ ਕਈ ਜਨਤਕ ਥਾਵਾਂ ਅਤੇ ਜ਼ਿਆਦਾਤਰ ਨੌਕਰੀਆਂ ਤੋਂ ਵਾਂਝਾ ਰੱਖਿਆ ਜਾਂਦਾ ਹੈ।
ਦੇਸ਼ ਦੇ ਧਾਰਮਿਕ ਮੰਤਰਾਲੇ ਦੇ ਕਿਸੇ ਵੀ ਅਧਿਕਾਰੀ ਨੇ ਬੁੱਧਵਾਰ ਨੂੰ ਪੁਸ਼ਟੀ ਨਹੀਂ ਕੀਤੀ ਕਿ ਕੀ ਪਾਬੰਦੀਆਂ ਨੈਤਿਕਤਾ ਕਾਨੂੰਨਾਂ ਦਾ ਹਿੱਸਾ ਬਣਨਗੀਆਂ ਜਾਂ ਨਹੀਂ। ਧਰਮ ਮੰਤਰੀ ਖਾਲਿਦ ਹਨਫੀ ਨੇ ਪੂਰਬੀ ਲੋਗਰ ਸੂਬੇ ਵਿੱਚ ਇੱਕ ਸਮਾਗਮ ਦੌਰਾਨ ਕਿਹਾ ਕਿ ਇੱਕ ਔਰਤ ਲਈ ਦੂਜੀ ਬਾਲਗ ਔਰਤ ਦੇ ਸਾਹਮਣੇ ਕੁਰਾਨ ਦੀਆਂ ਆਇਤਾਂ ਦਾ ਪਾਠ ਕਰਨਾ ਮਨਾਹੀ ਹੈ। ਤਕਬੀਰ (ਅੱਲ੍ਹਾ ਅਕਬਰ) ਦੇ ਨਾਹਰੇ ਲਾਉਣ ਦੀ ਵੀ ਇਜਾਜ਼ਤ ਨਹੀਂ ਹੈ। ਉਨ੍ਹਾਂ ਕਿਹਾ ਕਿ ਔਰਤ ਨੂੰ ਅਜ਼ਾਨ ਦੇਣ ਦੀ ਵੀ ਇਜਾਜ਼ਤ ਨਹੀਂ ਹੈ। ਹਨਫੀ ਦੀ ਟਿੱਪਣੀ ਦਾ ਆਡੀਓ ਮੰਤਰਾਲੇ ਦੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਸਾਂਝਾ ਕੀਤਾ ਗਿਆ ਸੀ ਪਰ ਬਾਅਦ ਵਿੱਚ ਉਸ ਨੂੰ ਹਟਾ ਦਿੱਤਾ ਗਿਆ।