ਬੁਰਕਾ ਪਹਿਨੀ ਮਹਿਲਾ ਨਾਲ ਇੰਝ ਗਲੇ ਮਿਲਿਆ ਪੁਲਸ ਮੁਲਾਜ਼ਮ, ਵਾਇਰਲ ਹੋਈ ਤਸਵੀਰ

08/06/2018 2:35:14 PM

ਜਰਮਨੀ (ਏਜੰਸੀ)- ਯੂਰਪ ਦੇ ਕਈ ਦੇਸ਼ਾਂ ਵਿਚ ਬੁਰਕਾ ਜਾਂ ਨਕਾਬ ਪਹਿਨ ਕੇ ਪੂਰੀ ਤਰ੍ਹਾਂ ਚਿਹਰਾ ਢੱਕਣ 'ਤੇ ਬਹਿਸ ਚੱਲ ਰਹੀ ਹੈ। ਕੁਝ ਦੇਸ਼ਾਂ ਨੇ ਜਨਤਕ ਥਾਵਾਂ 'ਤੇ ਬੁਰਕਾ ਪਹਿਨਣ 'ਤੇ ਬੈਨ ਲਗਾ ਦਿੱਤਾ ਹੈ। ਡੈਨਮਾਰਕ ਨੇ ਵੀ ਹਾਲ ਹੀ ਵਿਚ ਅਜਿਹਾ ਕਾਨੂੰਨ ਪਾਸ ਕੀਤਾ ਸੀ। 1 ਅਗਸਤ ਤੋਂ ਲਾਗੂ ਕਾਨੂੰਨ ਤਹਿਤ ਪਹਿਲੀ ਵਾਰ ਇਕ ਔਰਤ ਨੂੰ ਜੁਰਮਾਨਾ ਵੀ ਕੀਤਾ ਗਿਆ।

ਨਕਾਬ ਪਹਿਨ ਕੇ ਇਕ ਮਹਿਲਾ ਸ਼ਾਪਿੰਗ ਮਾਲ ਵਿਚ ਚਲੀ ਗਈ, ਜਿਸ 'ਤੇ ਉਸ ਨੂੰ 10 ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਗਿਆ। ਪੁਲਸ ਨੇ ਮਹਿਲਾ ਦੀ ਤਸਵੀਰ ਖਿੱਚੀ ਅਤੇ ਸ਼ਾਪਿੰਗ ਸੈਂਟਰ ਤੋਂ ਸਕਿਓਰਿਟੀ ਕੈਮਰਾ ਫੁਟੇਜ ਕਢਵਾਈ ਸੀ ਪਰ ਹੁਣ ਇਕ ਅਜਿਹੀ ਤਸਵੀਰ ਵਾਇਰਲ ਹੋ ਗਈ ਹੈ, ਜਿਸ ਵਿਚ ਬੁਰਕਾ ਪਹਿਨੀ ਮਹਿਲਾ ਨਾਲ ਇਕ ਪੁਲਸ ਮੁਲਾਜ਼ਮ ਗਲੇ ਮਿਲ ਰਿਹਾ ਹੈ।


