ਪੰਜਾਬ ਦੇ ACP ਤੇ SHO ’ਤੇ ਵੀ ਡਿੱਗ ਸਕਦੀ ਹੈ ਗਾਜ, MLA ਰਮਨ ਅਰੋੜਾ ਨਾਲ ਮਿਲ ਕਮਾਏ ਕਰੋੜਾਂ ਰੁਪਏ
Sunday, May 25, 2025 - 03:14 PM (IST)

ਜਲੰਧਰ (ਜ. ਬ.)–ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੀ ਹੀ ਪਾਰਟੀ ਦੇ ਵਿਧਾਇਕ ’ਤੇ ਕਾਰਵਾਈ ਨੂੰ ਲੈ ਕੇ ਮਹਾਨਗਰ ਦੇ ਲੋਕ ਖ਼ੁਸ਼ ਹਨ ਪਰ ਦੂਜੇ ਪਾਸੇ ਈਮਾਨਦਾਰ ਅਤੇ ਕਾਨੂੰਨ ਪਸੰਦ ਪੁਲਸ ਅਧਿਕਾਰੀ ਤੋਂ ਲੈ ਕੇ ਥਾਣਾ ਪੱਧਰ ’ਤੇ ਤਾਇਨਾਤ ਪੁਲਸ ਜਵਾਨ ਨਾਰਾਜ਼ ਹਨ। ਨਾਰਾਜ਼ਗੀ ਦਾ ਕਾਰਨ ਇਹ ਹੈ ਕਿ ਉਨ੍ਹਾਂ ਦਾ ਕਹਿਣਾ ਹੈ ਕਿ ਬੇਸ਼ੱਕ ਵਿਧਾਇਕ ਖ਼ਿਲਾਫ਼ ਮੁੱਖ ਮੰਤਰੀ ਸਾਹਿਬ ਨੇ ਕਾਰਵਾਈ ਕੀਤੀ ਹੈ ਪਰ ਵਿਧਾਇਕ ਦੇ ਇਸ਼ਾਰੇ ’ਤੇ ਗਲਤ ਕੰਮ ਕਰਨ ਵਾਲੇ ਏ. ਸੀ. ਪੀ. ਅਤੇ ਐੱਸ. ਐੱਚ. ਓ. ’ਤੇ ਕਾਰਵਾਈ ਹਾਲੇ ਤਕ ਕਿਉਂ ਨਹੀਂ ਹੋ ਰਹੀ? ਇਕ ਸੀਨੀਅਰ ਈਮਾਨਦਾਰ ਪੁਲਸ ਅਫ਼ਸਰ ਨੇ ਨਾਂ ਨਾ ਛਾਪਣ ਦੀ ਸ਼ਰਤ ’ਤੇ ਇਥੋਂ ਤਕ ਕਹਿ ਦਿੱਤਾ ਕਿ ਭ੍ਰਿਸ਼ਟਾਚਾਰ ਕਰਨ ਵਾਲੇ ਪੁਲਸ ਅਧਿਕਾਰੀ ਅਤੇ ਐੱਸ. ਐੱਚ. ਓ. ਆਪਣੇ ਦਫ਼ਤਰਾਂ ਵਿਚ ਘੱਟ, ਵਿਧਾਇਕ ਦੇ ਦਫ਼ਤਰ ਵਿਚ ਡਿਊਟੀ ਨਿਭਾਉਣ ਸਵੇਰ ਤੋਂ ਲੈ ਕੇ ਸ਼ਾਮ ਤਕ ਆਉਂਦੇ ਸਨ। ਲੋਕਾਂ ਦੀਆਂ ਵਿਵਾਦਿਤ ਪ੍ਰਾਪਰਟੀਆਂ ਨੂੰ ਸਸਤੇ ਰੇਟਾਂ ਵਿਚ ਕਿਵੇਂ ਖ਼ਰੀਦਣਾ ਅਤੇ ਮਹਿੰਗੇ ਭਾਅ ’ਤੇ ਵੇਚਣ ਦਾ ਕੰਮ ਵੀ ਚੱਲਦਾ ਸੀ। ਇੰਨਾ ਹੀ ਨਹੀਂ, ਲਾਟਰੀ ਦੀਆਂ ਦੁਕਾਨਾਂ ਖੁੱਲ੍ਹਵਾਉਣ ਨੂੰ ਲੈ ਕੇ ਵੀ ਮੋਟੀ ਰਕਮ ਪੁਲਸ ਅਧਿਕਾਰੀ ਖ਼ੁਦ ਲੈਂਦਾ ਅਤੇ ਐੱਸ. ਐੱਚ. ਓ. ਆਪਣਾ ਹਿੱਸਾ ਵੱਖਰੇ ਤੌਰ 'ਤੇ ਲੈਂਦਾ।
ਇਹ ਵੀ ਪੜ੍ਹੋ: ਪੰਜਾਬ ਦੇ ਵਪਾਰੀਆਂ ਲਈ ਅਰਵਿੰਦ ਕੇਜਰੀਵਾਲ ਦਾ ਵੱਡਾ ਐਲਾਨ
