ਸਰਹੱਦ ਪਾਰ : ਦੂਜੇ ਨਿਕਾਹ ਦੀ ਚਾਹਤ ਦੇ ਚੱਲਦਿਆਂ ਪਹਿਲੀ ਪਤਨੀ ਦਾ ਕੀਤਾ ਕਤਲ
Thursday, Jun 16, 2022 - 05:56 PM (IST)
 
            
            ਗੁਰਦਾਸਪੁਰ/ਪਾਕਿਸਤਾਨ (ਜ. ਬ.) : ਕਰਾਚੀ ਦੇ ਸੁਰਜਾਨੀ ਟਾਊਨ ਇਲਾਕੇ ’ਚ ਇਕ ਵਿਅਕਤੀ ਨੇ ਦੂਜੇ ਨਿਕਾਹ ਦੀ ਚਾਹਤ ਦੇ ਚੱਲਦਿਆਂ ਆਪਣੀ ਪਹਿਲੀ ਪਤਨੀ ਦਾ ਇਸ ਲਈ ਕਤਲ ਕਰ ਦਿੱਤਾ ਕਿਉਂਕਿ ਉਹ ਦੂਜੇ ਨਿਕਾਹ ਦਾ ਵਿਰੋਧ ਕਰਦੀ ਸੀ। ਸੂਤਰਾਂ ਅਨੁਸਾਰ ਕਰਾਚੀ ਵਾਸੀ ਮੁਹੰਮਦ ਸਦੀਕ ਇਕ ਲੜਕੀ ਦਾ ਪਿਤਾ ਸੀ ਅਤੇ ਉਹ ਦੂਜਾ ਨਿਕਾਹ ਕਵੇਟਾ ਵਾਸੀ ਇਕ ਔਰਤ ਰੇਸ਼ਮਾ ਨਾਲ ਕਰਨਾ ਚਾਹੁੰਦਾ ਸੀ ਅਤੇ ਕੁਝ ਸਮੇਂ ਤੋਂ ਰੇਸ਼ਮਾ ਨਾਲ ਹੀ ਰਹਿੰਦਾ ਸੀ। ਉਸ ਦੀ ਪਤਨੀ ਹਸੀਨਾ ਇਸ ਦੇ ਲਈ ਰਾਜ਼ੀ ਨਹੀਂ ਸੀ ਅਤੇ ਮੁਹੰਮਦ ਸਦੀਕ ਦੀ ਇਸ ਦੂਜੇ ਨਿਕਾਹ ਦੀ ਗੱਲ ਦਾ ਵਿਰੋਧ ਕਰਦੀ ਸੀ।
ਬੀਤੀ ਰਾਤ ਮੁਹੰਮਦ ਸਦੀਕ ਕਰਾਚੀ ਆਇਆ ਅਤੇ ਦੂਜੇ ਨਿਕਾਹ ਦਾ ਵਿਰੋਧ ਕਰਨ ਦੀ ਗੱਲ ਤੋਂ ਖਫ਼ਾ ਮੁਹੰਮਦ ਸਦੀਕ ਨੇ ਹਸੀਨਾ ਦਾ ਗਲ਼ਾ ਘੁੱਟ ਕੇ ਕਤਲ ਕਰ ਲਾਸ਼ ਕਮਰੇ ’ਚ ਲੱਗੇ ਪੱਖੇ ਨਾਲ ਲਟਕਾ ਦਿੱਤੀ ਤੇ ਆਪਣੀ ਲੜਕੀ ਨੂੰ ਲੈ ਕੇ ਫਰਾਰ ਹੋ ਗਿਆ। ਸੂਚਨਾ ਮਿਲਦੇ ਹੀ ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਦੋਸ਼ੀ ਨੂੰ ਰੇਲਵੇ ਸਟੇਸ਼ਨ ਤੋਂ ਗ੍ਰਿਫ਼ਤਾਰ ਕਰ ਲਿਆ ਅਤੇ ਦੋਸ਼ ਨੇ ਆਪਣਾ ਜੁਰਮ ਸਵੀਕਾਰ ਕਰ ਲਿਆ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            