ਆਪਣੀ ਘਰਵਾਲੀ ਤੋਂ ਦੁਖੀ 70 ਸਾਲਾ ਵਿਅਕਤੀ ਨੇ ਤੋੜਿਆ ਕਾਨੂੰਨ

05/20/2019 1:46:47 PM

ਲੰਡਨ — ਲੋਕ ਜੇਲ ਜਾਣ ਤੋਂ ਬਚਣ ਲਈ ਕਿੰਨਾ ਕੁਝ ਕਰਦੇ ਹਨ ਪਰ ਫਲੋਰਿਡਾ ਦੇ ਲਿਓਨਾਰਡ ਓਲਸਨ ਦੀ ਕਹਾਣੀ ਸਭ ਤੋਂ ਵੱਖਰੀ ਹੈ। ਆਪਣੀ ਘਰਵਾਲੀ ਤੋਂ ਦੁਖੀ 70 ਸਾਲ ਦੇ ਲਿਓਨਾਰਡ ਨੇ ਘਰ ਰਹਿਣ ਦੀ ਬਜਾਏ ਜੇਲ 'ਚ ਰਹਿਣਾ ਜ਼ਿਆਦਾ ਬਿਹਤਰ ਸਮਝਿਆ। ਦਰਅਸਲ ਉਨ੍ਹਾਂ ਨੇ ਪਿਛਲੇ ਦਿਨੀਂ ਆਪਣੀ ਗੱਡੀ ਦੇ ਸਨਰੂਫ ਤੋਂ ਖੜ੍ਹੇ ਹੋ ਕੇ ਇਕ-ਦੋ ਸਟੰਟ ਕੀਤੇ ਸਨ ਜਿਹੜੇ ਕਿ ਕਾਨੂੰਨਨ ਗਲਤ ਹਨ। ਲਿਓਨਾਰਡ ਨੂੰ ਇਹ ਸਭ ਕੁਝ ਕਰਦੇ ਹੋਏ ਮੌਕੇ 'ਤੇ ਮੌਜੂਦ ਪੁਲਸ ਵਾਲੇ ਨੇ ਦੇਖ ਲਿਆ। ਪਰ ਪੁਲਸ ਦੇ ਸਾਹਮਣੇ ਆਉਂਦੇ ਹੀ ਲਿਓਨਾਰਡ ਸਾਫ ਮੁਕਰ ਗਿਆ ਅਤੇ ਕਿਹਾ ਕਿ ਉਸਨੇ ਛੱਤ ਖੋਲ੍ਹੀ ਹੀ ਨਹੀਂਂ। ਇਹ ਸੁਣ ਕੇ ਪੁਲਸ ਵਾਲੇ ਨੇ ਕਿਹਾ ਕਿ ਉਸ ਸਟੰਟ ਦੀ ਵੀਡੀਓ ਉਸਨੂੰ ਦਿਖਾ ਸਕਦੇ ਹਨ ਤਾਂ ਲਿਓਨਾਰਡ ਨੇ ਵੀ ਸਟੇਟਮੈਂਟ ਬਦਲ ਲਈ।

ਪੁਲਸ ਨੇ ਦਿੱਤਾ ਘਟਨਾ ਦਾ ਵੇਰਵਾ

ਇਸ ਪੁਲਸ ਅਧਿਕਾਰੀ ਨੇ ਦੱਸਿਆ ਕਿ ਜਿਵੇਂ ਹੀ ਮੈਂ ਲਿਓਨਾਰਡ ਨੂੰ ਕਿਹਾ ਕਿ ਉਨ੍ਹਾਂ ਦਾ ਵੀਡੀਓ ਸਾਡੇ ਕੋਲ ਹੈ ਤਾਂ ਉਹ ਕਹਿਣ ਲੱਗੇ ਕਿ ਮੈਂ ਖੁਦ ਹੀ ਜੇਲ ਜਾਣਾ ਚਾਹੁੰਦਾ ਹਾਂ ਅਤੇ ਇਹ ਸਭ ਕੁਝ ਇਸਲਈ ਕੀਤਾ ਕਿ ਲੋਕ ਮੈਨੂੰ ਕਾਨੂੰਨ ਤੋੜਦਾ ਦੇਖ ਸ਼ਿਕਾਇਤ ਦਰਜ ਕਰਵਾ ਦੇਣ। ਮੈਂ ਆਪਣੀ ਘਰਵਾਲੀ(ਪਤਨੀ) ਕੋਲ ਨਹੀਂ ਜਾਣਾ ਚਾਹੁੰਦਾ ਕਿਉਂਕਿ ਉਹ ਮੇਰੇ ਨਾਲ ਨੌਕਰਾਂ ਵਰਗਾ ਵਰਤਾਓ ਕਰਦੀ ਹੈ। ਮੈਂ ਉਸ ਤੋਂ ਤੰਗ ਆ ਚੁੱਕਾ ਹਾਂ, ਇਸ ਲਈ ਉਸ ਤੋਂ ਦੂਰ ਜਾਣਾ ਚਾਹੁੰਦਾ ਹਾਂ ਅਤੇ ਜੇਲ ਤੋਂ ਬਿਹਤਰ ਜਗ੍ਹਾਂ ਹੋਰ ਕਿਹੜੀ ਹੋ ਸਕਦੀ ਹੈ। ਮੈਂ ਘਰ ਨਹੀਂ ਜਾਣਾ। ਇਸ ਤੋਂ ਤਾਂ ਚੰਗਾ ਹੈ ਕਿ ਮੈਨੂੰ ਜੇਲ ਵਿਚ ਬੰਦ ਕਰ ਦਿਓ ਤਾਂ ਜੋ ਕੁਝ ਸਮੇਂ ਲਈ ਤਾਂ ਮੈਨੂੰ ਪਤਨੀ ਤੋਂ ਛੁਟਕਾਰਾ ਮਿਲ ਸਕੇ। 

ਪੁਲਸ ਨੇ ਦੱਸਿਆ ਕਿ ਅਸੀਂ ਵੀ ਲਿਓਨਾਰਡ ਦੀ ਇੱਛਾ ਪੂਰੀ ਕਰਦੇ ਹੋਏ ਉਸਨੂੰ ਲਾਪਰਵਾਹੀ ਨਾਲ ਗੱਡੀ ਚਲਾਉਣ ਦੇ  ਦੋਸ਼ 'ਚ ਜੇਲ ਭੇਜ ਦਿੱਤਾ। ਹਾਲਾਂਕਿ ਲਿਓਨਾਰਡ ਨੇ ਜੇਲ ਵਿਚ ਵੀ ਡਰਾਮਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਕਹਿਣ ਲੱਗਾ ਕਿ ਉਸਦੀ ਗੱਡੀ ਆਪਣੇ ਆਪ ਚੱਲਣ ਲੱਗਦੀ ਹੈ ਅਤੇ ਉਸ ਵਿਚ ਇਕ ਕੰਪਿਊਟਰ ਲੱਗਾ ਹੋਇਆ ਹੈ। ਇਸ ਲਈ ਸੋਚਿਆ ਕਿ ਕਿਉਂ ਨਾ ਛੱਤ ਖੋਲ੍ਹ ਕੇ ਭਗਵਾਨ ਦਾ ਧੰਨਵਾਦ ਹੀ ਕਰ ਦਿਆ। ਪੁਲਸ ਅਧਿਕਾਰੀ ਅਨੁਸਾਰ ਉਨ੍ਹਾਂ ਨੇ ਵੀ ਲਿਓਨਾਰਡ ਦੇ ਡਰਾਮੇ ਦਾ ਖੁਬ ਮਜ਼ਾ ਲਿਆ। 

ਵੈਸੇ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਕੋਈ ਆਪਣੀ ਮਰਜ਼ੀ ਨਾਲ ਜੇਲ ਜਾਣ ਲਈ ਤਿਆਰ ਹੋਇਆ ਹੋਵੇ। ਕੁਝ ਸਾਲ ਪਹਿਲਾਂ ਵੀ ਲਾਰੇਂਸ ਰਿਪਲ ਨਾਮ ਦੇ ਇਕ ਵਿਅਕਤੀ ਨੇ ਵੀ ਬੈਂਕ ਲੁੱਟਣ ਦੇ ਬਾਅਦ ਪੁਲਸ ਦੇ ਆਉਣ ਦਾ ਇੰਤਜ਼ਾਰ ਕੀਤਾ ਸੀ ਕਿਉਂਕਿ ਉਸਨੇ ਆਪਣੇ ਪਤਲੀ ਕੋਲ ਜਾਣ ਦੀ ਬਜਾਏ ਜੇਲ ਜਾਣਾ ਸੀ।


Related News