ਅਸਲ ਵਿਚ ਬੁਰਕੇ 'ਤੇ ਬੈਨ ਤੋਂ ਬਾਅਦ ਲਗਾਤਾਰ ਪ੍ਰਦਰਸ਼ਨ ਵੀ ਹੋ ਰਹੇ ਹਨ। ਅਜਿਹੇ ਵਿਚ ਬੁਰਕਾ ਪਹਿਨੇ ਮਹਿਲਾ ਨੂੰ ਗਲੇ ਲਗਾਉਣ ਦੀ ਤਸਵੀਰ ਪੂਰੀ ਦੁਨੀਆ ਵਿਚ ਲੋਕਾਂ ਦਾ ਧਿਆਨ ਖਿੱਚ ਰਹੀ ਹੈ। ਇਸ ਨੂੰ ਰਾਇਟਰਸ ਦੇ ਫੋਟੋਗ੍ਰਾਫਰ ਐਂਡ੍ਰਿਊ ਕੇਲੀ ਨੇ ਖਿੱਚਿਆ ਹੈ। ਇਸ ਵਿਚ ਦਿਖਾਈ ਦੇ ਰਹੀ ਮਹਿਲਾ ਡੈਨਮਾਰਕ ਦੀ ਹੀ ਹੈ। ਰਿਪੋਰਟ ਮੁਤਾਬਕ ਸੈਂਕੜੇ ਲੋਕਾਂ ਨੇ ਡੈਨਮਾਰਕ ਵਿਚ ਧਾਰਮਿਕ ਅਤੇ ਵਿਚਾਰਕ ਆਜ਼ਾਦੀ 'ਤੇ ਪਾਬੰਦੀ ਦੱਸਦੇ ਹੋਏ ਨਵੇਂ ਕਾਨੂੰਨ ਦਾ ਵਿਰੋਧ ਕੀਤਾ ਹੈ। ਪੁਲਸ ਅਧਿਕਾਰੀ ਡੇਵਿਡ ਬੋਰਕੇਸਨ ਨੇ ਕਿਹਾ ਸੀ ਕਿ ਇਕ ਅਗਸਤ ਨੂੰ ਪੁਲਸ ਨੂੰ ਹੋਰਸ਼ੋਲਮ ਦੇ ਸ਼ਾਪਿੰਗ ਸੈਂਟਰ ਵਿਚ ਬੁਲਾਇਆ ਗਿਆ ਸੀ। ਇਥੇ ਇਕ ਮਹਿਲਾ ਦਾ ਨਕਾਬ ਦੂਜੀ ਮਹਿਲਾ ਨੇ ਫਾੜਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਵਿਚਾਲੇ ਝਗੜਾ ਹੋ ਗਿਆ।


ਬੋਰਕੇਸਨ ਨੇ ਕਿਹਾ ਕਿ ਝਗੜੇ ਦੌਰਾਨ ਮਹਿਲਾ ਦਾ ਨਕਾਬ ਉਤਰ ਗਿਆ ਸੀ ਪਰ ਜਦੋਂ ਤੱਕ ਅਸੀਂ ਪਹੁੰਚੇ। ਉਸ ਨੇ ਦੁਬਾਰਾ ਨਕਾਬ ਪਹਿਨ ਲਿਆ ਸੀ। ਮਹਿਲਾ 'ਤੇ ਜੁਰਮਾਨਾ ਲਗਾਇਆ ਗਿਆ। ਇਸ ਤੋਂ ਬਾਅਦ ਉਸ ਨੂੰ ਜਨਤਕ ਸਥਾਨ ਛੱਡ ਕੇ ਜਾਣ ਜਾਂ ਨਕਾਬ ਹਟਾਉਣ ਲਈ ਕਿਹਾ ਗਿਆ ਤਾਂ ਉਸ ਨੇ ਜਨਤਕ ਸਥਾਨ ਛੱਡ ਕੇ ਜਾਣਾ ਚੁਣਿਆ।ਨਿਯਮ ਮੁਤਾਬਕ ਪੂਰੇ ਚਿਹਰੇ ਨੂੰ ਢੱਕਣ ਵਾਲਾ ਬੁਰਕਾ ਜਾਂ ਸਿਰਫ ਅੱਖਾਂ ਦਿਖਾਉਣ ਵਾਲਾ ਨਕਾਬ ਜਨਤਕ ਸਥਾਨ 'ਤੇ ਪਹਿਨਣ 'ਤੇ ਤਕਰੀਬਨ ਇਕ ਹਜ਼ਾਰ ਕ੍ਰੋਨਰ ਦਾ ਜੁਰਮਾਨਾ ਅਦਾ ਕਰਨਾ ਹੋਵੇਗਾ।


Related News