ਤਾਲਿਬਾਨ ਲਈ ਕਾਲ ਬਣੀ ਅਫ਼ਗਾਨ ਫ਼ੌਜ, ਬੰਬਾਰੀ ਕਰਕੇ ਇਕ ਦਿਨ ''ਚ 77 ਅੱਤਵਾਦੀਆਂ ਨੂੰ ਮਾਰਿਆ

Wednesday, Aug 04, 2021 - 12:48 PM (IST)

ਤਾਲਿਬਾਨ ਲਈ ਕਾਲ ਬਣੀ ਅਫ਼ਗਾਨ ਫ਼ੌਜ, ਬੰਬਾਰੀ ਕਰਕੇ ਇਕ ਦਿਨ ''ਚ 77 ਅੱਤਵਾਦੀਆਂ ਨੂੰ ਮਾਰਿਆ

ਕਾਬੁਲ- ਅਫਗਾਨਿਸਤਾਨ ਅਤੇ ਤਾਲਿਬਾਨ ਵਿਚਾਲੇ ਚੱਲ ਰਹੇ ਖੂਨੀ ਸੰਘਰਸ਼ ਦਰਮਿਆਨ ਅਫਗਾਨ ਫ਼ੌਜ ਕਾਲ ਬਣ ਕੇ ਅੱਤਵਾਦੀਆਂ 'ਤੇ ਟੁੱਟ ਪਈ ਹੈ। ਪਿਛਲੇ 24 ਘੰਟਿਆਂ ਦੌਰਾਨ ਹੇਲਮੰਦ ਵਿਚ ਅਫਗਾਨ ਸੁਰੱਖਿਆ ਫ਼ੋਰਸਾਂ ਵੱਲੋਂ ਕੀਤੇ ਗਏ ਹਵਾਈ ਹਮਲਿਆਂ ਅਤੇ ਜ਼ਮੀਨੀ ਕਾਰਵਾਈਆਂ ਵਿਚ ਤਾਲਿਬਾਨ ਮਿਲਟਰੀ ਕਮਿਸ਼ਨ ਦੇ ਤਿੰਨ ਮੁਖੀਆਂ ਸਮੇਤ 75 ਤਾਲਿਬਾਨੀ ਅੱਤਵਾਦੀ ਮਾਰੇ ਗਏ ਹਨ। ਇਸ ਦੇ ਨਾਲ ਹੀ ਅਫਗਾਨ ਸੁਰੱਖਿਆ ਫ਼ੋਰਸਾਂ ਦੇ ਹਮਲੇ ਵਿਚ ਘੱਟੋ-ਘੱਟ 22 ਅੱਤਵਾਦੀ ਜ਼ਖ਼ਮੀ ਹੋ ਗਏ। ਅਫਗਾਨਿਸਤਾਨ ਦੇ ਉਪ ਰੱਖਿਆ ਮੰਤਰੀ ਦੇ ਬੁਲਾਰੇ ਫਵਾਦ ਅਮਾਨ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।

