ਵਿਨਰਜੀਤ ਗੋਲਡੀ ਨੂੰ SAD ਵੱਲੋਂ ਉਮੀਦਵਾਰ ਬਣਾਉਣ ’ਤੇ ਆਸਟ੍ਰੇਲੀਆਈ ਸਮਰਥਕਾਂ ’ਚ ਖੁਸ਼ੀ ਦੀ ਲਹਿਰ

Saturday, Dec 04, 2021 - 04:35 PM (IST)

ਵਿਨਰਜੀਤ ਗੋਲਡੀ ਨੂੰ SAD ਵੱਲੋਂ ਉਮੀਦਵਾਰ ਬਣਾਉਣ ’ਤੇ ਆਸਟ੍ਰੇਲੀਆਈ ਸਮਰਥਕਾਂ ’ਚ ਖੁਸ਼ੀ ਦੀ ਲਹਿਰ

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)-ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਜਿਉਂ-ਜਿਉਂ ਨੇੜੇ ਆ ਰਹੀਆਂ ਹਨ, ਸਾਰੀਆਂ ਪ੍ਰਮੁੱਖ ਪਾਰਟੀਆਂ ਵੱਲੋਂ ਉਮੀਦਵਾਰਾਂ ਦਾ ਐਲਾਨ ਤੇਜ਼ੀ ਨਾਲ ਹੋ ਰਿਹਾ ਹੈ। ਜਿੱਥੇ ਕਈ ਪੁਰਾਣੇ ਜਿੱਤੇ ਅਤੇ ਹਾਰੇ ਹੋਏ ਉਮੀਦਵਾਰ ਵੀ ਟਿਕਟਾਂ ਨਾਲ ਨਿਵਾਜੇ ਜਾ ਰਹੇ ਹਨ, ਉੱਥੇ ਹੀ ਅਕਾਲੀ ਦਲ ਨੇ ਲੋਕਾਂ ਦੀ ਰਾਏ ਅਤੇ ਨਵੇਂ ਆਗੂਆਂ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਤੇ ਸਮਾਜਿਕ ਕੱਦ ਨੂੰ ਵੇਖਦਿਆਂ ਨਵੇਂ ਉਮੀਦਵਾਰ ਚੋਣ ਮੈਦਾਨ ’ਚ ਉਤਾਰਨ ਦਾ ਫ਼ੈਸਲਾ ਕੀਤਾ ਹੈ। ਇਸੇ ਕੜੀ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸੰਗਰੂਰ ਵਿਧਾਨ ਸਭਾ ਹਲਕੇ ਤੋਂ ਸਮਾਜ ਸੇਵੀ, ਨੌਜਵਾਨ ਸੀਨੀਅਰ ਅਕਾਲੀ ਆਗੂ ਤੇ ਵਰਕਿੰਗ ਕਮੇਟੀ ਮੈਂਬਰ ਅਤੇ ਲੋਕ ਹਿਰਦਿਆਂ ’ਚ ਵਸੇ ਹੋਏ ਪ੍ਰਤਿਭਾਵਾਨ ਵਿਨਰਜੀਤ ਸਿੰਘ ਗੋਲਡੀ ਸਾਬਕਾ ਵਾਈਸ ਚੇਅਰਮੈਨ ਪੀ. ਆਰ. ਟੀ. ਸੀ. ਨੂੰ ਟਿਕਟ ਦੇ ਕੇ ਹਲਕੇ ’ਚ ਸ਼੍ਰੋਮਣੀ ਅਕਾਲੀ ਦਲ (ਬ) ਅਤੇ ਬਸਪਾ ਦੀ ਜਿੱਤ ਪੱਕੀ ਕਰ ਦਿੱਤੀ ਹੈ। ਵਿਨਰਜੀਤ ਸਿੰਘ ਗੋਲਡੀ ਦੇ ਰੂਪ ’ਚ ਹਲਕੇ ਨੂੰ ਬਹੁਤ ਹੀ ਵਧੀਆ ਉਮੀਦਵਾਰ ਮਿਲ ਗਿਆ ਹੈ ਅਤੇ ਇਸ ਨਾਲ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ। ਗੋਲਡੀ ਦੇ ਟਿਕਟ ਦੇ ਐਲਾਨ ਨਾਲ ਦੇਸ਼-ਵਿਦੇਸ਼ ’ਚ ਖੁਸ਼ੀ ਦੀ ਲਹਿਰ ਮਹਿਸੂਸ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਇਟਲੀ ’ਚ ਪੰਜਾਬਣ ਧੀ ਨੇ ਵਧਾਇਆ ਮਾਣ, ਪੜ੍ਹਾਈ ’ਚੋਂ ਅੱਵਲ ਆ ਕੇ ਜਿੱਤੀ 6 ਲੱਖ ਤੋਂ ਵੱਧ ਦੀ ਸਕਾਲਰਸ਼ਿਪ

ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਸਟ੍ਰੇਲੀਆ ਤੋਂ ਅਕਾਲੀ ਦਲ ਨਾਲ ਸਬੰਧਿਤ ਆਗੂਆਂ, ਵਰਕਰਾਂ ਤੇ ਸਮਰਥਕਾਂ ਨੇ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਤੇ ਸਮੁੱਚੀ ਹਾਈਕਮਾਨ ਦਾ ਧੰਨਵਾਦ ਕਰਦਿਆਂ ਵਿਨਰਜੀਤ ਸਿੰਘ ਗੋਲਡੀ ਨੂੰ ਤਹਿ ਦਿਲੋਂ ਮੁਬਾਰਕਬਾਦ ਭੇਜੀ ਹੈ। ਪ੍ਰੈੱਸ ਨਾਲ ਗੱਲ ਕਰਦਿਆਂ ਜਸਪਾਲ ਸਿੰਘ ਸੰਧੂ ਬ੍ਰਿਸਬੇਨ, ਦੀਪ ਘੁਮਾਣ ਐਡੀਲੇਡ, ਨਰਿੰਦਰ ਸਿੰਘ ਬੈਂਸ, ਨਵਦੀਪ ਅਗਨੀਹੋਤਰੀ, ਜੱਸ ਮੰਡ, ਜਸਦੀਪ ਸਿੰਘ ਢੀਡਸਾ, ਅਮਨ ਚੀਮਾ, ਇਕਬਾਲ ਦਿਉਲ ਕੈਨਬਰਾ, ਪੁਸ਼ਪਿੰਦਰ ਸਿੰਘ ਤੇ ਗੁਰਿੰਦਰ ਸਿੰਘ ਦੋਵੇਂ ਮੈਲਬੋਰਨ, ਕਮਲਜੀਤ ਸਿੰਘ ਸਿਡਨੀ, ਮਨਮੋਹਣ ਸਿੰਘ, ਪਿੰਕੀ ਸਿੰਘ ਬ੍ਰਿਸਬੇਨ, ਰਾਜੇਸ਼ ਗੋਇਲ ਕੇਨਜ਼ ਤੇ ਵਿਜੈ ਗਰੇਵਾਲ ਨੇ ਦੱਸਿਆ ਕਿ ਵਿਨਰਜੀਤ ਸਿੰਘ ਗੋਲਡੀ ਨੂੰ ਟਿਕਟ ਮਿਲਣੀ ਪਾਰਟੀ ’ਚ ਮਿਹਨਤੀ ਅਤੇ ਕੁਰਬਾਨੀ ਕਰਨ ਵਾਲਿਆਂ ਦਾ ਸਨਮਾਨ ਹੈ। ਵਿਨਰਜੀਤ ਗੋਲਡੀ ਨੂੰ ਟਿਕਟ ਮਿਲਣ 'ਤੇ ਆਸਟ੍ਰੇਲੀਆ ਤੋਂ ਉਨ੍ਹਾਂ ਦੇ ਸਮਰਥਕਾਂ ਵੱਲੋਂ ਖੁਸ਼ੀ ਦਾ ਇਜ਼ਹਾਰ ਕਰਦਿਆਂ ਹਰ ਸੰਭਵ ਮਦਦ ਕਰਨ ਦੀ ਵਚਨਬੱਧਤਾ ਪ੍ਰਗਟਾਈ ਗਈ।

ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ ? ਕੁਮੈਂਟ ਕਰ ਕੇ ਦੱਸੋ


author

Manoj

Content Editor

Related News