ਹੈਲੀਕਾਪਟਰ ਹਾਦਸੇ ’ਚ ਈਰਾਨ ਦੇ ਰਾਸ਼ਟਰਪਤੀ ਤੇ ਵਿਦੇਸ਼ ਮੰਤਰੀ ਸਮੇਤ ਸਾਰੇ 9 ਵਿਅਕਤੀਆਂ ਦੀ ਮੌਤ

Tuesday, May 21, 2024 - 01:40 PM (IST)

ਹੈਲੀਕਾਪਟਰ ਹਾਦਸੇ ’ਚ ਈਰਾਨ ਦੇ ਰਾਸ਼ਟਰਪਤੀ ਤੇ ਵਿਦੇਸ਼ ਮੰਤਰੀ ਸਮੇਤ ਸਾਰੇ 9 ਵਿਅਕਤੀਆਂ ਦੀ ਮੌਤ

ਦੁਬਈ (ਏਜੰਸੀਆਂ) - ਈਰਾਨ ਦੇ ਉੱਤਰ-ਪੱਛਮ ’ਚ ਸਥਿਤ ਪਹਾੜੀ ਖੇਤਰ ਵਿਚ ਖਰਾਬ ਮੌਸਮ ਦੌਰਾਨ ਹੋਏ ਹੈਲੀਕਾਪਟਰ ਹਾਦਸੇ ਵਿਚ ਰਾਸ਼ਟਰਪਤੀ ਇਬਰਾਹਿਮ ਰਈਸੀ, ਵਿਦੇਸ਼ ਮੰਤਰੀ ਤੇ ਹੋਰ ਲੋਕ ਹਾਦਸੇ ਵਾਲੀ ਥਾਂ ’ਤੇ ਮ੍ਰਿਤਕ ਹਾਲਤ ’ਚ ਮਿਲੇ। ਸਰਕਾਰੀ ਟੀ. ਵੀ. ਨੇ ਪੂਰਬੀ ਅਜ਼ਰਬੈਜਾਨ ਸੂਬੇ ’ਚ ਹੋਏ ਇਸ ਹਾਦਸੇ ਦਾ ਕੋਈ ਕਾਰਨ ਅਜੇ ਨਹੀਂ ਦੱਸਿਆ। ਹਾਦਸੇ ਵੇਲੇ ਰਈਸੀ ਈਰਾਨ ਦੇ ਪੂਰਬੀ ਅਜ਼ਰਬੈਜਾਨ ਸੂਬੇ ’ਚ ਯਾਤਰਾ ਕਰ ਰਹੇ ਸਨ। ਉਨ੍ਹਾਂ ਦੇ ਨਾਲ ਜਿਨ੍ਹਾਂ ਲੋਕਾਂ ਦੀਆਂ ਮ੍ਰਿਤਕ ਦੇਹਾਂ ਮਿਲੀਆਂ ਹਨ, ਉਨ੍ਹਾਂ ਵਿਚ ਈਰਾਨ ਦੇ ਵਿਦੇਸ਼ ਮੰਤਰੀ ਹੁਸੈਨ ਅਮੀਰਾਬਦੁੱਲਾਹਿਅਨ (60) ਵੀ ਸ਼ਾਮਲ ਹਨ। 

ਇਹ ਵੀ ਪੜ੍ਹੋ - ਅਗਲੇ 15 ਦਿਨਾਂ 'ਚ ਲੱਖਾਂ SIM Card ਬੰਦ ਕਰਨ ਜਾ ਰਹੀ ਹੈ 'ਸਰਕਾਰ', ਹੋ ਸਕਦੀ ਹੈ ਕਾਨੂੰਨੀ ਕਾਰਵਾਈ