ਉਨ੍ਹਾਂ ਕਿਹਾ, "ਪਿਛਲੇ 24 ਘੰਟਿਆਂ ਦੌਰਾਨ ਹੇਲਮੰਦ ਸੂਬੇ ਦੀ ਰਾਜਧਾਨੀ ਲਸ਼ਕਰਗਾਹ ਦੇ ਬਾਹਰੀ ਇਲਾਕਿਆਂ ਵਿਚ ਹਵਾਈ ਹਮਲੇ ਅਤੇ ਏ.ਐੱਨ.ਏ. ਦੇ ਗਰਾਊਂਡ ਆਪਰੇਸ਼ਨ ਵਿਚ ਤਾਲਿਬਾਨ ਦੇ ਮਿਲਟਰੀ ਕਮਿਸ਼ਨ ਦੇ ਤਿੰਨ ਮੁਖੀਆਂ ਸਮੇਤ 77 ਤਾਲਿਬਾਨ ਅੱਤਵਾਦੀ ਮਾਰੇ ਗਏ ਅਤੇ 22 ਹੋਰ ਜ਼ਖ਼ਮੀ ਹੋ ਗਏ।" ਉਨ੍ਹਾਂ ਕਿਹਾ ਕਿ ਹੇਲਮੰਦ ਵਿਚ ਅੱਤਵਾਦੀਆਂ ਦੇ ਖਿਲਾਫ਼ ਅਫਗਾਨ ਫ਼ੌਜ ਦਾ ਆਪਰੇਸ਼ਨ ਜਾਰੀ ਹੈ। ਇਸ ਤੋਂ ਪਹਿਲਾਂ, ਅਫਗਾਨਿਸਤਾਨ ਦੇ ਰੱਖਿਆ ਮੰਤਰਾਲੇ ਨੇ ਘੋਸ਼ਣਾ ਕੀਤੀ ਸੀ ਕਿ ਅਮਰੀਕਾ ਨੇ ਹੇਲਮੰਦ ਦੇ ਲਸ਼ਕਰਗਾਹ ਸ਼ਹਿਰ ਉੱਤੇ ਹਵਾਈ ਹਮਲੇ ਕੀਤੇ, ਜਿਸ ਵਿਚ ਘੱਟ ਤੋਂ ਘੱਟ 40 ਤਾਲਿਬਾਨੀ ਅੱਤਵਾਦੀ ਮਾਰੇ ਗਏ।

ਤਾਲਿਬਾਨ ਅਤੇ ਅਫਗਾਨਿਸਤਾਨ ਵਿਚਾਲੇ ਖੂਨੀ ਸੰਘਰਸ਼ ਯੁੱਧਗ੍ਰਸਤ ਦੇਸ਼ ਅਫਗਾਨਿਸਤਾਨ ਤੋਂ ਅਮਰੀਕੀ ਫ਼ੌਜਾਂ ਦੀ ਵਾਪਸੀ ਦੇ ਸ਼ੁਰੂ ਹੋਇਆ ਹੈ। ਅਫਗਾਨਿਸਤਾਨ ਦੇ ਕਈ ਸ਼ਹਿਰਾਂ ਵਿਚ ਅਫਗਾਨ ਫ਼ੌਜਾਂ ਅਤੇ ਤਾਲਿਬਾਨ ਦੇ ਵਿਚਕਾਰ ਝੜਪਾਂ ਹੋ ਰਹੀਆਂ ਹਨ। ਅਫਗਾਨਿਸਤਾਨ 'ਤੇ ਤਾਲਿਬਾਨ ਦਾ ਕਬਜ਼ਾ ਜਾਰੀ ਹੈ। ਪਿਛਲੇ ਕੁਝ ਹਫ਼ਤਿਆਂ ਵਿਚ, ਤਾਲਿਬਾਨ ਨੇ ਅਫਗਾਨਿਸਤਾਨ ਦੇ ਕਈ ਜ਼ਿਲ੍ਹਿਆਂ ਉੱਤੇ ਕਬਜ਼ਾ ਕਰ ਲਿਆ ਹੈ, ਜਿਸ ਵਿਚ ਦੇਸ਼ ਦੇ ਉੱਤਰ-ਪੂਰਬੀ ਸੂਬਾ ਤਖਰ ਵੀ ਸ਼ਾਮਲ ਹੈ। ਕੁੱਲ ਮਿਲਾ ਕੇ ਅਫਗਾਨਿਸਤਾਨ ਦੇ 223 ਜ਼ਿਲ੍ਹਿਆਂ ਨੂੰ ਤਾਲਿਬਾਨ ਨੇ ਆਪਣੇ ਕਬਜ਼ੇ ਵਿਚ ਕਰ ਲਿਆ ਹੈ ਅਤੇ ਹੁਣ ਉਹ ਇਨ੍ਹਾਂ ਜ਼ਿਲ੍ਹਿਆਂ ਨੂੰ ਕੰਟਰੋਲ ਕਰਦਾ ਹੈ।
 


author

cherry

Content Editor

Related News