ਪਾਕਿਸਤਾਨ ’ਚ ਈਸਾਈ ਵਿਅਕਤੀ ਨੂੰ ਗੋਲ਼ੀ ਮਾਰ ਕੇ ਉਤਾਰਿਆ ਮੌਤ ਦੇ ਘਾਟ
Saturday, Apr 01, 2023 - 08:10 PM (IST)
ਗੁਰਦਾਸਪੁਰ/ਪਾਕਿਸਤਾਨ (ਵਿਨੋਦ)-ਅੱਜ ਦੁਪਹਿਰ ਪੇਸ਼ਾਵਰ ’ਚ ਇਕ ਕਾਸਿਮ ਮਸੀਹ ਨਾਮੀ ਈਸਾਈ ਵਿਅਕਤੀ ਦਾ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਗਿਆ। ਉਸ ਦਾ ਕਤਲ ਮੋਟਰਸਾਈਕਲ ਸਵਾਰਾਂ ਨੇ ਉਸ ਸਮੇਂ ਕੀਤਾ, ਜਦੋਂ ਉਹ ਦੁਪਹਿਰ ਨੂੰ ਆਪਣੇ ਘਰ ਦੇ ਦਰਵਾਜ਼ੇ ’ਤੇ ਖੜ੍ਹਾ ਸੀ। ਇਸ ਸਬੰਧੀ ਕਿਸੇ ਸੰਗਠਨ ਨੇ ਅਜੇ ਤੱਕ ਜ਼ਿੰਮੇਵਾਰੀ ਨਹੀਂ ਲਈ ਹੈ ਪਰ ਕਿਹਾ ਜਾ ਰਿਹਾ ਹੈ ਕਿ ਕਾਸਿਮ ਮਸੀਹ ’ਤੇ ਕੁਝ ਦਿਨ ਤੋਂ ਇਸਲਾਮ ਕਬੂਲ ਕਰਨ ਲਈ ਦਬਾਅ ਬਣਾਇਆ ਜਾ ਰਿਹਾ ਸੀ ਅਤੇ ਉਸ ਨੂੰ ਮੋਬਾਇਲ ’ਤੇ ਇਸਲਾਮ ਕਬੂਲ ਕਰਨ ਨੂੰ ਕਿਹਾ ਜਾ ਰਿਹਾ ਸੀ। ਕਾਸਿਮ ਵੀ ਧਮਕੀਆਂ ਦੇਣ ਵਾਲਿਆਂ ਨੂੰ ਸਖ਼ਤ ਸ਼ਬਦਾਂ ’ਚ ਜਵਾਬ ਦਿੰਦਾ ਸੀ। ਕਾਸਿਮ ਮਸੀਹ ਘਰ ’ਚ ਇਕੱਲਾ ਹੀ ਕਮਾਉਣ ਵਾਲਾ ਵਿਅਕਤੀ ਸੀ।
ਸੂਤਰਾਂ ਅਨੁਸਾਰ ਤਿੰਨ ਦਿਨ ’ਚ ਪਾਕਿਸਤਾਨ ’ਚ ਇਹ ਤੀਸਰੀ ਟਾਰਗੈੱਟ ਕਿਲਿੰਗ ਕੀਤੀ ਗਈ ਹੈ। ਵੀਰਵਾਰ ਨੂੰ ਇਕ ਅੱਖਾਂ ਦੇ ਮਾਹਿਰ ਹਿੰਦੂ ਡਾਕਟਰ ਬੀਰਬੀ ਗਨਾਨੀ ਦਾ ਉਸ ਸਮੇਂ ਕਤਲ ਕੀਤਾ ਗਿਆ, ਜਦੋਂ ਉਹ ਆਪਣੇ ਕਲੀਨਿਕ ਤੋਂ ਬਾਹਰ ਆ ਰਿਹਾ ਸੀ, ਜਦਕਿ ਸ਼ੁੱਕਰਵਾਰ ਨੂੰ ਇਕ ਸਿੱਖ ਦੁਕਾਨਦਾਰ ਦਿਆਲ ਸਿੰਘ ਦਾ ਵੀ ਗੋਲ਼ੀ ਮਾਰ ਕੇ ਕਤਲ ਕੀਤਾ ਗਿਆ ਹੈ। ਦਿਆਲ ਸਿੰਘ ਦੁਪਹਿਰ ਨੂੰ ਆਪਣੀ ਦੁਕਾਨ ’ਤੇ ਬੈਠਾ ਸੀ ਕਿ ਮੋਟਰਸਾਈਕਲ ਸਵਾਰਾਂ ਨੇ ਉਸ ਦਾ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ।