9/11 ਹਮਲੇ ਨਾਲ ਕੰਬ ਉੱਠਿਆ ਸੀ ਅਮਰੀਕਾ, ਲੋਕਾਂ 'ਚ ਅੱਜ ਵੀ ਹੈ ਖੌਫ

09/11/2018 6:22:22 PM

ਵਾਸ਼ਿੰਗਟਨ (ਏਜੰਸੀ)— 11 ਸਤੰਬਰ 2001 ਦਾ ਦਿਨ ਮਨੁੱਖੀ ਇਤਿਹਾਸ ਵਿਚ ਭੁੱਲਿਆਂ ਵੀ ਭੁਲਾਇਆ ਨਹੀਂ ਜਾ ਸਕਦਾ। 17 ਸਾਲ ਪਹਿਲਾਂ ਅਮਰੀਕਾ ਦਾ ਸਾਹਮਣਾ ਉਸ ਤ੍ਰਾਸਦੀ ਨਾਲ ਹੋਇਆ ਸੀ, ਜਿਸ ਨੇ ਪੂਰੀ ਦੁਨੀਆ ਵਿਚ ਦਹਿਸ਼ਤ ਪੈਦਾ ਕਰ ਦਿੱਤੀ ਸੀ। ਨਿਊਯਾਰਕ ਸ਼ਹਿਰ ਹੀ ਨਹੀਂ ਪੂਰੀ ਦੁਨੀਆ ਇਸ ਅੱਤਵਾਦੀ ਧਮਾਕੇ ਨਾਲ ਕੰਬ ਗਈ ਸੀ। ਅੱਤਵਾਦੀ ਸੰਗਠਨ ਅਲਕਾਇਦਾ ਨੇ ਅਮਰੀਕਾ ਵਿਚ 4 ਟਿਕਾਣਿਆਂ 'ਤੇ ਹਮਲੇ ਕੀਤੇ, ਜਿਸ ਕਾਰਨ ਹਜ਼ਾਰਾਂ ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਹਮਲਿਆਂ ਨੇ ਅਮਰੀਕਾ ਨੂੰ ਆਰਥਿਕ ਪੱਧਰ 'ਤੇ ਵੀ ਵੱਡਾ ਝਟਕਾ ਦਿੱਤਾ। 

ਅਮਰੀਕਾ ਨੂੰ ਆਰਥਿਕ ਨੁਕਸਾਨ ਪਹੁੰਚਾਉਣ ਲਈ ਅੱਤਵਾਦੀਆਂ ਨੇ ਵਰਲਡ ਟਰੇਡ ਸੈਂਟਰ ਨੂੰ ਨਿਸ਼ਾਨਾ ਬਣਾਇਆ। ਇਸ ਅੱਤਵਾਦੀ ਹਮਲੇ ਵਿਚ ਅਰਬਾਂ ਡਾਲਰ ਦਾ ਨੁਕਸਾਨ ਹੋਇਆ ਅਤੇ ਤਕਰੀਬਨ 3,000 ਲੋਕਾਂ ਨੇ ਜਾਨ ਗਵਾਈ, ਜਿਨ੍ਹਾਂ ਵਿਚ 400 ਪੁਲਸ ਕਰਮਚਾਰੀ ਅਤੇ ਫਾਇਰ ਬ੍ਰਿਗੇਡ ਦਸਤੇ ਦੇ ਸੁਰੱਖਿਆ ਕਰਮਚਾਰੀ ਵੀ ਸ਼ਾਮਲ ਸਨ। ਨਿਊਯਾਰਕ ਦੇ ਵਰਲਡ ਟਰੇਡ ਸੈਂਟਰ ਅਤੇ ਪੈਂਟਾਗਨ 'ਤੇ ਹੋਏ ਅੱਤਵਾਦੀ ਹਮਲੇ ਵਿਚ ਮਾਰੇ ਗਏ ਲੋਕਾਂ 'ਚੋਂ ਤਕਰੀਬਨ 1,000 ਲੋਕਾਂ ਦੀ ਅਜੇ ਤਕ ਪਛਾਣ ਨਹੀਂ ਹੋਈ ਹੈ। ਡੀ. ਐੱਨ. ਏ. ਟੈਸਟ ਲਈ ਸਾਰੇ ਸੰਭਾਵਿਤ ਵਿਗਿਆਨਕ ਉਪਾਅ ਕੀਤੇ ਜਾ ਰਹੇ ਹਨ। ਲੈਬ ਦੇ ਇਕ ਸੀਨੀਅਰ ਵਿਗਿਆਨੀ ਨੇ ਦੱਸਿਆ ਕਿ ਹੱਡੀਆਂ ਦੇ ਬਚੇ ਹੋਏ ਅਵਸ਼ੇਸ਼ਾਂ ਤੋਂ ਡੀ. ਐੱਨ. ਏ. ਤੈਅ ਕਰਨਾ ਸਾਡੇ ਲਈ ਬਹੁਤ ਮੁਸ਼ਕਲ ਕੰਮ ਹੈ। 

ਆਓ ਜਾਣਦੇ ਹਾਂ ਉਸ ਹਮਲੇ ਦੇ ਦਿਨ ਦੀ ਪੂਰੀ ਕਹਾਣੀ—
11 ਸਤੰਬਰ 2001 ਦਾ ਦਿਨ ਹਮੇਸ਼ਾ ਲਈ ਇਤਿਹਾਸ ਦੇ ਪੰਨਿਆਂ ਵਿਚ ਦਰਜ ਹੋ ਗਿਆ। ਦਹਿਸ਼ਤ ਪੈਦਾ ਕਰਨ ਲਈ ਅੱਤਵਾਦੀ ਸੰਗਠਨ ਅਲਕਾਇਦਾ ਨੇ 4 ਅਮਰੀਕੀ ਜਹਾਜ਼ਾਂ ਨੂੰ ਅਗਵਾ ਕਰ ਲਿਆ, ਜਿਨ੍ਹਾਂ 'ਚੋਂ ਦੋ ਜਹਾਜ਼ ਵਰਲਡ ਟਰੇਡ ਸੈਂਟਰ ਦੇ ਟਾਵਰ ਨਾਲ ਟਕਰਾਏ, ਤੀਜਾ ਜਹਾਜ਼ ਵਾਸ਼ਿੰਗਟਨ ਡੀ. ਸੀ. ਦੇ ਬਾਹਰ ਪੈਂਟਾਗਨ ਅਤੇ ਚੌਥਾ ਜਹਾਜ਼ ਪੇਨਸਿਲਵੇਨੀਆ ਦੇ ਖੇਤਾਂ 'ਚ ਡਿੱਗਿਆ। ਹਮਲੇ ਨੇ ਪੂਰੀ ਦੁਨੀਆ ਦੇ ਸਾਹਮਣੇ ਅੱਤਵਾਦ ਨਾਲ ਨਜਿੱਠਣ ਦੀ ਚੁਣੌਤੀ ਰੱਖ ਦਿੱਤੀ। ਇਸ ਹਮਲੇ ਮਗਰੋਂ ਅਮਰੀਕਾ ਨੇ ਆਪਣੀਆਂ ਸਰਹੱਦਾਂ ਨੂੰ ਇੰਨਾ ਕੁ ਮਜ਼ਬੂਤ ਕਰ ਦਿੱਤਾ ਕਿ ਅੱਜ ਤਕ ਕੋਈ ਵੀ ਅੱਤਵਾਦੀ ਸੰਗਠਨ ਅੱਖ ਚੁੱਕ ਕੇ ਦੇਖਣ ਦੀ ਹਿੰਮਤ ਨਹੀਂ ਕਰ ਸਕਿਆ। ਅਮਰੀਕਾ ਨੇ ਇਨ੍ਹਾਂ ਹਮਲਿਆਂ ਦੇ ਤੁਰੰਤ ਬਾਅਦ ਅਲਕਾਇਦਾ ਦੇ ਮੁਖੀ ਓਸਾਮਾ ਬਿਨ ਲਾਦੇਨ ਨੂੰ ਜ਼ਿੰਦਾ ਜਾਂ ਮੁਰਦਾ ਫੜਨ ਲਈ 2.5 ਕਰੋੜ ਡਾਲਰ ਦਾ ਇਨਾਮ ਰੱਖਿਆ ਸੀ। 2 ਮਈ 2011 'ਚ ਪਾਕਿਸਤਾਨ ਵਿਚ ਲੁਕੇ ਇਸ ਅੱਤਵਾਦੀ ਨੂੰ ਅਮਰੀਕੀ ਫੌਜ ਨੇ ਮਾਰ ਮੁਕਾਇਆ।


Related News