ਬਰਤਾਨੀਆ ''ਚ 999 ਐਮਰਜੈਸੀ ਨੰਬਰ ਨੂੰ ਹੋਂਦ ''ਚ ਆਏ ਨੂੰ ਅੱਜ ਹੋਏ 80 ਸਾਲ ਪੂਰੇ

07/02/2017 10:02:33 PM

ਲੰਡਨ (ਰਾਜਵੀਰ ਸਮਰਾ)— ਬਰਤਾਨੀਆ 'ਚ ਦੁਨੀਆ ਦੇ ਸਭ ਤੋਂ ਪੁਰਾਣੇ ਐਮਰਜੈਂਸੀ ਹੈਲਪਲਾਈਨ ਨੰਬਰ 999 ਨੂੰ ਹੋਂਦ 'ਚ ਆਏ ਐਤਵਾਰ ਨੂੰ 80 ਸਾਲ ਪੂਰੇ ਹੋ ਗਏ। ਸਕਾਟਲੈਂਡ ਯਾਰਡ ਇਸ ਮੌਕੇ ਨੂੰ ਬਰਤਾਨਵੀ ਪੁਲਸ ਵਿਵਸਥਾ ਦੀ ਨੀਂਹ ਦੇ ਰੂਪ 'ਚ ਮਨਾ ਰਿਹਾ ਹੈ। ਮੈਟਰੋਪਾਲੀਟਨ ਪੁਲਸ ਦੇ ਹੈੱਡਕੁਆਰਟਰ 'ਚ 1930 ਦੇ ਦਹਾਕੇ 'ਚ ਸਿਰਫ਼ 24 ਮੁਲਾਜ਼ਮਾਂ ਦੇ ਨਾਲ ਇਸ ਨੰਬਰ ਦੀ ਸ਼ੁਰੂਆਤ ਕੀਤੀ ਗਈ ਸੀ। ਸ਼ੁਰੂ 'ਚ ਹਰ ਰੋਜ਼ ਸਿਰਫ਼ ਕੁਝ ਇਕ-ਦੋ ਸੌ ਫੋਨ ਆਉਂਦੇ ਸਨ। ਇਸ ਸੇਵਾ ਦੀ ਸ਼ੁਰੂਆਤ 1935 'ਚ ਲੰਡਨ 'ਚ ਇਕ ਵੱਡੇ ਅਗਨੀ ਕਾਂਡ ਦੇ ਬਾਅਦ ਹੋਈ ਸੀ। ਇਸ ਘਟਨਾ 'ਚ ਪੰਜ ਲੋਕ ਮਾਰੇ ਗਏ ਸਨ। ਉਸ ਸਮੇਂ ਇਹ ਦੇਖਣ ਲਈ ਇਕ ਕਮੇਟੀ ਬਣਾਈ ਗਈ ਸੀ ਕਿ ਟੈਲੀਫੋਨ ਆਪਰੇਟਰ ਕਿਸ ਤਰ੍ਹਾਂ ਐਮਰਜੈਂਸੀ ਫੋਨ ਦੀ ਪਛਾਣ ਕਰ ਸਕਦੇ ਹਨ। ਇਸ ਸਮੇਂ ਤਿੰਨ ਕੇਂਦਰੀਅਤ ਸੰਚਾਰ ਕੰਪਲੈਕਸ ਬੋ, ਹੈਡਨ ਅਤੇ ਲੰਬੇਥ 'ਚ ਹਨ। ਇਥੇ ਦੋ ਹਜ਼ਾਰ ਤੋਂ ਜ਼ਿਆਦਾ ਮੁਲਾਜ਼ਮ ਹਨ ਅਤੇ ਰੋਜ਼ਾਨਾ 13 ਹਜ਼ਾਰ ਤੋਂ 20 ਹਜ਼ਾਰ ਫੋਨ ਆਉਂਦੇ ਹਨ। ਮੈਟਰੋਪਾਲੀਟਨ ਪੁਲਸ ਦੇ ਚੀਫ ਸੁਪਰਡੈਂਟ ਡੇਵਿਡ ਜੈਕਸਨ ਨੇ ਕਿਹਾ ਕਿ 999 ਸਿਸਟਮ ਨਾ ਸਿਰਫ਼ ਬਰਤਾਨਵੀ ਪੁਲਸ ਵਿਵਸਥਾ ਸਗੋਂ ਸਾਡੀ ਐਮਰਜੈਂਸੀ ਸੇਵਾ ਦੇ ਭਾਈਵਾਲਾਂ ਦੀ ਨੀਂਹ ਹੈ। ਸਾਡਾ ਸਟਾਫ਼ 24 ਘੰਟੇ ਅਤੇ 365 ਦਿਨ ਸਮਰਪਿਤ ਰਹਿੰਦਾ ਹੈ।


Related News