ਪਾਰਲਰ ‘ਤੇ 2.3 ਲੱਖ ਰੁ: ਦਾ ਜੁਰਮਾਨਾ, ਖੰਘਣ ਵਾਲੇ ਨੂੰ ਤਲਾਸ਼ ਰਹੀ ਪੁਲਸ

Saturday, Mar 28, 2020 - 01:22 PM (IST)

ਪਾਰਲਰ ‘ਤੇ 2.3 ਲੱਖ ਰੁ: ਦਾ ਜੁਰਮਾਨਾ, ਖੰਘਣ ਵਾਲੇ ਨੂੰ ਤਲਾਸ਼ ਰਹੀ ਪੁਲਸ

ਸਿਡਨੀ :  ਕੋਰੋਨਾ ਵਾਇਰਸ ਨਿਯਮਾਂ ਨੂੰ ਤੋੜਨ ‘ਤੇ ਸਿਡਨੀ ਪੁਲਸ ਅਧਿਕਾਰੀਆਂ ਨੇ ਇਕ ਮਸਾਜ ਪਾਰਲਰ ਨੂੰ ਭਾਰੀ ਜੁਰਮਾਨਾ ਲਾ ਦਿੱਤਾ। ਸਿਡਨੀ ਵਿਚ ਕੋਵਿਡ-19 ਦੇ ਨਿਯਮਾਂ ਨੂੰ ਤੋੜਨ ਵਾਲੇ ਮਸਾਜ ਪਾਰਲਰ ਨੂੰ 5,000 ਆਸਟ੍ਰੇਲੀਆਈ ਡਾਲਰ ਭਾਵ 2,30,000 ਰੁਪਏ ਦਾ ਜੁਰਮਾਨਾ ਲੱਗਾ ਹੈ।

ਇਸ ਦੇ ਨਾਲ ਹੀ ਮਸਾਜ ਪਾਰਲਰ ਵਿਚ ਕੰਮ ਕਰਨ ਵਾਲੀਆਂ ਤਿੰਨ ਮਹਿਲਾ ਕਰਮਚਾਰੀਆਂ ਨੂੰ ਵੀ ਇਕ-ਇਕ ਹਜ਼ਾਰ ਆਸਟ੍ਰੇਲੀਆਈ ਡਾਲਰ ਦਾ ਜੁਰਮਾਨਾ ਲੱਗਾ ਹੈ।

ਵੀਰਵਾਰ ਨੂੰ ਪੁਲਸ ਸਿਡਨੀ ਸ਼ਹਿਰ ਵਿਚ ਗਸ਼ਤ ਕਰ ਰਹੀ ਸੀ ਤਾਂ ਜੋ ਇਹ ਯਕੀਨੀ ਕੀਤਾ ਜਾ ਸਕੇ ਕਿ ਲੋਕ ਮਹਾਂਮਾਰੀ ‘ਤੇ ਰੋਕਥਾਮ ਲਈ ਲਗਾਈਆਂ ਗਈਆਂ ਪਾਬੰਦੀਆਂ ਦੇ ਨਿਰਦੇਸ਼ਾਂ ਦੀ ਪਾਲਣਾ ਕਰ ਰਹੇ ਹਨ। ਸਸੇਕਸ ਸਟ੍ਰੀਟ 'ਤੇ ਇਕ ਮਸਾਜ ਪਾਰਲਰ ਸਰਕਾਰੀ ਨਿਯਮਾਂ ਦੇ ਵਿਰੁੱਧ ਖੁੱਲ੍ਹਾ ਸੀ, ਜਿਸ ‘ਤੇ ਪੁਲਸ ਨੂੰ ਕਾਰਵਾਈ ਕਰਨੀ ਪਈ।

ਖੰਘਣ ਵਾਲੇ ਨੂੰ ਤਲਾਸ਼ ਰਹੀ ਪੁਲਸ
ਉੱਥੇ ਹੀ ਪੁਲਸ ਇਕ ਅਜਿਹੇ ਸ਼ਖਸ ਦੀ ਤਲਾਸ਼ ਕਰ ਰਹੀ ਹੈ ਜੋ ਨਿਊ ਸਾਊਥ ਵੇਲਜ਼ ਦੇ ਹੰਟਰ ਖੇਤਰ ਵਿਚ ਇਕ ਸੁਪਰ ਮਾਰਕਿਟ ਦੀ ਕਰਮਚਾਰੀ ‘ਤੇ ਜਾਣ-ਬੁੱਝ ਕੇ ਖੰਘ ਰਿਹਾ ਸੀ। ਸੂਬੇ ਦੀ ਪੁਲਸ ਨੇ ਇਸ ਸ਼ਖਸ ਦੀ ਤਸਵੀਰ ਜਾਰੀ ਕੀਤੀ ਹੈ, ਜੋ ਕਿ ਉੱਥੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ ਸੀ।

PunjabKesari
ਪੁਲਸ ਦਾ ਕਹਿਣਾ ਹੈ ਕਿ 35 ਸਾਲਾ ਕਰਮਚਾਰੀ ਮੰਗਲਵਾਰ ਸ਼ਾਮ ਨੂੰ ਰੇਮੰਡ ਟੇਰੇਸ ਸਟੋਰ 'ਤੇ ਗਾਹਕਾਂ ਨੂੰ ਫਿਜ਼ੀਕਲ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨ ਦਾ ਕਹਿ ਰਹੀ ਸੀ, ਇਸ ਦੌਰਾਨ ਮਹਿਲਾ ਕਰਮਚਾਰੀ ਤੇ ਇਸ ਸ਼ਖਸ ਵਿਚਕਾਰ ਜ਼ੁਬਾਨੀ ਝਗੜਾ ਹੋਇਆ ਅਤੇ ਆਦਮੀ ਨੇ ਜਾਣ ਬੁੱਝ ਕੇ ਉਸ ‘ਤੇ ਖੰਘਣਾ ਸ਼ੁਰੂ ਕਰ ਦਿੱਤਾ। ਕੋਰੋਨਾ ਵਾਇਰਸ ਮਹਾਂਮਾਰੀ ਵਿਚ ਵਾਪਰੀ ਇਸ ਘਟਨਾ ‘ਤੇ ਪੁਲਸ ਅਤੇ ਐਮਰਜੈਂਸੀ ਸੇਵਾਵਾਂ ਦੇ ਮੰਤਰੀ ਡੇਵਿਡ ਇਲੀਅਟ ਨੇ ਲੋਕਾਂ ਨੂੰ ਇਸ ਤਰ੍ਹਾਂ ਦੇ "ਖ਼ਤਰਨਾਕ ਵਿਵਹਾਰ" ਨੂੰ ਤੁਰੰਤ ਬੰਦ ਕਰਨ ਦੀ ਅਪੀਲ ਕੀਤੀ ਹੈ।


author

Lalita Mam

Content Editor

Related News