ਰਈਸੀ ਦੇ ਨਾਲ ਅਮੀਰਾਬਦੁੱਲਾਹਿਅਨ ਤੋਂ ਇਲਾਵਾ ਈਰਾਨ ਦੇ ਪੂਰਬੀ ਅਜ਼ਰਬੈਜਾਨ ਸੂਬੇ ਦੇ ਗਵਰਨਰ ਅਤੇ ਹੋਰ ਅਧਿਕਾਰੀ ਤੇ ਅੰਗਰੱਖਿਅਕ ਵੀ ਯਾਤਰਾ ਕਰ ਰਹੇ ਸਨ। ਤੁਰਕੀ ਦੇ ਅਧਿਕਾਰੀਆਂ ਨੇ ਸੋਮਵਾਰ ਸਵੇਰੇ ਡਰੋਨ ਰਾਹੀਂ ਲਈ ਇਕ ਫੁਟੇਜ ਜਾਰੀ ਕੀਤੀ ਜਿਸ ਵਿਚ ਜੰਗਲ ’ਚ ਲੱਗੀ ਅੱਗ ਨਜ਼ਰ ਆਈ। ਉਨ੍ਹਾਂ ਇੱਥੇ ਹੈਲੀਕਾਪਟਰ ਦਾ ਮਲਬਾ ਹੋਣ ਦਾ ਸ਼ੱਕ ਪ੍ਰਗਟ ਕੀਤਾ। ਉਨ੍ਹਾਂ ਇਕ ਦੂਰ-ਦੁਰੇਡੇ ਦੀ ਪਹਾੜੀ ’ਤੇ ਅਜ਼ਰਬੈਜਾਨ-ਈਰਾਨ ਸਰਹੱਦ ਤੋਂ 20 ਕਿਲੋਮੀਟਰ ਦੱਖਣ ’ਚ ਅੱਗ ਲੱਗੀ ਹੋਣ ਦੀ ਜਾਣਕਾਰੀ ਦਿੱਤੀ। ਫੁਟੇਜ ਵਿਚ ਦੱਸਿਆ ਗਿਆ ਹੈ ਕਿ ਹਾਦਸੇ ਵਾਲੀ ਥਾਂ ਇਕ ਹਰਿਆਲੀ ਭਰੇ ਪਹਾੜੀ ਖੇਤਰ ’ਚ ਸਥਿਤ ਵਾਦੀ ਹੈ।

ਇਹ ਵੀ ਪੜ੍ਹੋ - ਚਾਂਦੀ ਦੇ ਅੱਗੇ ਸੋਨਾ ਅਤੇ ਸੈਂਸੈਕਸ ਸਭ ਹੋਏ ਫੇਲ੍ਹ! ਰਿਕਾਰਡ ਹਾਈ ’ਤੇ ਪਹੁੰਚੀ ਕੀਮਤ

ਸਥਾਨਕ ਅਜ਼ੇਰੀ ਭਾਸ਼ਾ ’ਚ ਸੈਨਿਕਾਂ ਨੂੰ ਇਹ ਕਹਿੰਦੇ ਹੋਏ ਸੁਣਿਆ ਗਿਆ,‘ਇਹ ਉਹੀ ਹੈ, ਅਸੀਂ ਇਸ ਨੂੰ ਲੱਭ ਲਿਆ ਹੈ।’’ ਹਾਦਸੇ ਵਿਚ ਕੋਈ ਵੀ ਵਿਅਕਤੀ ਜ਼ਿੰਦਾ ਨਹੀਂ ਬਚਿਆ। ਮਾਰੇ ਗਏ ਸਾਰੇ 9 ਵਿਅਕਤੀਆਂ ਦੀ ਗੰਭੀਰ ਤੌਰ ’ਤੇ ਸੜਨ ਦੇ ਬਾਵਜੂਦ ਪਛਾਣ ਹੋ ਗਈ ਹੈ। ਮ੍ਰਿਤਕ ਦੇਹਾਂ ਈਰਾਨ ਦੇ ਪੂਰਬੀ ਅਜ਼ਰਬੈਜਾਨ ਸੂਬੇ ਦੀ ਰਾਜਧਾਨੀ ਤਬਰੀਜ ’ਚ ਭੇਜ ਦਿੱਤੀਆਂ ਗਈਆਂ ਹਨ। ਪਤਾ ਲੱਗਾ ਹੈ ਕਿ ਤਬਰੀਜ ਦੇ ਇਕ ਸੀਨੀਅਰ ਇਮਾਮ, ਜਿਨ੍ਹਾਂ ਨੇ ਸ਼ਹਿਰ ਵਿਚ ਸ਼ੁੱਕਰਵਾਰ ਦੀ ਨਮਾਜ਼ ਦੀ ਅਗਵਾਈ ਕੀਤੀ ਸੀ, ਉਹ ਵੀ ਜਹਾਜ਼ ਵਿਚ ਸਵਾਰ ਸਨ। ਹਾਦਸੇ ਤੋਂ ਬਾਅਦ ਉਹ ਲਗਭਗ ਇਕ ਘੰਟਾ ਜ਼ਿੰਦਾ ਰਹੇ ਅਤੇ ਦਮ ਤੋੜਨ ਤੋਂ ਪਹਿਲਾਂ ਉਨ੍ਹਾਂ ਰਾਸ਼ਟਰਪਤੀ ਦਫ਼ਤਰ ਨਾਲ ਸੰਪਰਕ ਕਰ ਕੇ ਹਾਦਸੇ ਦੀ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ - ਅਕਸ਼ੈ ਤ੍ਰਿਤੀਆ ਤੋਂ ਬਾਅਦ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ 10 ਗ੍ਰਾਮ ਸੋਨੇ ਦਾ ਭਾਅ

