ਕਿਸ਼ਤੀ ਰਾਹੀਂ ਯੂ. ਕੇ. ਦਾਖ਼ਲ ਹੁੰਦੇ 72 ਵਿਅਕਤੀ ਹੋਏ ਗ੍ਰਿਫ਼ਤਾਰ

Thursday, Nov 19, 2020 - 08:46 PM (IST)

ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)- ਸੈਂਕੜੇ ਲੋਕ ਗੈਰਕਾਨੂੰਨੀ ਢੰਗ ਨਾਲ ਬ੍ਰਿਟੇਨ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦੇ ਹਨ। ਇਸ ਦੇ ਤਾਜਾ ਮਾਮਲੇ ਵਿਚ ਪੂਰਬੀ ਐਂਜਾਲੀਆ ਦੇ ਤੱਟ ਤੋਂ ਇਕ 30 ਮੀਟਰ ਲੰਮੀ ਮੱਛੀ ਫੜਨ ਵਾਲੀ ਕਿਸ਼ਤੀ 'ਤੇ ਸਵਾਰ 72 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। 

ਇਸ ਕਿਸ਼ਤੀ ਨੂੰ ਮੰਗਲਵਾਰ ਸ਼ਾਮ ਗ੍ਰੇਟ ਯਾਰਮੂਥ ਦੇ ਨੇੜੇ ਰੋਕਿਆ ਗਿਆ ਸੀ ਅਤੇ ਬੰਦਰਗਾਹ 'ਤੇ ਪਹੁੰਚਣ 'ਤੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਸੀ, ਜਿਨ੍ਹਾਂ ਵਿਚ ਇਕ ਲਾਤਵੀਅਨ ਅਤੇ ਦੋ ਯੂਕਰੇਨ ਨਾਗਰਿਕ ਕਿਸ਼ਤੀ ਦੇ ਚਾਲਕ ਅਤੇ ਬਾਕੀ 69 ਸ਼ੱਕੀ ਨਾਜਾਇਜ਼ ਪ੍ਰਵਾਸੀ ਅਲਬਾਨੀਅਨ ਨਾਗਰਿਕ ਸਨ। 

ਕਿਸ਼ਤੀ ਚਾਲਕ ਦਲ ਦੇ ਮੈਂਬਰਾਂ ਨੂੰ ਗੈਰ-ਕਾਨੂੰਨੀ ਇਮੀਗ੍ਰੇਸ਼ਨ ਦੀ ਸਹੂਲਤ ਦੇ ਸ਼ੱਕ 'ਤੇ ਹਿਰਾਸਤ ਵਿਚ ਲਿਆ ਗਿਆ, ਜਦੋਂਕਿ ਸ਼ੱਕੀ ਪ੍ਰਵਾਸੀਆਂ ਨੂੰ ਇਮੀਗ੍ਰੇਸ਼ਨ ਐਕਟ ਦੇ ਤਹਿਤ ਅਪਰਾਧ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਨੈਸ਼ਨਲ ਕ੍ਰਾਈਮ ਏਜੰਸੀ ਨੇ ਕਿਹਾ ਕਿ ਇਹ ਕਿਸ਼ਤੀ ਬੈਲਜੀਅਮ ਦੇ ਓਸੈਂਟ ਖੇਤਰ ਤੋਂ ਚੱਲੀ ਸੀ। ਕਿਸ਼ਤੀ ਉੱਪਰ ਇਹ ਛਾਪਾ ਐੱਨ. ਸੀ. ਏ. , ਇਮੀਗ੍ਰੇਸ਼ਨ ਇਨਫੋਰਸਮੈਂਟ , ਬਾਰਡਰ ਫੋਰਸ ਅਤੇ ਵਿਜੀਲੈਂਟ ਸਮੇਤ ਐਸਸੇਕਸ ਪੁਲਸ ਦੇ ਸਹਿਯੋਗ ਨਾਲ ਮਾਰਿਆ ਗਿਆ ਸੀ। ਐੱਨ. ਸੀ. ਏ. ਨੇ ਦੱਸਿਆ ਕਿ ਚਾਲਕ ਸਮੂਹ ਦੇ ਤਿੰਨ ਮੈਂਬਰਾਂ ਦੀ ਐੱਨ. ਸੀ. ਏ.  ਜਾਂਚਕਰਤਾਵਾਂ ਦੁਆਰਾ ਪੁੱਛ-ਗਿੱਛ ਕੀਤੀ ਜਾਵੇਗੀ, ਜਦੋਂ ਕਿ ਬਾਕੀ 69 ਲੋਕਾਂ ਨਾਲ ਇਮੀਗ੍ਰੇਸ਼ਨ ਅਧਿਕਾਰੀਆਂ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ।
 


Sanjeev

Content Editor

Related News