ਟਾਇਰ ਬਦਲਦੇ ਸਮੇਂ ਔਰਤ ਨਾਲ ਵਾਪਰਿਆ ਹਾਦਸਾ, ਪੈਰਾਂ ਦੀਆਂ ਉਂਗਲਾਂ ਨਾਲ ਬੁਲਾਈ ਮਦਦ
Wednesday, Feb 05, 2020 - 12:31 AM (IST)

ਸਾਊਥ ਕੈਰੋਲੀਨਾ (ਏਜੰਸੀ)- ਅਮਰੀਕਾ ਵਿਚ 54 ਸਾਲ ਦੀ ਮਹਿਲਾ ਐਤਵਾਰ ਰਾਤ ਸਾਊਥ ਕੈਰੋਲੀਨਾ ਦੇ ਇੰਟਰਸਟੇਟ 95 ਹਾਈਵੇ 'ਤੇ ਸਫਰ ਕਰ ਰਹੀ ਸੀ ਕਿ ਉਦੋਂ ਉਸ ਦੀ ਕਾਰ ਦਾ ਟਾਇਰ ਫੱਟ ਗਿਆ। ਨਾਰਥ ਕੈਰੋਲੀਨਾ ਦੇ ਸ਼ਾਰਲੋਟ ਦੀ ਰਹਿਣ ਵਾਲੀ ਮਹਿਲਾ ਨੇ ਕਾਰ ਰੋਕ ਕੇ ਜੈੱਕ ਲਗਾਇਆ ਅਤੇ ਟਾਇਰ ਬਦਲਣ ਲੱਗੀ। ਇਸੇ ਦੌਰਾਨ ਜੈੱਕ ਤੋਂ ਗੱਡੀ ਫਿਸਲ ਗਈ। ਇਸ ਨਾਲ ਮਹਿਲਾ ਦੇ ਦੋਹਾਂ ਹੱਥਾਂ ਦੀਆਂ ਉਂਗਲਾਂ ਟਾਇਰ ਫੇਂਡਰ ਦੇ ਹੇਠਾਂ ਦੱਬ ਗਈਆਂ। ਤੇਜ਼ ਦਰਦ ਅਤੇ ਇੰਜਣ ਦੇ ਭਾਰ ਨਾਲ ਮਹਿਲਾ ਆਪਣੇ ਹੱਥਾਂ ਨੂੰ ਫੈਂਡਰ ਦੇ ਹੇਠੋਂ ਕੱਢ ਨਾ ਸਕੀ।
ਅਜਿਹੇ 'ਚ ਮਹਿਲਾ ਨੇ ਆਪਣੇ ਪੈਰਾਂ ਨਾਲ ਨੇੜੇ ਰੱਖੇ ਬੈਗ ਵਿਚੋਂ ਮੋਬਾਇਲ ਕੱਢਿਆ ਅਤੇ ਪੈਰ ਦੇ ਹੀ ਅੰਗੂਠੇ ਨਾਲ ਐਮਰਜੈਂਸੀ ਨੰਬਰ 911 ਡਾਇਲ ਕਰਕੇ ਮਦਦ ਮੰਗੀ। ਇਸ ਤੋਂ ਬਾਅਦ ਕਾਊਂਟੀ ਫਾਇਰ ਰੈਸਕਿਊ ਟੀਮ ਮੌਕੇ 'ਤੇ ਪਹੁੰਚੀ। ਉਦੋਂ 35 ਮਿੰਟ ਤੋਂ ਜ਼ਿਆਦਾ ਸਮਾਂ ਹੋ ਚੁੱਕਾ ਸੀ ਕਿਉਂਕਿ ਟੀਮ ਪਹਿਲਾਂ ਤੋਂ ਇਲਾਕੇ ਵਿਚ ਇਕ-ਦੂਜੀ ਮੁਹਿੰਮ ਵਿਚ ਸੀ, ਇਸ ਲਈ ਉਸ ਨੂੰ ਪਹੁੰਚਣ ਵਿਚ ਸਮਾਂ ਲੱਗ ਗਿਆ।
ਦੋ ਟੀਮਾਂ ਨੇ ਕੀਤੀ ਮਹਿਲਾ ਦੀ ਮਦਦ
ਰੈਸਕਿਊ ਟੀਮ ਨੇ ਟਾਇਰ ਲੀਵਰ ਦੀ ਮਦਦ ਨਾਲ ਮਹਿਲਾ ਦੇ ਇਕ ਹੱਥ ਦੀਆਂ ਉਂਗਲਾਂ ਨੂੰ ਕੱਢਿਆ, ਉਦੋਂ ਤੱਕ ਦੂਜੀ ਰੈਸਕਿਊ ਟੀਮ ਆ ਗਈ। ਇਸ ਤੋਂ ਬਾਅਦ ਦੂਜੇ ਹੱਥ ਦੀਆਂ ਉਂਗਲਾਂ ਨੂੰ ਕੱਢਣ ਲਈ ਹਾਈਡ੍ਰੋਲਿਕ ਦੀ ਵਰਤੋਂ ਕੀਤੀ ਗਈ। ਮਹਿਲਾ ਨੂੰ ਸਥਾਨਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਹੁਣ ਉਹ ਸਿਹਤਮੰਦ ਹੈ।