ਦੇਸ਼ ਦੇ ਪਹਿਲੇ ਉਪ-ਰਾਸ਼ਟਰਪਤੀ ਮੁਹੰਮਦ ਮੋਖਬਰ ਨੂੰ ਸਰਬਉੱਚ ਨੇਤਾ ਨੇ ਨਿਯੁਕਤ ਕੀਤਾ ਕਾਰਜਕਾਰੀ ਰਾਸ਼ਟਰਪਤੀ–
ਈਰਾਨ ਦੇ ਸਰਬਉੱਚ ਨੇਤਾ ਅਯਾਤੁੱਲਾ ਅਲੀ ਖਾਮੇਨੇਈ ਨੇ ਰਈਸੀ ਦੇ ਦਿਹਾਂਤ ’ਤੇ ਸੋਮਵਾਰ ਨੂੰ ਜਾਰੀ ਸ਼ੋਕ ਸੁਨੇਹੇ ਵਿਚ ਦੇਸ਼ ’ਚ 5 ਦਿਨਾਂ ਦੇ ਸਰਕਾਰੀ ਸੋਗ ਦਾ ਐਲਾਨ ਕੀਤਾ ਅਤੇ ਦੇਸ਼ ਦੇ ਪਹਿਲੇ ਉਪ-ਰਾਸ਼ਟਰਪਤੀ ਮੁਹੰਮਦ ਮੋਖਬਰ ਨੂੰ ਦੇਸ਼ ਦਾ ਕਾਰਜਕਾਰੀ ਰਾਸ਼ਟਰਪਤੀ ਨਿਯੁਕਤ ਕੀਤਾ। ਇਸ ਤੋਂ ਪਹਿਲਾਂ ਐਤਵਾਰ ਰਾਤ ਨੂੰ ਖਾਮੇਨੇਈ ਨੇ ਲੋਕਾਂ ਨੂੰ ਦੁਆਵਾਂ ਕਰਨ ਦੀ ਅਪੀਲ ਕੀਤੀ ਸੀ ਅਤੇ ਕਿਹਾ ਸੀ ਕਿ ਈਰਾਨ ਸਰਕਾਰ ਦਾ ਕੰਮਕਾਜ ਪ੍ਰਭਾਵਿਤ ਨਹੀਂ ਹੋਵੇਗਾ। ਈਰਾਨ ਦੇ ਸੰਵਿਧਾਨ ਅਨੁਸਾਰ ਜੇ ਰਾਸ਼ਟਰਪਤੀ ਦਾ ਦਿਹਾਂਤ ਹੋ ਜਾਂਦਾ ਹੈ ਤਾਂ ਈਰਾਨ ਦਾ ਪਹਿਲਾ ਉਪ-ਰਾਸ਼ਟਰਪਤੀ ਅਹੁਦੇ ਦਾ ਭਾਰ ਸੰਭਾਲਦਾ ਹੈ। 50 ਦਿਨਾਂ ਅੰਦਰ ਨਵੇਂ ਰਾਸ਼ਟਰਪਤੀ ਲਈ ਚੋਣ ਕਰਵਾਈ ਜਾਵੇਗੀ।

ਇਹ ਵੀ ਪੜ੍ਹੋ - ਮੋਬਾਈਲ ਯੂਜ਼ਰਸ ਨੂੰ ਲੱਗੇਗਾ ਝਟਕਾ! ਜੂਨ ਦੇ ਮਹੀਨੇ ਮਹਿੰਗਾ ਹੋ ਸਕਦਾ ਹੈ 'ਰੀਚਾਰਜ'

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News