ਅਫਗਾਨਿਸਤਾਨ ’ਚ ਆਰਥਿਕ ਸੰਕਟ ’ਚੋਂ ਗੁਜ਼ਰ ਰਹੇ ਪੱਤਰਕਾਰ, 80 ਫੀਸਦੀ ਨੇ ਬਦਲਿਆ ਪੇਸ਼ਾ
Wednesday, Jan 12, 2022 - 05:26 PM (IST)
ਕਾਬੁਲ– ਅਫਗਾਨਿਸਤਾਨ ’ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਦੇਸ਼ ਦੇ ਹਾਲਾਤ ਲਗਾਤਾਰ ਖਰਾਬ ਹੁੰਦੇ ਜਾ ਰਹੇ ਹਨ। ਕੰਮ-ਧੰਦੇ ਬੰਦ ਹੋਣ ਅਤੇ ਨੌਕਰੀਆਂ ਗੁਆਉਣ ਤੋਂ ਬਾਅਦ ਲੋਕ ਭੁੱਖਮਰੀ ਦੇ ਕਗਾਰ ’ਤੇ ਹਨ। ਦੇਸ਼ ਦੇ ਪੱਤਰਕਾਰ ਵੀ ਇਸ ਸੰਕਟ ਤੋਂ ਅਛੂਤੇ ਨਹੀਂ ਰਹੇ ਹਨ। ਤਾਲਿਬਾਨ ਦੀਆਂ ਸਖਤ ਪਾਬੰਦੀਆਂ ਤੋਂ ਬਾਅਦ ਰੋਜ਼ੀ-ਰੋਟੀ ਲਈ ਕਰੀਬ 80 ਫੀਸਦੀ ਪੱਤਰਕਾਰਾਂ ਨੇ ਆਪਣੇ ਪੇਸ਼ਾ ਬਦਲ ਲਿਆ ਹੈ। ਅਫਗਾਨਿਸਤਾਨ ਦੀ ਅਖਬਾਰ ਫਾਊਂਡੇਸ਼ਨ ਦਿ ਖਾਮਾ ਦੀ ਰਿਪੋਰਟ ’ਚ ਦੱਸਿਆ ਗਿਆ ਹੈ ਕਿ ਦੇਸ਼ ’ਚ ਪੱਤਰਕਾਰ ਕਾਫੀ ਖਰਾਬ ਹਾਲਾਤ ’ਚੋਂ ਗੁਜ਼ਰ ਰਹੇ ਹਨ। 79 ਫੀਸਦੀ ਦੀਆਂ ਨੌਕਰੀਆਂ ਚਲੀਆਂ ਗਈਆਂ ਹਨ ਅਤੇ ਉਨ੍ਹਾਂ ਨੂੰ ਪੈਸੇ ਕਮਾਉਣ ਅਤੇ ਜੀਊਂਦੇ ਰਹਿਣ ਲਈ ਹੋਰ ਵਪਾਰਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ।
ਖਾਮ ਪ੍ਰੈੱਸ ਨੇ ਦੱਸਿਆ ਕਿ ਫਾਊਂਡੇਸ਼ਨ ਨੇ ਅਫਗਾਨ ਪੱਤਰਕਾਰਾਂ ਦੀ ਆਰਥਿਕ ਸਥਿਤੀ ਵਲ ਧਿਆਨ ਖਿੱਚਦੇ ਹੋਏ ਕੌਮਾਂਤਰੀ ਭਾਈਚਾਰੇ ਅਤੇ ਅਫਗਾਨਿਸਤਾਨ ਦੇ ਇਸਲਾਮੀ ਅਮੀਰਾਤ ਨੂੰ ਅਪੀਲ ਕੀਤੀ ਹੈ। ਰਿਪੋਰਟਰ ਵਿਦਾਊ ਬਾਰਡਰਸ (RSF) ਅਤੇ ਅਫਗਾਨ ਇੰਡੀਪੈਂਡੇਂਟ ਜਰਨਲਿਸਟ ਐਸੋਸੀਏਸ਼ਨ (AIJA) ਦੁਆਰਾ ਕੀਤੇ ਗਏ ਇਕ ਅਧਿਐਨ ਤੋਂ ਪਤਾ ਚਲਿਆ ਹੈ ਕਿ ਅਗਸਤ ਤੋਂ ਬਾਅਦ ਅਫਗਾਨਿਸਤਾਨ ’ਚ 40 ਫੀਸਦੀ ਮੀਡੀਆ ਆਊਟਲੇਟਸ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ ਅਤੇ 80 ਫੀਸਦੀ ਮਹਿਲਾ ਪੱਤਰਕਾਰ ਅਤੇ ਮੀਡੀਆ ਕਾਮੇਂ ਬੇਰੋਜ਼ਗਾਰ ਹੋ ਗਏ ਹਨ।
ਅੰਕੜੇ ਦੱਸਦੇ ਹਨ ਕਿ ਅਫਗਾਨਿਸਤਾਨ ’ਚ 75 ਫੀਸਦੀ ਤਕ ਮੀਡੀਆ ਵਿੱਤੀ ਸੰਕਟ ਕਾਰਨ ਬੰਦ ਹੋ ਗਿਆ ਹੈ। ਪੂਰਬੀ ਅਫਗਾਨਿਸਤਾਨ ’ਚ ਅਫਗਾਨ ਪੱਤਰਕਾਰ ਸੁਰੱਖਿਆ ਕਮੇਟੀ ਦੇ ਮੁਖੀ ਯੂਸੁਫ ਜ਼ਰੀਫੀ ਨੇ ਟੋਲੋ ਨਿਊਜ਼ ਨੂੰ ਦੱਸਿਆ ਕਿ ਸਾਬਕਾ ਸਰਕਾਰ ਦੇ ਪਤਨ ਤੋਂ ਬਾਅਦ ਨੰਗਰਹਾਰ, ਲਘਮਨ, ਨੂਰਿਸਤਾਨ ਦੇ ਪੂਰਬੀ ਪ੍ਰਾਂਤਾਂ ’ਚ 6 ਰੇਡੀਓ ਸਟੇਸ਼ਨਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਇਨ੍ਹਾਂ ’ਚੋਂ 5 ਆਰਥਿਕ ਚੁਣੌਤੀਆਂ ਦਾ ਸਾਹਮਣੇ ਕਰ ਰਹੇ ਸਨ ਜਿਸ ਕਾਰਨ ਉਨ੍ਹਾਂ ਦਾ ਸੰਚਾਲਣ ਰੋਕਣਾ ਪਿਆ। ਇਕ ਹੋਰ ਨੂੰ ਕਾਮਿਆਂ ਦੀ ਘਾਟ ਕਾਰਨ ਬੰਦ ਕਰਨਾ ਪਿਆ ਸੀ। ਤਾਲਿਬਾਨ ਦੁਆਰਾ ਅਫਗਾਨਿਸਤਾਨ ਦੀ ਸੱਤਾ ਸੰਭਾਲਣ ਤੋਂ ਬਾਅਦ ਫਾਊਂਡੇਸ਼ਨ ਨੇ ਪਿਛਲੇ ਡੇਢ ਮਹੀਨਿਆਂ ’ਚ ਅਫਗਾਨ ਪੱਤਰਕਾਰਾਂ ਦੇ ਜੀਵਨ ਦਾ ਮੁਲਾਂਕਣ ਕੀਤਾ ਅਤੇ ਪਾਇਆ ਕਿ ਉਹ ਨਾਜ਼ੁਕ ਆਰਥਿਕ ਸਥਿਤੀ ਕਾਰਨ ਸਭ ਤੋਂ ਖਰਾਬ ਜ਼ਿੰਦਗੀ ਬਤੀਤ ਕਰ ਰਹੇ ਹਨ।