ਸ਼ਰਾਬ ਦਾ ਸੇਵਨ ਕਰਨ ਵਾਲਾ ਉਕਤ ਐੱਸ. ਐੱਚ. ਓ. ਥਾਣੇ ਕੋਲ ਹੀ ਇਕ ਮਸ਼ਹੂਰ ਢਾਬੇ ਦੇ ਬਾਹਰ ਕਾਰ ਵਿਚ ਵਰਦੀ ਪਹਿਨ ਕੇ ਸ਼ਰਾਬ ਤਕ ਪੀਣ ਦਾ ਆਦੀ ਸੀ। ਉਸ ਦੌਰਾਨ ਵੀ ਉਸ ਨੇ ਪਬਲਿਕ ਦੀਆਂ ਨਜ਼ਰਾਂ ਵਿਚ ਪੁਲਸ ਦੀ ਕਿਰਕਿਰੀ ਕਰਵਾਈ ਸੀ। ਵਿਧਾਇਕ ਦੇ ਦਮ ’ਤੇ ਹੀ ਉਹ ਅਫ਼ਸਰ ਬਚ ਜਾਂਦਾ ਸੀ ਪਰ ਹੁਣ ਵਿਧਾਇਕ ਖ਼ੁਦ ਨੂੰ ਨਹੀਂ ਬਚਾ ਸਕਿਆ ਤਾਂ ਐੱਸ. ਐੱਚ. ਓ. ’ਤੇ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ।
ਮੁਨਸ਼ੀ ਦੀ ਫ਼ੀਸ ਲੈਣ ’ਤੇ ਵੀ ਪਿਆ ਸੀ ਐੱਸ. ਐੱਚ. ਓ. ਦਾ ਪੰਗਾ
ਵਿਵਾਦਿਤ ਐੱਸ. ਐੱਚ. ਓ. ਸੈਂਟਰਲ ਹਲਕੇ ਵਿਚ ਹੀ ਲੱਗਾ ਸੀ। ਥਾਣੇ ਦੇ ਪੁਲਸ ਜਵਾਨਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਕੁਝ ਮਹੀਨੇ ਪਹਿਲਾਂ ਥਾਣੇ ਦੇ ਮੁਨਸ਼ੀ ਨੇ ਕਿਸੇ ਦੀ ਅਸਲਾ ਲਾਇਸੈਂਸ ਦੀ ਫਾਈਲ ਕਲੀਅਰ ਕੀਤੀ ਸੀ। ਇਸ ਦੇ ਬਾਅਦ ਮੁਨਸ਼ੀ ਦੀ ਫ਼ੀਸ ਐੱਸ. ਐੱਚ. ਓ. ਖ਼ੁਦ ਡਕਾਰ ਗਿਆ। ਮੁਨਸ਼ੀ ਨੂੰ ਜਦੋਂ ਪਤਾ ਲੱਗਾ ਤਾਂ ਥਾਣੇ ਵਿਚ ਜੰਮ ਕੇ ਤੂੰ-ਤੂੰ, ਮੈਂ-ਮੈਂ ਵੀ ਹੋਈ। ਮੁਨਸ਼ੀ ਨੇ ਸਾਫ਼ ਸ਼ਬਦਾਂ ਵਿਚ ਕਹਿ ਦਿੱਤਾ ਸੀ ਕਿ ਮੁਨਸ਼ੀ ਦੀ ਫ਼ੀਸ ਵੀ ਤੁਸੀਂ ਲੈਣੀ ਸ਼ੁਰੂ ਕਰੋਗੇ ਤਾਂ ਤੁਸੀਂ ਐੱਸ. ਐੱਚ. ਓ. ਨਾਲ ਮੁਨਸ਼ੀ ਦਾ ਵੀ ਕੰਮ ਕਰ ਲਿਆ ਕਰੋ। ਇਸ ਦੌਰਾਨ ਥਾਣੇ ਵਿਚ ਹੰਗਾਮਾ ਤਕ ਹੋਇਆ ਸੀ।
ਇਹ ਵੀ ਪੜ੍ਹੋ: ਜਲੰਧਰ: ਦੋਸਤਾਂ ਨੂੰ ਮਿਲਣ ਗਏ ਨੌਜਵਾਨ ਦੀ ਲਾਸ਼ ਖ਼ੂਨ ਨਾਲ ਲਥਪਥ ਮਿਲੀ, ਪਰਿਵਾਰ ਨੇ ਲਾਏ ਕਤਲ ਦੇ ਦੋਸ਼
ਜਿਸ ਹਸਪਤਾਲ ਵਿਚ ਜਾਂਦੇ ਸਨ ਸ਼ਾਨ ਨਾਲ ਉਦਘਾਟਨ ਕਰਨ, ਉਥੋਂ ਹੀ ਵਿਧਾਇਕ ਦਾ ਹੋਇਆ ਮੈਡੀਕਲ
