ਬ੍ਰਾਜ਼ੀਲ: ਹਸਪਤਾਲ ''ਚ ਅੱਗ ਲੱਗਣ ਕਾਰਨ 9 ਹਲਾਕ
Friday, Sep 13, 2019 - 05:53 PM (IST)

ਬ੍ਰਾਸੀਲੀਆ— ਬ੍ਰਾਜ਼ੀਲ ਦੇ ਉੱਤਰੀ ਰੀਓ ਡੀ ਜੇਨੇਰੋ ਦੇ ਨਿੱਜੀ ਬਦੀਮ ਹਸਪਤਾਲ 'ਚ ਵੀਰਵਾਰ ਰਾਤ ਅੱਗ ਤੋਂ ਬਾਅਦ ਧੂੰਆਂ ਫੈਲ ਗਿਆ ਤੇ ਸਾਰੇ ਮਰੀਜ਼ਾਂ ਨੂੰ ਹਸਪਤਾਲ ਤੋਂ ਬਾਹਰ ਕੱਢਿਆ ਗਿਆ। ਇਸ ਦੌਰਾਨ ਘੱਟ ਤੋਂ ਘੱਟ 9 ਲੋਕਾਂ ਦੀ ਮੌਤ ਹੋ ਗਈ। ਇਸ ਦੀ ਜਾਣਕਾਰੀ ਸਥਾਨਕ ਮੀਡੀਆ ਵਲੋਂ ਦਿੱਤੀ ਗਈ ਹੈ।
ਬੀਬੀਸੀ ਨੇ ਦੱਸਿਆ ਕਿ ਅੱਗ ਦੀ ਘਟਨਾ ਤੋਂ ਬਾਅਦ ਸਟ੍ਰੈਚਰਾਂ 'ਤੇ ਮਰੀਜ਼ਾਂ ਨੂੰ ਗਲੀਆਂ 'ਚ ਲਿਜਾਇਆ ਗਿਆ। ਇਕ ਔਰਤ ਨੇ ਗਲੋਬੋ ਨਿਊਜ਼ ਨੂੰ ਦੱਸਿਆ ਕਿ ਘਟਨਾ ਤੋਂ ਬਾਅਦ ਸਾਰੇ ਹਸਪਤਾਲ 'ਚ ਧੂੰਆਂ ਫੈਲ ਗਿਆ ਤੇ ਉਸ ਦੇ 77 ਸਾਲਾ ਪਿਤਾ ਬੜੀ ਮੁਸ਼ਕਲ ਨਾਲ ਬਾਹਰ ਨਿਕਲਣ 'ਚ ਸਫਲ ਰਹੇ। ਮੀਡੀਆ ਰਿਪੋਰਟਾਂ 'ਚ ਕਿਹਾ ਗਿਆ ਹੈ ਕਿ ਘਟਨਾ ਤੋਂ ਦੋ ਘੰਟੇ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ।
ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਹਸਪਤਾਲ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਉਹ ਮੰਨਦੇ ਹਨ ਕਿ ਇਹ ਹਾਦਸਾ ਸ਼ਾਰਟ ਸਰਕਟ ਕਾਰਨ ਹੋਇਆ ਸੀ।