UAE : ਸ਼ਰਾਬ ਦੇ ਸ਼ੌਕੀਨਾਂ ਨੂੰ ਅਬੂਧਾਬੀ ਦੀ ਸੌਗਾਤ, ਖ਼ਤਮ ਕੀਤਾ ਇਹ ਨਿਯਮ

09/22/2020 11:14:33 PM

ਦੁਬਈ— ਸ਼ਰਾਬ ਦੇ ਸ਼ੌਕੀਨਾਂ ਲਈ ਚੰਗੀ ਖ਼ਬਰ ਹੈ। ਅਬੂਧਾਬੀ 'ਚ ਰਹਿਣ ਵਾਲੇ ਲੋਕਾਂ ਨੂੰ ਹੁਣ ਸ਼ਰਾਬ ਖਰੀਦਣ ਅਤੇ ਪੀਣ ਲਈ ਲਾਇਸੈਂਸ ਦੀ ਲੋੜ ਨਹੀਂ ਪਵੇਗੀ। ਲਾਇਸੈਂਸ ਦੀ ਜਰੂਰਤ ਖ਼ਤਮ ਕਰ ਦਿੱਤੀ ਗਈ ਹੈ। ਡਿਸਟ੍ਰੀਬਿਊਸ਼ਨ ਕੰਪਨੀਆਂ ਅਤੇ ਪ੍ਰਚੂਨ ਵਿਕਰੇਤਾਵਾਂ ਨੂੰ ਭੇਜੇ ਗਏ ਇਕ ਨੋਟ 'ਚ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਗਾਹਕਾਂ ਕੋਲੋਂ ਕਾਰਡ ਲੈਣ ਦੀ ਹੁਣ ਜ਼ਰੂਰਤ ਨਹੀਂ ਹੈ।

ਗਾਹਕ ਦੀ ਉਮਰ ਘੱਟੋ-ਘੱਟ 21 ਸਾਲ ਹੋਣੀ ਚਾਹਦੀ ਹੈ ਅਤੇ ਇਸ ਛੋਟ ਤਹਿਤ ਰੀਸੇਲ ਦੀ ਇਜਾਜ਼ਤ ਨਹੀਂ ਹੋਵੇਗੀ, ਖਰੀਦ ਸਿਰਫ ਨਿੱਜੀ ਵਰਤੋਂ ਲਈ ਹੀ ਹੋਣੀ ਚਾਹੀਦੀ ਹੈ।

ਇਸ ਤੋਂ ਇਲਾਵਾ ਸ਼ਰਾਬ ਸਿਰਫ ਖ਼ੁਦ ਦੇ ਘਰ ਜਾਂ ਲਾਇਸੈਂਸਸ਼ੁਦਾ ਖੇਤਰ 'ਚ ਹੀ ਪੀਣ ਦੀ ਇਜਾਜ਼ਤ ਹੈ। ਇਹ ਪੱਤਰ ਅਬੂਧਾਬੀ ਦੇ ਸਭਿਆਚਾਰ ਅਤੇ ਸੈਰ-ਸਪਾਟਾ ਵਿਭਾਗ ਨੇ ਜਾਰੀ ਕੀਤਾ ਹੈ। ਵਿਭਾਗ ਨੇ ਕਿਹਾ, ''ਵਿਅਕਤੀਆਂ ਲਈ ਸ਼ਰਾਬ ਦੇ ਲਾਇਸੈਂਸ ਰੱਦ ਕਰਨ ਦਾ ਐਲਾਨ ਕੀਤਾ ਜਾਂਦਾ ਹੈ। ਇੱਥੇ ਵਸਨੀਕਾਂ ਅਤੇ ਯਾਤਰੀਆਂ ਨੂੰ ਲਾਇਸੈਂਸਸ਼ੁਦਾ ਪ੍ਰਚੂਨ ਦੁਕਾਨਾਂ ਤੋਂ ਸ਼ਰਾਬ ਖਰੀਦਣ ਅਤੇ ਰੱਖਣ ਦੀ ਆਗਿਆ ਦਿੱਤੀ ਜਾਂਦੀ ਹੈ।'' ਉੱਥੇ ਹੀ, ਨਾਲ ਲੱਗਦੇ ਦੁਬਈ 'ਚ ਨਿਵਾਸੀਆਂ ਨੂੰ ਦੁਕਾਨਾਂ 'ਚ ਸ਼ਰਾਬ ਖਰੀਦਣ ਲਈ ਲਾਇਸੈਂਸ ਦਿਖਾਉਣ ਦੀ ਲੋੜ ਹੁਣ ਵੀ ਹੈ, ਜਦੋਂ ਕਿ ਸੈਲਾਨੀ ਅਸਥਾਈ ਲਾਇਸੈਂਸ ਦਿਖਾ ਸਕਦੇ ਹਨ। ਰੈਸਟੋਰੈਂਟਾਂ ਅਤੇ ਬਾਰਾਂ 'ਚ ਲਾਇਸੈਂਸ ਦਿਖਾਉਣ ਦੀ ਜ਼ਰੂਰਤ ਨਹੀਂ ਹੈ। ਦੁਬਈ ਦੇ ਯਾਤਰੀ ਦੁਕਾਨ ਮਾਲਕਾਂ ਨੂੰ ਆਪਣਾ ਪਾਸਪੋਰਟ ਅਤੇ ਵੀਜ਼ਾ ਸਟੈਂਪਟ ਦਿਖਾ ਕੇ ਅਸਥਾਈ ਲਾਇਸੈਂਸ ਪ੍ਰਾਪਤ ਕਰ ਸਕਦੇ ਹਨ।

ਉੱਥੇ ਹੀ, ਇਸ ਢਿੱਲ ਵਿਚਕਾਰ ਆਬੂਧਾਬੀ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ 21 ਸਾਲ ਤੋਂ ਘੱਟ ਉਮਰ ਦੇ ਕਿਸੇ ਵੀ ਵਿਅਕਤੀ ਨੂੰ ਸ਼ਰਾਬ ਵੇਚਣ ਦੇ ਮਾਮਲੇ 'ਚ ਪਹਿਲੀ ਵਾਰ ਗਲਤੀ ਲਈ 40,000 ਦਿਰਹਾਮ, ਦੂਜੀ ਵਾਰ ਗਲਤੀ ਲਈ 60,000 ਦਿਰਹਾਮ, ਤੀਜੀ ਵਾਰ ਗਲਤੀ ਲਈ 80,000 ਦਿਰਹਾਮ ਜੁਰਮਾਨਾ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਬਿਨਾਂ ਲਾਇਸੈਂਸ ਤੋਂ ਸ਼ਰਾਬ ਦੀ ਸੇਲ-ਰੀਸੇਲ ਕਰਨ 'ਤੇ 2,00,000 ਦਿਰਹਾਮ ਦਾ ਜੁਰਮਾਨਾ ਲੱਗ ਸਕਦਾ ਹੈ।


Sanjeev

Content Editor

Related News