ਹਾਫਿਜ਼ 'ਤੇ ਕੀਤੀ ਕਾਰਵਾਈ ਦੇ ਮੁਲਾਂਕਣ ਲਈ ਆਵੇਗੀ UNSC ਟੀਮ
Sunday, Jan 21, 2018 - 04:03 PM (IST)

ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ 'ਤੇ ਮੁੰਬਈ ਅੱਤਵਾਦੀ ਹਮਲਿਆਂ ਦੇ ਮਾਸਟਰਮਾਈਂਡ ਹਾਫਿਜ਼ ਸਈਦ ਅਤੇ ਉਸ ਨਾਲ ਸੰਬੰਧਿਤ ਸੰਗਠਨਾਂ ਵਿਰੁੱਧ ਕਾਰਵਾਈ ਨੂੰੰ ਲੈ ਕੇ ਦਬਾਅ ਵੱਧਦਾ ਜਾ ਰਿਹਾ ਹੈ। ਇਸ ਵਿਚਕਾਰ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਦੀ ਇਕ ਟੀਮ ਹਾਫਿਜ਼ ਵਿਰੁੱਧ ਲਗਾਈਆਂ ਪਾਬੰਦੀਆਂ 'ਤੇ ਇਸਲਾਮਾਬਾਦ ਵੱਲੋਂ ਕੀਤੀ ਕਾਰਵਾਈ ਦਾ ਮੁਲਾਂਕਣ ਕਰਨ ਲਈ ਇਸ ਹਫਤੇ ਇੱਥੇ ਆਵੇਗੀ। ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ (ਯੂ. ਐੱਨ. ਐੱਸ. ਸੀ.) ਦੀ ਪਾਬੰਦੀ ਨਿਗਰਾਨੀ ਕਮੇਟੀ ਦਾ ਦੋ ਦਿਨੀ ਦੌਰਾ ਵੀਰਵਾਰ ਨੂੰ ਸ਼ੁਰੂ ਹੋਵੇਗਾ।
ਇਕ ਸਮਾਚਾਰ ਏਜੰਸੀ ਨੇ ਸੀਨੀਅਰ ਪਾਕਿਸਤਾਨ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਹੈ ,''ਯੂ. ਐੱਨ. ਐੱਸ. ਸੀ. 1267 ਪਾਬੰਦੀ ਕਮੇਟੀ ਦੀ ਨਿਗਰਾਨੀ ਕਮੇਟੀ 25 ਅਤੇ 26 ਜਨਵਰੀ ਨੂੰ ਇੱਥੇ ਹੋਵੇਗੀ।'' ਸਈਦ ਅਤੇ ਉਸ ਨਾਲ ਸੰਬੰਧਿਤ ਸੰਗਠਨਾਂ 'ਤੇ ਪਾਬੰਦੀਆਂ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਵਿਚ ਅਸਫਲ ਰਹਿਣ ਨੂੰ ਲੈ ਕੇ ਭਾਰਤ ਅਤੇ ਅਮਰੀਕਾ ਵੱਲੋਂ ਪਾਕਿਸਤਾਨ 'ਤੇ ਦਬਾਅ ਵਧਾਉਣ ਵਿਚਕਾਰ ਸੰਯੁਕਤ ਰਾਸ਼ਟਰ ਦੀ ਨਿਗਰਾਨੀ ਟੀਮ ਇਹ ਦੌਰਾ ਕਰ ਰਹੀ ਹੈ। ਹਾਲਾਂਕਿ ਪਾਕਿਸਤਾਨੀ ਅਧਿਕਾਰੀ ਜ਼ੋਰ ਦੇ ਕੇ ਇਸ ਨੂੰ ਨਿਯਮਿਤ ਦੌਰਾ ਦੱਸ ਰਹੇ ਹਨ। ਸਈਦ ਨੂੰ ਦਸੰਬਰ 2017 ਵਿਚ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਦੀ ਪ੍ਰਸਤਾਵ ਸੰਖਿਆ 1267 ਵਿਚ ਸ਼ਾਮਲ ਕੀਤਾ ਗਿਆ ਸੀ।