ਵਿਧੀ ਦਾ ਵਿਧਾਨ ਕਿਹੋ ਜਿਹਾ ਹੈ ਅਤੇ ਸਮਾਂ ਕਿਵੇਂ ਰਾਜੇ ਨੂੰ ਰੰਕ ਅਤੇ ਰੰਕ ਨੂੰ ਰਾਜਾ ਬਣਾ ਦਿੰਦਾ ਹੈ। ਗੱਲ ਕਰੀਏ ਤਾਂ ਵਿਧਾਇਕ ਨੂੰ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ ਕਰਨ ਤੋਂ ਬਾਅਦ ਉਨ੍ਹਾਂ ਦਾ ਮੈਡੀਕਲ ਸਿਵਲ ਹਸਪਤਾਲ ਵਿਚ ਕਰਵਾਇਆ ਗਿਆ। ਜਦੋਂ ਵਿਧਾਇਕ ਪਾਵਰ ਵਿਚ ਸਨ ਤਾਂ ਸਿਵਲ ਹਸਪਤਾਲ ਵਿਚ ਹੀ ਬੜੀ ਸ਼ਾਨ ਨਾਲ ਉਦਘਾਟਨ ਕਰਨ ਜਾਇਆ ਕਰਦੇ ਸਨ। ਪੂਰੇ ਹਸਪਤਾਲ ਵਿਚ ਇਹੀ ਗੱਲ ਸੁਣਨ ਨੂੰ ਮਿਲ ਰਹੀ ਹੈ ਕਿ ਕਦੇ ਹਸਪਤਾਲ ਵਿਚ ਛਾਪੇਮਾਰੀ ਕਰਨ ਵਾਲਾ ਵਿਧਾਇਕ ਬੀਤੇ ਦਿਨ ਇਥੇ ਹੀ ਮੈਡੀਕਲ ਲਈ ਲਿਆਂਦਾ ਗਿਆ।
ਪੁਲਸ ਨੇ ਕੀਤੇ ਸਨ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਪਰ ਵਿਧਾਇਕ ਦੇ ਹੱਕ ਵਿਚ ਕੋਈ ਨਹੀਂ ਆਇਆ
ਪੁਲਸ ਕਮਿਸ਼ਨਰੇਟ ਦੀ ਦੂਜੀ ਮੰਜ਼ਿਲ ਵਿਚ ਹੀ ਵਿਜੀਲੈਂਸ ਬਿਊਰੋ ਦਾ ਦਫ਼ਤਰ ਹੈ ਅਤੇ ਵਿਧਾਇਕ ਨੂੰ ਗ੍ਰਿਫ਼ਤਾਰ ਕਰ ਕੇ ਪੁੱਛਗਿੱਛ ਲਈ ਵਿਜੀਲੈਂਸ ਪੁਲਸ ਵਾਲੇ ਲੈ ਕੇ ਆਏ। ਪੁਲਸ ਨੂੰ ਡਰ ਸੀ ਕਿ ਵਿਧਾਇਕ ਦੇ ਹੱਕ ਵਿਚ ਪਬਲਿਕ ਜਾਂ ਉਨ੍ਹਾਂ ਦੇ ਸਮਰਥਕ ਧਰਨਾ-ਪ੍ਰਦਰਸ਼ਨ ਨਾ ਕਰਨ। ਇਸ ਲਈ ਸੁਰੱਖਿਆ ਦੇ ਮੱਦੇਨਜ਼ਰ ਪੁਲਸ ਵੱਲੋਂ ਸਖ਼ਤ ਪ੍ਰਬੰਧ ਕੀਤਾ ਗਿਆ ਸੀ ਪਰ ਵਿਧਾਇਕ ਦੇ ਹੱਕ ਵਿਚ ਉਨ੍ਹਾਂ ਦਾ ਕੋਈ ਸਮਰਥਕ ਅਤੇ ਨੇਤਾ ਨਹੀਂ ਆਇਆ, ਜਿਸ ਤੋਂ ਸਾਬਿਤ ਹੁੰਦਾ ਹੈ ਕਿ ਵਿਧਾਇਕ ਨੂੰ ਉਨ੍ਹਾਂ ਦੇ ਸਾਥੀ ਛੱਡ ਗਏ।
ਇਹ ਵੀ ਪੜ੍ਹੋ: ਵੱਡਾ ਖ਼ੁਾਲਾਸਾ: CBI ਦੇ ਫਰਜ਼ੀ ਸਪੈਸ਼ਲ ਅਫ਼ਸਰ ਦੇ ਫੜੇ ਜਾਣ ’ਤੇ ਥਾਣੇ ’ਚੋਂ ਕੱਢ ਕੇ ਲੈ ਗਏ ਸਨ MLA ਰਮਨ ਅਰੋੜਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e