ਸ਼੍ਰੀਲੰਕਾ ਸੀਰੀਅਲ ਬਲਾਸਟਸ ਮਾਮਲੇ 'ਚ 7 ਸ਼ੱਕੀ ਗ੍ਰਿਫਤਾਰ
Sunday, Apr 21, 2019 - 11:23 PM (IST)

ਕੋਲੰਬੋ (ਏਜੰਸੀ)- ਸ਼੍ਰੀਲੰਕਾ ਦੀ ਰਾਜਧਾਨੀ ਕੋਲੰਬੋ ਦੇ ਕਈ ਹਿੱਸਿਆਂ ਵਿਚ ਐਤਵਾਰ ਨੂੰ ਲੜੀਵਾਰ ਬੰਬ ਧਮਾਕੇ ਹੋਏ। ਇਨ੍ਹਾਂ ਹਮਲਿਆਂ ਵਿਚ ਘੱਟੋ-ਘੱਟ 215 ਲੋਕਾਂ ਦੀ ਮੌਤ ਅਤੇ 500 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਹਨ। ਇਸ ਮਾਮਲੇ ਵਿਚ ਪੁਲਸ ਨੇ ਹੁਣ ਤੱਕ 7 ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਹੈ। ਫਿਲਹਾਲ ਜਾਂਚ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਧਮਾਕਾ 8 ਵੱਖ-ਵੱਖ ਥਾਵਾਂ 'ਤੇ ਹੋਏ। ਮੀਡੀਆ ਰਿਪੋਰਟ ਮੁਤਾਬਕ ਸਵੇਰ ਵੇਲੇ 6 ਥਾਵਾਂ 'ਤੇ ਇਹ ਧਮਾਕੇ ਹੋਏ ਸਨ। ਇਸ ਵਿਚ ਤਿੰਨ ਚਰਚ ਅਤੇ ਤਿੰਨ ਹੋਟਲ ਸਨ।
ਦੁਪਿਹਰ ਹੁੰਦੇ-ਹੁੰਦੇ ਧਮਾਕਿਆਂ ਦੀ ਗਿਣਤੀ 8 ਤੱਕ ਪਹੁੰਚ ਗਈ। ਇਸ ਨੂੰ ਲੈ ਕੇ ਸ਼੍ਰੀਲੰਕਾਈ ਪ੍ਰਸ਼ਾਸਨ ਨੇ ਰਾਜਧਾਨੀ ਵਿਚ ਕਰਫਿਊ ਲਗਾ ਦਿੱਤਾ ਹੈ। ਚਰਚ ਵਿਚ ਇਸ ਦੌਰਾਨ ਈਸਟਰ ਦੀ ਪ੍ਰਾਰਥਨਾ ਚੱਲ ਰਹੀ ਸੀ। ਇਸ ਮਾਮਲੇ ਵਿਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਟਵੀਟ ਕਰਕੇ ਹਮਦਰਦੀ ਜਤਾਈ ਅਤੇ ਕਿਹਾਕਿ ਉਹ ਲਗਾਤਾਰ ਮਾਮਲੇ 'ਤੇ ਨਜ਼ਰ ਰੱਖ ਰਹੇ ਹਨ। ਸ਼੍ਰੀਲੰਕਾ ਸਰਕਾਰ ਨੇ ਅਧਿਕਾਰਤ ਬਿਆਨ ਵਿਚ ਦੱਸਿਆ ਕਿ ਹੁਣ ਤੱਕ 190 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਸ ਵਿਚ 9 ਲੋਕ ਵਿਦੇਸ਼ੀ ਨਾਗਰਿਕ ਹਨ। ਹਾਲਾਂਕਿ ਮੀਡੀਆ ਰਿਪੋਰਟ ਵਿਚ ਵਿਦੇਸ਼ੀ ਨਾਗਰਿਕਾਂ ਦੇ ਮਰਨ ਦੀ ਗਿਣਤੀ 35 ਦੱਸੀ ਗਈ ਹੈ।