ਵਿਵਾਦਾਂ ''ਚ ਰਹੇ ਸਾਬਕਾ ਆਰਕਬਿਸ਼ਪ ਫਿਲਿਪ ਵਿਲਸਨ ਦਾ ਦੇਹਾਂਤ
Monday, Jan 18, 2021 - 11:39 AM (IST)
ਸਿਡਨੀ (ਬਿਊਰੋ): ਐਡੀਲੇਡ ਦੇ ਸਾਬਕਾ ਆਰਕਬਿਸ਼ਪ ਫਿਲਿਪ ਵਿਲਸਨ, ਜੋ ਕਿ ਲੰਬੇ ਸਮੇਂ ਤੱਕ ਵਿਵਾਦਾਂ ਵਿਚ ਰਹੇ, ਦਾ 70 ਸਾਲ ਦੀ ਉਮਰ ਵਿਚ ਅਚਾਨਕ ਦੇਹਾਂਤ ਹੋ ਗਿਆ। ਆਰਕਬਿਸ਼ਪ ਨਿਊ ਸਾਊਥ ਵੇਲਜ਼ ਵਿਚ ਬੱਚਿਆਂ ਦੇ ਸਰੀਰਕ ਸ਼ੋਸ਼ਣ ਦੇ ਮਾਮਲਿਆਂ ਨੂੰ ਦਬਾਉਣ ਕਾਰਨ ਸਜ਼ਾ ਵੀ ਭੁਗਤ ਚੁੱਕੇ ਸਨ ਪਰ ਬਾਅਦ ਵਿਚ ਉਹ ਅਦਾਲਤ ਵਿਚ ਮਾਮਲਾ ਜਿੱਤ ਗਏ ਸਨ।
ਬੀਤੇ ਕੁਝ ਸਾਲਾਂ ਵਿਚ ਹੀ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਸਰੀਰਕ ਰੋਗਾਂ ਨੇ ਜਕੜ ਲਿਆ ਸੀ ਜਿਨ੍ਹਾਂ ਵਿਚ ਕੈਂਸਰ ਵੀ ਸ਼ਾਮਲ ਸੀ ਪਰ ਉਨ੍ਹਾਂ ਦੀ ਮੌਤ ਕੈਂਸਰ ਕਾਰਨ ਨਹੀਂ ਹੋਈ ਹੈ ਇਸ ਗੱਲ ਦਾ ਖੁਲਾਸਾ ਐਡੀਲੇਡ ਦੇ ਕੈਥਲਿਕ ਆਰਚਡਿਓਸਿਸ ਨੇ ਕੀਤਾ ਹੈ। ਐਡੀਲੇਡ ਦੇ ਮੌਜੂਦਾ ਆਰਕਬਿਸ਼ਪ ਪੈਟਰਿਕ ਓ’ਰੇਗਨ ਨੇ ਇਹ ਵੀ ਕਿਹਾ ਕਿ ਆਪਣੇ ਕਾਰਜਕਾਲ ਦੌਰਾਨ ਫਿਲਿਪ ਵਿਲਸਨ ਪੂਰੇ ਦੇਸ਼ ਅੰਦਰ ਹੀ ਸੇਵਾ ਨਿਭਾਉਂਦੇ ਰਹੇ ਹਨ ਅਤੇ ਹਰਮਨ ਪਿਆਰੇ ਵੀ ਰਹੇ ਹਨ। ਜ਼ਿਆਦਾਤਰ ਉਨ੍ਹਾਂ ਦੇ ਚਾਹੁਣ ਵਾਲੇ ਮੇਟਲੈਂਡ-ਨਿਊਕੈਸਲ (ਵੂਲੂਨਗੌਂਗ) ਵਿਚ ਹਨ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆਈ ਸਾਂਸਦ ਨੇ ਕੋਵਿਡ ਬਾਰੇ ਕੀਤੀ ਵਿਵਾਦਿਤ ਪੋਸਟ, ਲੋਕਾਂ ਨੇ ਪੀ.ਐੱਮ. ਤੋਂ ਕੀਤੀ ਕਾਰਵਾਈ ਦੀ ਮੰਗ
ਜ਼ਿਕਰਯੋਗ ਹੈ ਕਿ 1970 ਦੇ ਦੌਰਾਨ ਇੱਕ ਚਰਚ ਦੇ ਪਾਦਰੀ ਜੇਮਜ਼ ਫਲੈਚਰ ਵੱਲੋਂ ਕੀਤੇ ਗਏ ਬੱਚਿਆਂ ਦੇ ਸਰੀਰਕ ਸ਼ੋਸ਼ਣ ਦੇ ਮਾਮਲੇ ਨੂੰ ਦਬਾਉਣ ਕਾਰਨ, 2018 ਵਿਚ ਫਿਲਿਪ ਵਿਲਸਨ ਨੂੰ ਦੋਸ਼ੀ ਪਾਇਆ ਗਿਆ ਸੀ। ਅਦਾਲਤ ਦੇ ਜੱਜ ਨੇ ਉਨ੍ਹਾਂ ਨੂੰ ਘਰ ਅੰਦਰ ਹੀ ਪੂਰਾ ਇੱਕ ਸਾਲ ਬਿਤਾਉਣ ਦੀ ਸਜ਼ਾ ਸੁਣਾਈ ਸੀ। ਜ਼ਿਕਰਯੋਗ ਹੈ ਕਿ ਫਿਲਿਪ ਵਿਲਸਨ ਨੇ ਇਸ ਬਾਰੇ ਵਿਚ ਮੁੜ ਤੋਂ ਅਦਾਲਤ ਵਿਚ ਅਪੀਲ ਕੀਤੀ ਸੀ ਅਤੇ ਆਪਣਾ ਪੱਖ ਰੱਖਣ 'ਤੇ ਉਹ ਕੇਸ ਜਿੱਤ ਵੀ ਗਏ ਸਨ।
ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।